- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਈਸ ਚਾਂਸਲਰ ਦੇ ਕਾਰਜਕਾਲ ਵਿੱਚ ਕੀਤਾ ਜਾਵੇ ਵਾਧਾ-ਪੀਏਯੂ ਕਿਸਾਨ ਕਲੱਬ

-ਕਲੱਬ ਦੇ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਸਰਕਾਰ ਨੂੰ ਅਪੀਲ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਵੀਰਵਾਰ ਨੂੰ ਪੀਏਯੂ ਦੇ ਡਾਇਰੈਕੋਰੇਟ ਪਸਾਰ ਸਿੱਖਿਆ ਦੀ ਅਗਵਾਈ ਵਿੱਚ ਹਰ ਮਹੀਨੇ ਕਰਵਾਈ ਜਾਂਦੀ ਕਿਸਾਨ ਕਲੱਬ ਦੀ ਮੀਟਿੰਗ ਹੋਈ ਜਿਸ ਵਿੱਚ 125 ਕਿਸਾਨ ਮੈਂਬਰਾਂ ਨੇ ਵੱਖ-ਵੱਖ ਮਾਹਿਰਾਂ ਦੇ ਵਿਚਾਰ ਸੁਣੇ ਅਤੇ ਆਪਣੀ ਕਾਸ਼ਤਕਾਰੀ ਬਾਰੇ ਮਸ਼ਵਰੇ ਕੀਤੇ। ਇਸ ਮੀਟਿੰਗ ਦੀ ਪ੍ਰਧਾਨਗੀ ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ ਜਦਕਿ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੀਟਿੰਗ ਦੌਰਾਨ ਪੀਏਯੂ. ਕਿਸਾਨ ਕਲੱਬ ਦੇ ਮੈਂਬਰਾਂ ਨੇ ਸਰਬ-ਸੰਮਤੀ ਨਾਲ ਕਿਹਾ ਕਿ ਮੌਜੂਦਾ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਸਾਨ ਅਤੇ ਕਿਸਾਨੀ ਦੀ ਬਿਹਤਰੀ ਲਈ ਆਪਣੇ ਕਾਰਜਕਾਲ ਦੌਰਾਨ ਲਾਜਵਾਬ ਕਾਰਜ ਕੀਤਾ ਹੈ। ਉਨ੍ਹਾਂ ਦੀ ਅਗਵਾਈ ’ਚ ’ਵਰਸਿਟੀ ਲਗਾਤਾਰ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਬਣੀ। ਕਲੱਬ ਦੇ ਮੈਂਬਰਾਂ ਨੇ ਉਹਨਾਂ ਦੇ ਇੱਕ ਹੋਰ ਕਾਰਜਕਾਲ ਵਾਧੇ ਲਈ ਸਰਕਾਰ ਨੂੰ ਅਪੀਲ ਕੀਤੀ। ਡਾ. ਗੋਸਲ ਨੇ ਆਪਣੇ ਭਾਸ਼ਣ ਵਿੱਚ ਕਲੱਬ ਨਾਲ ਜੁੜੇ ਕਿਸਾਨਾਂ ਨੂੰ ਪੀਏਯੂ. ਦੇ ਪਸਾਰ ਦੂਤ ਕਿਹਾ। ਉਨਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਖੋਜੀਆਂ ਗਈਆਂ ਤਕਨਾਲੋਜੀਆਂ ਦੂਰ-ਦਰਾਜ ਦੇ ਕਿਸਾਨਾਂ ਤੱਕ ਪਹੁੰਚਾਉਣ ਅਤੇ ਆਪਣੇ ਖੇਤਾਂ ਵਿੱਚ ਉਨਾਂ ਦੀ ਪਰਖ ਕਰਨ ਲਈ ਕਲੱਬ ਦੇ ਮੈਂਬਰ ਸ਼ਲਾਘਾ ਦੇ ਹੱਕਦਾਰ ਹਨ। ਪੰਜਾਬ ਤੋਂ ਗਏ ਕਿਸਾਨਾਂ ਨੇ ਵਿਦੇਸ਼ ’ਚ ਬਦਾਮਾਂ ਤੇ ਸੋਗੀ ਦੇ ਕਿੰਗ ਹੋਣ ਦਾ ਰੁਤਬਾ ਹਾਸਲ ਕੀਤਾ ਹੈ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਆਉਂਦੇ ਦਿਨੀਂ ਲੱਗਣ ਵਾਲੇ ਹਾੜੀ ਦੇ ਕਿਸਾਨ ਮੇਲਿਆ ਵਿੱਚ ਵੱਧ ਚੜ ਕੇ ਹਿੱਸਾ ਲੈਣ। ਕੈਂਪ ਦੇ ਪ੍ਰੋਗਰਾਮ ਨਿਰਦੇਸ਼ਕ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਸਾਨਾਂ ਨੂੰ ਕਿਸਾਨ ਕਲੱਬ ਦੀਆਂ ਗਤੀਵਿਧੀਆਂ ਆਪਣੇ ਆਸ ਪਾਸ ਦੇ ਕਾਸ਼ਤਕਾਰਾਂ ਤੱਕ ਪਹੁੰਚਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਪੀਏਯੂ. ਨੇ ਆਪਣੇ ਆਰੰਭ ਤੋਂ ਹੀ ਕਿਸਾਨਾਂ ਨਾਲ ਨੇੜਲੇ ਸਬੰਧ ਸਥਾਪਿਤ ਕੀਤੇ ਹਨ। ਖੇਤੀ ਮਾਹਿਰਾਂ ਵਜੋਂ ਇਸ ਵਾਰ ਸਬਜ਼ੀ ਵਿਗਿਆਨੀ ਡਾ. ਨਵਜੋਤ ਬਰਾੜ ਨੇ ਆਲੂਆਂ ਦੀ ਸਫਲ ਕਾਸ਼ਤ ਬਾਰੇ, ਖੇਤਰੀ ਖੋਜ ਕੇਂਦਰ ਕਪੂਰਥਲਾ ਦੇ ਡਾ. ਰਜਿੰਦਰ ਕੁਮਾਰ ਨੇ ਕਮਾਦ ਦੀ ਸਫਲ ਕਾਸ਼ਤਕਾਰੀ ਬਾਰੇ, ਫਲ ਵਿਗਿਆਨੀ ਡਾ. ਜਸਵਿੰਦਰ ਬਰਾੜ ਨੇ ਬਰਸਾਤ ਰੁੱਤ ਵਿਚ ਫਲਾਂ ਦੇ ਬੂਟੇ ਲਾਉਣ ਬਾਰੇ ਅਤੇ ਮਾਈਕ੍ਰੋਬਾਇਆਲੋਜੀ ਮਾਹਿਰ ਡਾ. ਐਨਾ ਗੋਇਲ ਨੇ ਔਸ਼ਧੀ ਖੁੰਬਾਂ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਫਸਲੀ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਬਾਰੇ ਬਨੀਤਾ ਸ਼ਾਹ ਨੇ ਆਪਣੇ ਵਿਚਾਰ ਸਾਂਝੇ ਕੀਤੇ। ਕਲੱਬ ਦੀਆਂ ਗਤੀਵਿਧੀਆਂ ਬਾਰੇ ਡਾ. ਲਵਲੀਸ਼ ਗਰਗ ਨੇ ਚਾਨਣਾ ਪਾਇਆ। ਸਵਾਗਤ ਦੇ ਸ਼ਬਦ ਕੈਂਪ ਦੇ ਸੰਚਾਲਕ ਵਰਿੰਦਰ ਸਿੰਘ ਨੇ ਕਹੇ। ਅੰਤ ’ਚ ਧੰਨਵਾਦ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਗਰੇਵਾਲ ਨੇ ਕੀਤਾ।