ਪਿੰਡ ਧਾਂਦਰਾ ’ਚ ‘ਰੋਡ ਟੂ ਕ੍ਰਾਂਤੀ’ ਲਾਈਵ ਪ੍ਰੋ-ਰੈਸਲਿੰਗ ਸ਼ੋਅ ਕਰਵਾਇਆ ਪਿੰਡ ਧਾਂਦਰਾ ਵਿਖੇ ‘ਰੋਡ ਟੂ ਕ੍ਰਾਂਤੀ’ ਲਾਈਵ ਪ੍ਰੋ ਰੈਸਲਿੰਗ ਸ਼ੋਅ ਕਰਵਾਇਆ
Publish Date: Sun, 30 Aug 2026 07:16 PM (IST)
Updated Date: Mon, 31 Aug 2026 04:05 AM (IST)
-ਰਾਜਾ ਵੜਿੰਗ ਤੇ ਵੈਦ ਸਮੇਤ ਵੱਡੀ ਗਿਣਤੀ ’ਚ ਲੋਕਾਂ ਨੇ ਕੀਤੀ ਸ਼ਿਰਕਤ ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ ਡੇਹਲੋਂ/ਆਲਮਗੀਰ ਪੀਡਬਲਯੂਆਰ. ਵੱਲੋਂ ‘ਰੋਡ ਟੂ ਕ੍ਰਾਂਤੀ’ ਲਾਈਵ ਪ੍ਰੋ ਰੈਸਲਿੰਗ ਸ਼ੋਅ ਬੀਤੀ ਰਾਤ ਪਿੰਡ ਧਾਂਦਰਾ ਦੇ ਖੇਡ ਗਰਾਊਂਡ ’ਚ ਕਰਵਾਇਆ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹਲਕਾ ਗਿੱਲ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸ਼ੋਅ ਦੌਰਾਨ ਰੈਸਲਰਾਂ ਵੱਲੋਂ ਪੇਸ਼ ਕੀਤੇ ਰੋਮਾਂਚਕ ਮੁਕਾਬਲਿਆਂ ਨੇ ਦਰਸ਼ਕਾਂ ਨੂੰ ਖੂਬ ਉਤਸ਼ਾਹਿਤ ਕੀਤਾ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਅਜਿਹੇ ਖੇਡ ਸਮਾਗਮ ਅੱਜ ਦੇ ਸਮੇਂ ਦੀ ਮੁੱਖ ਲੋੜ ਹਨ। ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਹੋਣ ਅਤੇ ਖੇਡ ਮੈਦਾਨਾਂ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਮੌਕੇ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਵਿੱਚ ਖੇਡਾਂ ਪ੍ਰਤੀ ਵੱਡਾ ਉਤਸ਼ਾਹ ਹੈ। ਨੌਜਵਾਨਾਂ ਨੂੰ ਵਧੀਆ ਖੇਡ ਸਹੂਲਤਾਂ ਅਤੇ ਆਪਣੀ ਪ੍ਰਤਿਭਾ ਦਿਖਾਉਣ ਲਈ ਢੁੱਕਵੇਂ ਮੰਚ ਮੁਹੱਈਆ ਕਰਵਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸਹਾਈ ਸਾਬਤ ਹੁੰਦੇ ਹਨ। ਰੈਸਲਿੰਗ ਸ਼ੋਅ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਨੌਜਵਾਨ ਪਹੁੰਚੇ। ਇਸ ਤੋਂ ਇਲਾਵਾ ਇਲਾਕੇ ਦੀਆਂ ਔਰਤਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਦਿਆਂ ਰੈਸਲਿੰਗ ਦੇ ਰੋਮਾਂਚਕ ਮੁਕਾਬਲਿਆਂ ਦਾ ਆਨੰਦ ਮਾਣਿਆ। ਖੇਡ ਗਰਾਊਂਡ ਵਿੱਚ ਦਰਸ਼ਕਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਪਿੰਡ ਧਾਂਦਰਾ ਦੇ ਸਾਬਕਾ ਸਰਪੰਚ ਗੁਰਜੀਤ ਸਿੰਘ ਧਾਂਦਰਾ ਨੇ ਸਮਾਗਮ ’ਚ ਸਮੂਹ ਖੇਡ ਪ੍ਰੇਮੀਆਂ, ਰੈਸਲਰਾਂ ਤੇ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਅਜਿਹੇ ਖੇਡ ਸਮਾਗਮ ਕਰਵਾਉਣ ਦਾ ਉਦੇਸ਼ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਤੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਲਈ ਮੰਚ ਪ੍ਰਦਾਨ ਕਰਨਾ ਹੈ। ਇਸ ਸਮਾਗਮ ਦੇ ਮੁੱਖ ਪ੍ਰਬੰਧ ਸਾਬਕਾ ਸਰਪੰਚ ਗੁਰਜੀਤ ਸਿੰਘ ਧਾਂਦਰਾ ਅਤੇ ਪਿੰਡ ਧਾਂਦਰਾ ਦੀ ਸਮੂਹ ਗ੍ਰਾਮ ਪੰਚਾਇਤ ਵੱਲੋਂ ਕੀਤੇ। ਇਸ ਮੌਕੇ ਦਵਿੰਦਰ ਸਿੰਘ ਗਿੱਲ, ਇੰਦਰਜੀਤ ਸਿੰਘ ਗਿੱਲ, ਹਿਰਦੇ ਪਾਲ ਢੀਂਡਸਾ, ਯੂਥ ਕਾਂਗਰਸ ਦੇ ਪ੍ਰਧਾਨ ਹਰਜੋਤ ਗਰੇਵਾਲ, ਮਨਮੋਹਨ ਸਿੰਘ, ਸਾਬਕਾ ਪੰਚ ਗੁਰਮੀਤ ਸਿੰਘ, ਸਾਬਕਾ ਪੰਚ ਮਨਜੀਤ ਸਿੰਘ ਹੰਬੜਾ, ਰਣਜੀਤ ਸਿੰਘ ਚੁਪਕੀ, ਕੁਲਦੀਪ ਸਿੰਘ ਬੋਂਕਰ ਡੋਂਗਰਾ, ਜਗਸੀਰ ਸਿੰਘ ਸਿੱਧੂ, ਅਰਨ ਭਾਰਤੀ ਤੋਂ ਇਲਾਵਾ ਵੱਡੀ ਗਿਣਤੀ ’ਚ ਇਲਾਕੇ ਦੀਆਂ ਮੋਹਤਵਰ ਸ਼ਖ਼ਸੀਅਤਾਂ ਹਾਜ਼ਰ ਸਨ।