- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਕਲ ਲਈ-ਹਰ ਬੂਥ, ਕਾਂਗਰਸ ਮਜ਼ਬੂਤ' ਮੀਟਿੰਗ-

-ਹਰ ਬੂਥ, ਕਾਂਗਰਸ ਮਜ਼ਬੂਤ' ਤਹਿਤ ਕੀਤੀਆਂ ਵਿਚਾਰਾਂ
-ਮੈਂ ਆਪਣੇ ਲੀਡਰ ਰਾਹੁਲ ਗਾਂਧੀ ਦੇ ਕਹਿਣ ’ਤੇ ਲੁਧਿਆਣਾ ਤੋਂ ਲੜੀ ਐੱਮਪੀ ਦੀ ਚੋਣ
ਫ਼ੋਟੋ ਨੰਬਰ-46,47,48
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀਰਵਾਰ ਨੂੰ ਲੁਧਿਆਣਾ ਵਿੱਚ ਪਾਰਟੀ ਦੇ ਸਮਾਗਮ ‘ਹਰ ਬੂਥ ਕਾਂਗਰਸ ਮਜ਼ਬੂਤ’ ਦੌਰਾਨ ਆਪਣੀ ਹੀ ਪਾਰਟੀ ਦੇ ਕੁੱਝ ਆਗੂਆਂ 'ਤੇ ਤਿੱਖੇ ਸਿਆਸੀ ਹਮਲੇ ਕਰਦਿਆਂ ਕਿਹਾ ਕਿ ਕੁੱਝ ਆਗੂ ਪਾਰਟੀ ਨੂੰ ਆਪਣੀ ਨਿੱਜੀ ਜਗੀਰ ਸਮਝਦੇ ਹਨ ਅਤੇ ਕਾਂਗਰਸ ਪਾਰਟੀ ਨੂੰ ਆਪਣੇ ਮੁਤਾਬਕ ਚਲਾਉਣਾ ਚਾਹੁੰਦੇ ਹਨ। ਪਰ ਕਾਂਗਰਸ ਪਾਰਟੀ ਕਿਸੇ ਵੀ ਜਗੀਰ ਨਹੀਂ ਹੈ,ਸਗੋਂ ਇਹ ਵਰਕਰਾਂ ਦੀ ਹੈ ਅਤੇ ਇਸ ਨੂੰ ਵਰਕਰ ਹੀ ਚਲਾਉਣਗੇ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਨਿੱਜੀ ਜਗੀਰ ਸਮਝਣ ਵਾਲਿਆਂ ਨੂੰ ਦੁੱਧ ਵਿੱਚੋਂ ਮੱਖੀ ਵਾਂਗ ਬਾਹਰ ਕੱਢ ਕੇ ਸੁੱਟਾਂਗੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਕੋ-ਇੱਕ ਕਸੂਰ ਇਹ ਹੈ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਕਹਿਣ 'ਤੇ ਉਨ੍ਹਾਂ ਨੇ ਲੁਧਿਆਣਾ ਤੋਂ ਲੋਕ ਸਭਾ ਚੋਣ ਲੜੀ ਅਤੇ ਸ਼ਹਿਰ ਦੇ ਲੋਕਾਂ ਨੇ ਉਨ੍ਹਾਂ ਨੂੰ ਜਿਤਾ ਕੇ ਸੰਸਦ ਵਿੱਚ ਭੇਜਿਆ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਹੀ ਪਾਰਟੀ ਹਾਈਕਮਾਨ ਅਤੇ ਰਾਹੁਲ ਗਾਂਧੀ ਦੇ ਹੁਕਮਾਂ ਨੂੰ ਸਰਵਉੱਚ ਮੰਨਦੇ ਆਏ ਹਨ ਅਤੇ ਭਵਿੱਖ ਵਿੱਚ ਵੀ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਕੰਮ ਕਰਦੇ ਰਹਿਣਗੇ।ਰਾਜਾ ਵੜਿੰਗ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਕਹਿਣ 'ਤੇ ਹੀ ਉਨ੍ਹਾਂ ਨੇ ਵੱਖ-ਵੱਖ ਸਮਿਆਂ 'ਤੇ ਹਰਸਿਮਰਤ ਕੌਰ ਬਾਦਲ, ਮਨਪ੍ਰੀਤ ਸਿੰਘ ਬਾਦਲ, ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਚੋਣਾਂ ਲੜੀਆਂ ਹਨ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਆਪਣੇ ਆਗੂ ਦੇ ਹੁਕਮਾਂ 'ਤੇ ਫੁੱਲ ਚੜ੍ਹਾਉਂਦੇ ਆਏ ਹਨ ਅਤੇ ਅੱਗੇ ਵੀ ਪਾਰਟੀ ਅਨੁਸ਼ਾਸਨ ਅਨੁਸਾਰ ਹੀ ਕੰਮ ਕਰਨਗੇ।
ਵੜਿੰਗ ਨੇ ਕਿਹਾ ਕਿ ਜਿਹੜੇ ਲੋਕ ਕਾਂਗਰਸ ਦੀਆਂ ਮੀਟਿੰਗਾਂ ਵਿੱਚ ਆ ਕੇ ਹੰਗਾਮਾ ਕਰਦੇ ਹਨ ਅਤੇ ਪਾਰਟੀ ਦੇ ਪ੍ਰੋਗਰਾਮਾਂ ਵਿੱਚ ਖਲਲ ਪਾਉਂਦੇ ਹਨ, ਉਹ ਅਸਲ ਕਾਂਗਰਸੀ ਨਹੀਂ ਹੋ ਸਕਦੇ। ਉਨ੍ਹਾਂ ਦੋਸ਼ ਲਾਇਆ ਕਿ ਅਜਿਹੇ ਲੋਕ ਆਰਐਸਐਸ ਦੇ ਏਜੰਟ ਵਜੋਂ ਕੰਮ ਕਰ ਰਹੇ ਹਨ ਅਤੇ ਚੋਣਾਂ ਦੌਰਾਨ ਵੀ ਕਾਂਗਰਸ ਨੂੰ ਹਰਾਉਣ ਲਈ ਸਾਜ਼ਿਸ਼ਾਂ ਰਚਦੇ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਦਾ ਜਵਾਬ ਸਮਾਂ ਆਉਣ 'ਤੇ ਜ਼ਰੂਰ ਦਿੱਤਾ ਜਾਵੇਗਾ।
ਰਾਜਾ ਵੜਿੰਗ ਨੇ ਆਪਣੇ ਵਿਰੋਧੀਆਂ ਨੂੰ ਚੇਤਾਵਨੀ ਭਰੇ ਅੰਦਾਜ਼ ਵਿੱਚ ਕਿਹਾ ਕਿ ਉਹ ਨਾ ਕਿਸੇ ਨੂੰ ਡਰਾਉਂਦੇ ਹਨ ਅਤੇ ਨਾ ਹੀ ਕਿਸੇ ਤੋਂ ਡਰਨ ਵਾਲੇ ਹਨ। ਉਨ੍ਹਾਂ ਕਿਹਾ ਕਿ ਜੋ ਆਗੂ ਅੱਖਾਂ ਦਿਖਾ ਕੇ ਦੂਜਿਆਂ ਨੂੰ ਡਰਾਉਂਦੇ ਹਨ, ਉਹ ਹੋਰ ਹੋ ਸਕਦੇ ਹਨ, ਪਰ ਜੇਕਰ ਕੋਈ ਉਨ੍ਹਾਂ ਵੱਲ ਅੱਖਾਂ ਕੱਢ ਕੇ ਵੇਖੇਗਾ ਤਾਂ ਉਹ ਵੀ ਉਸ ਦਾ ਡਟ ਕੇ ਮੁਕਾਬਲਾ ਕਰਨ ਦੀ ਹਿੰਮਤ ਰੱਖਦੇ ਹਨ।
ਵੜਿੰਗ ਨੇ ਕਿਹਾ ਕਿ ਜਿੰਨ੍ਹਾਂ ਨੂੰ ਉਹ ਵਿਜੀਲੈਂਸ ਦੀ ਹਿਰਾਸਤ ਵਿੱਚ ਹੋਣ ਸਮੇਂ ਆਪਣੇ ਹੱਥੀ ਰੋਟੀ ਖੁਆਉਂਦੇ ਰਹੇ ਅਤੇ ਉਨ੍ਹਾਂ ਲਈ ਧਰਨਾ ਲਗਾਉਂਦੇ ਰਹੇ। ਉਹ ਹੀ ਵਿਰੋਧੀ ਬਣ ਗਏ ਹਨ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਨਾਲ ਤੁਰੇ ਫਿਰਦੇ ਹਨ,ਉਹ ਤਾਂ ਵਿਦੇਸ਼ ਚਲੇ ਗਏ ਸਨ।
-ਬਾਕਸ-
-ਬੈਂਸ ਨਾਲ ਰਲ ਕੇ ਕਾਂਗਰਸ ਨੂੰ ਠਿੱਬੀ ਲਾਈ
ਰਾਜਾ ਵੜਿੰਗ ਨੇ ਕਿਹਾ ਕਿ ਜਦੋਂ ਸਿਮਰਜੀਤ ਸਿੰਘ ਬੈਂਸ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਨ, ਤਾਂ ਆਸ਼ੂ ਨੇ ਬੈਂਸ ਨਾਲ ਮਿਲ ਕੇ ਕਾਂਗਰਸ ਪਾਰਟੀ ਨੂੰ ਠਿੱਬੀ ਲਗਾਉਣ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ। ਹੁਣ ਇਹ ਆਰਐਸਐਸ ਤੇ ਹੋਰਾਂ ਨਾਲ ਸੈਟਿੰਗਾਂ ਕਰਕੇ ਕਾਂਗਰਸ ਨੂੰ ਕਮਜ਼ੋਰ ਕਰ ਰਹੇ ਹਨ।
-ਬਾਕਸ
-ਤਲਵਾੜ ਕਹਿੰਦਾ ਆਰਐੱਸਐੱਸ ਖ਼ਿਲਾਫ਼ ਨਾ ਬੋਲੋ
ਰਾਜਾ ਵੜਿੰਗ ਨੇ ਆਪਣੇ ਸੰਬੋਧਨ ਵਿੱਚ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਨੇ ਆਖਿਆ ਸੀ ਕਿ ਉਹ ਆਰਐਸਐਸ ਦੇ ਖਿਲਾਫ਼ ਨਾ ਬੋਲਣ, ਪਰ ਜੇਕਰ ਮੇਰਾ ਲੀਡਰ ਰਾਹੁਲ ਗਾਂਧੀ ਆਰਐਸਐਸ ਦੇ ਖਿਲਾਫ਼ ਹੈ, ਤਾਂ ਮੈਂ ਵੀ ਖਿਲਾਫ਼ ਹਾਂ ਮੈਂ ਇਹਨਾਂ ਦੇ ਖਿਲਾਫ਼ ਖੁੱਲ੍ਹ ਦੇ ਬੋਲੂ। ਮੈਨੂੰ ਕਿਸੇ ਵੀ ਕੋਈ ਪਰਵਾਹ ਨਹੀਂ ਹੈ।
-ਬਾਕਸ-
-ਵੜਿੰਗ ਨੇ ਵਰਕਰਾਂ ਨੂੰ ਆਪਣੇ ਨਾਅਰੇ ਲਗਾਉਣ ਤੋਂ ਰੋਕਿਆ
ਮੀਟਿੰਗ ਦੌਰਾਨ ਰਾਜਾ ਵੜਿੰਗ ਨੇ ਕਈ ਵਾਰ ਵਰਕਰਾਂ ਨੂੰ ਉਨ੍ਹਾਂ ਦੇ ਨਾਮ ਦੇ ਨਾਅਰੇ ਲਗਾਉਣ ਤੋਂ ਰੋਕਿਆ। ਉਨ੍ਹਾਂ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਜਾਂ ਕਾਂਗਰਸ ਪਾਰਟੀ ਦਾ ਹੀ ਨਾਅਰਾ ਲਗਾਉਣ। ਪਰ ਜਦੋਂ ਚੰਨੀ ਤੇ ਆ਼ਸ਼ੂ ਧੜ੍ਹੇ ਨੇ ਨਾਅਰੇਬਾਜ਼ੀ ਕੀਤੀ, ਤਾਂ ਰਾਜਾ ਵੜਿੰਗ ਨੇ ਆਪਣੇ ਮਾਈਕ ਫੜ੍ਹਕੇ ਉਨ੍ਹਾਂ ਖਿਲਾਫ਼ ਕਈ ਇਲਜ਼ਾਮ ਲਾਉਣ ਵਾਲੀ ਨਾਅਰੇਬਾਜ਼ੀ ਕੀਤੀ।
-ਬਾਕਸ-
-ਚੀਮਾ ਸਮੇਤ ਆਸ਼ੂ ਸਮਰਥੱਕ ਹੋਏ ਨਜ਼ਰਅੰਦਾਜ਼
ਕਾਂਗਰਸ ਪਾਰਟੀ ਦੀ ਮੀਟਿੰਗ ਵਿੱਚ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਕਾਂਗਾਰਸ ਪਾਰਟੀ ਵੱਲੋਂ ਚੋਣ ਲੜਨ ਵਾਲੇ ਆਸ਼ੂ ਪੱਖੀ ਈਸ਼ਵਰਜੋਤ ਸਿੰਘ ਚੀਮਾ ਨੂੰ ਮੰਚ ਤੋਂ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਆਗੂਆਂ ਨੇ ਬਹੁਤੀ ਤਵੱਜੋ ਦਿੱਤੀ। ਇਸੇ ਤਰ੍ਹਾਂ ਆਸ਼ੂੁ ਪੱਖੀ ਕੌਂਸਲਰਾਂ ਤੇ ਹੋਰਨਾਂ ਨੂੰ ਵੀ ਨਜ਼ਰ ਅੰਦਾਜ਼ ਕੀਤਾ ਗਿਆ। ਨਾਅਰੇਬਾਜ਼ੀ ਕਰਨ ਤੋਂ ਬਾਅਦ ਲੀਡਰਸ਼ਿਪ ਦੇ ਬੋਲਣ ਤੋਂ ਪਹਿਲਾਂ ਹੀ ਆਸ਼ੂ ਸਮਰਥੱਕ ਸਮਾਗਮ ਵਾਲੀ ਥਾਂ ਤੋਂ ਚਲੇ ਗਏ।
-ਬਾਕਸ-
-ਪਾਂਡੇ ਤੇ ਡਾਬਰ ਵੀ ਥਾਂ ’ਤੇ ਆਸ਼ੂ ਮੰਤਰੀ ਬਣੇ
ਰਾਜਾ ਵੜਿੰਗ ਨੇ ਕਿਹਾ ਕਿ ਜਦੋਂ ਕਾਂਗਰਸ ਸਰਕਾਰ ਵਿੱਚ ਮੰਤਰੀ ਬਣਾਉਣ ਦੀ ਗੱਲ ਆਈ ਸੀ, ਤਾਂ ਸੀਨੀਅਰਤਾ ਦੇ ਆਧਾਰ 'ਤੇ 6 ਵਾਰ ਵਿਧਾਇਕ ਬਣੇ ਰਕੇਸ਼ ਪਾਂਡੇ ਜਾਂ 4 ਵਾਰ ਵਿਧਾਇਕ ਬਣੇ ਸੁਰਿੰਦਰ ਡਾਵਰ ਨੂੰ ਮੰਤਰੀ ਬਣਾਇਆ ਜਾਣਾ ਚਾਹੀਦਾ ਸੀ, ਪਰ ਪਾਰਟੀ ਨੇ ਭਾਰਤ ਭੂਸ਼ਣ ਆਸ਼ੂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਪੰਜ ਸਾਲਾਂ ਦੌਰਾਨ ਪਾਰਟੀ ਨੂੰ ਇਕਜੁੱਟ ਕਰਨ ਦੀ ਬਜਾਏ ਧੜੇਬੰਦੀ ਨੂੰ ਵਧਾਵਾ ਦਿੱਤਾ ਗਿਆ, ਜਿਸ ਕਾਰਨ ਨਾ ਸਿਰਫ਼ ਉਹ ਖੁਦ ਚੋਣ ਹਾਰੇ, ਸਗੋਂ ਲੁਧਿਆਣਾ ਸ਼ਹਿਰ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ 'ਤੇ ਵੀ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦਾ ਟੀਚਾ ਕਾਂਗਰਸ ਨੂੰ ਬੂਥ ਪੱਧਰ ਤੋਂ ਮੁੜ ਮਜ਼ਬੂਤ ਕਰਨਾ ਹੈ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
-ਬੈਂਸ ਦਾ ਦਾਅਵਾ : ਮੈਨੂੰ ਕਿਹਾ ਸੀ, ਰਾਜਾ ਵੜਿੰਗ ਦੀ ਮੰਜੀ ਠੋਕੋ
ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਸੰਬੋਧਨ ਦੌਰਾਨ ਦਾਅਵਾ ਕੀਤਾ ਕਿ ਜਦੋਂ ਰਾਜਾ ਵੜਿੰਗ ਲੋਕ ਸਭਾ ਚੋਣ ਲੜ ਰਹੇ ਸਨ ਤਾਂ ਉਨ੍ਹਾਂ ਨੂੰ ਕਈ ਵੱਡੇ ਕਾਂਗਰਸੀ ਆਗੂਆਂ ਦੇ ਫੋਨ ਆਏ ਅਤੇ ਕਿਹਾ ਗਿਆ ਕਿ ਰਾਜਾ ਵੜਿੰਗ ਨੂੰ ਜਿਤਾਉਣਾ ਨਹੀਂ, ਸਗੋਂ ਉਨ੍ਹਾਂ ਦੀ ਮੰਜੀ ਠੋਕਣੀ ਹੈ। ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਅਜਿਹੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਦਿਆਂ ਦਿਨ-ਰਾਤ ਮਿਹਨਤ ਕੀਤੀ ਅਤੇ ਰਾਜਾ ਵੜਿੰਗ ਦੇ ਹੱਕ ਵਿੱਚ ਲੋਕਾਂ ਤੋਂ ਵੋਟਾਂ ਮੰਗੀਆਂ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਹੰਕਾਰੀ ਰਾਜਨੀਤੀ ਦਾ ਦੌਰ ਖਤਮ ਹੋ ਚੁੱਕਾ ਹੈ ਅਤੇ ਹੁਣ ਰਾਜਾ ਵੜਿੰਗ ਦੀ ਅਗਵਾਈ ਵਿੱਚ ਕਾਂਗਰਸ ਵਿੱਚ ਨਵਾਂ ਦੌਰ ਸ਼ੁਰੂ ਹੋ ਗਿਆ ਹੈ। ਬੈਂਸ ਨੇ ਕਿਹਾ ਕਿ ਜੇਕਰ ਫਾਲਤੂ ਦੀ ਬਿਆਨਬਾਜ਼ੀ ਬੰਦ ਨਾ ਹੋਈ, ਤਾਂ ਉਹ ਵੱਡੇ ਆਗੂਆਂ ਦੀ ਕਾਲ ਰਿਕਾਰਡਿੰਗ ਜਨਤਕ ਕਰ ਦੇਣਗੇ।
-ਬਾਕਸ-
-ਹੰਗਾਮਾ ਕਰਨ ਵਾਲੇ ਸਿਰਫ਼ ਸਮਾਂ ਖਰਾਬ ਕਰਨ ਆਏ : ਬਲਵਿੰਦਰ ਬੈਂਸ
ਸਾਬਕਾ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਮੀਟਿੰਗ ਵਿੱਚ ਹੰਗਾਮਾ ਕਰਨ ਵਾਲਿਆਂ ਦਾ ਮਕਸਦ ਸਿਰਫ਼ ਪ੍ਰੋਗਰਾਮ ਵਿੱਚ ਵਿਘਨ ਪਾਉਣਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਜਿਸ ਦਾ ਸਾਥ ਦਿੰਦਾ ਹੈ, ਪੂਰੀ ਇਮਾਨਦਾਰੀ ਨਾਲ ਉਸ ਦੇ ਨਾਲ ਖੜ੍ਹਦਾ ਹੈ। ਉਨ੍ਹਾਂ ਕਿਹਾ ਕਿ ਉਹ ਰਾਜਾ ਵੜਿੰਗ ਦੇ ਨਾਲ ਚਟਾਨ ਵਾਂਗ ਖੜ੍ਹੇ ਹਨ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਸਰਕਾਰ ਬਣਾਏਗੀ।
-ਰਕੇਸ਼ ਪਾਂਡੇ ਦਾ ਸੁਨੇਹਾ : ਲੀਡਰ ਨਹੀਂ ਪਾਰਟੀ ਸਭ ਤੋਂ ਵੱਡੀ
ਸਾਬਕਾ ਮੰਤਰੀ ਰਕੇਸ਼ ਪਾਂਡੇ ਨੇ ਕਿਹਾ ਕਿ ਹਰ ਆਗੂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਪਾਰਟੀ ਕਿਸੇ ਵੀ ਵਿਅਕਤੀ ਨਾਲੋਂ ਵੱਡੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਲੀਡਰ ਪਾਰਟੀ ਬਣਾਉਂਦਾ ਨਹੀਂ, ਸਗੋਂ ਪਾਰਟੀ ਲੀਡਰ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੇ ਆਪਣੇ ਕਾਰਜਕਾਲ ਦੌਰਾਨ ਸੰਗਠਨ ਨੂੰ ਮਜ਼ਬੂਤ ਕਰਨ ਲਈ ਜੋ ਕੰਮ ਕੀਤਾ ਹੈ, ਉਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਆਪਸੀ ਮਤਭੇਦ ਭੁਲਾ ਕੇ ਇਕਜੁੱਟ ਹੋਣ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਲਈ ਕੰਮ ਕਰਨ।
ਬਾਕਸ
-ਸਾਨੂੰ ਰਾਜਾ ਵੜਿੰਗ ਤੋਂ ਸਰਟੀਫ਼ਿਕੇਟ ਲੈਣ ਦੀ ਜ਼ਰੂਰਤ ਨਹੀਂ : ਇੰਦੀ
ਕੌਂਸਲਰ ਪਤੀ ਤੇ ਆਸ਼ੂ ਦੇ ਪੀਏ ਇੰਦਰਜੀਤ ਸਿੰਘ ਇੰਦੀ ਨੇ ਰਾਜਾ ਵੜਿੰਗ ਵੱਲੋਂ ਆਸ਼ੂ ਤੇ ਚੰਨੀ ਦੇ ਨਾਅਰੇ ਲਗਾਉਣ ਵਾਲਿਆਂ ਨੂੰ ਆਰਐਸਐਸ ਦੇ ਏਜੰਟ ਕਹਿਣ ’ਤੇ ਕਿਹਾ ਕਿ ਉਨ੍ਹਾਂ ਨੂੰ ਵੜਿੰਗ ਤੋਂ ਕਾਂਗਰਸੀ ਹੋਣ ਦਾ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਲੀਡਰ ਭੁਪੇਸ਼ ਬਘੇਲ ਨੂੰ ਮਿਲਣ ਕਾਂਗਰਸ ਪਾਰਟੀ ਦੇ ਸਮਾਗਮ ਵਿੱਚ ਆਏ ਸੀ। ਉਹਨਾਂ ਕਿਹਾ ਕਿ ਉਨ੍ਹਾਂ ਨੇ ਰਾਜਾ ਵੜਿੰਗ ਲਈ ਬਹੁਤ ਮਿਹਨਤ ਕੀਤੀ ਸੀ। ਉਹ ਨਹੀਂ ਮੰਨਦਾ ਤਾਂ ਨਾ ਮੰਲੇ।
-ਬਾਕਸ-
-ਡਾਵਰ, ਦੀਵਾਨ, ਬਾਵਾ, ਜੋਸ਼ੀ, ਕੈੜਾ, ਠੁਕਰਾਲ, ਗੁਲਾਬ ਨੇ ਕਾਂਗਰਸ ਮਜ਼ਬੂਤ ਕਰਨ ਦਾ ਕੀਤਾ ਪ੍ਰਣ
ਮੀਟਿੰਗ ਦੌਰਾਨ ਸਾਬਕਾ ਵਿਧਾਇਕ ਸੁਰਿੰਦਰ ਡਾਵਰ, ਸਾਕਬਾ ਚੇਅਰਮੈਨ ਪਵਨ ਦੀਵਾਨ, ਸਾਬਕਾ ਚੇਅਰਮੈਨ ਕੇਕੇ ਬਾਵਾ, ਸੀਨੀਅਰ ਕਾਂਗਰਸੀ ਆਗੂ ਰਮੇਸ਼ ਜੋਸ਼ੀ, ਕਾਂਗਰਸ ਸੇਵਾ ਦਲ ਦੇ ਆਗੂ ਨਿਰਮਲ ਕੈੜਾ,ਯੂਥ ਦੇ ਜ਼ਿਲ੍ਹਾ ਪ੍ਰਧਾਨ ਮਨਰਾਜ ਸਿੰਘ ਠੁਕਰਾਲ, ਮੁਸਲਿਮ ਆਗੂ ਮੁਹੰਮਦ ਗੁਲਾਬ, ਮਹਿਲਾ ਕਾਂਗਰਸ ਦੀ ਪ੍ਰਧਾਨ ਸੁਰਿੰਦਰ ਕੌਰ ਨੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਇੱਕਜੁੱਟ ਹੋ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰਨ ਦਾ ਪ੍ਰਣ ਲਿਆ। ਊਨ੍ਹਾਂ ਨੇ ਹਰ ਬੂਥ ਕਾਂਗਰਸ ਮਜ਼ਬੂਤ ਕਰਨ ਦਾ ਵੀ ਭਰੌਸਾ ਦਿੱਤਾ।
-ਬਘੇਲ, ਵੜਿੰਗ ਤੇ ਡਾਲਵੀ ਬੈਂਸ ਦੇ ਫ਼ਾਰਮ ਹਾਊੁਸ ਪੁੱਜੇ
ਲੁਧਿਆਣਾ ਵਿੱਚ ਕਾਂਗਰਸ ਦੇ ‘ਹਰ ਬੂਥ, ਕਾਂਗਰਸ ਮਜ਼ਬੂਤ’ ਪ੍ਰੋਗਰਾਮ ਤੋਂ ਬਾਅਦ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਫਾਰਮ ਹਾਊਸ ਪੁੱਜੀ। ਇਸ ਦੌਰਾਨ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ, ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਵਿੰਦਰ ਡਾਲਵੀ, ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਤੇ ਹੋਰ ਸੀਨੀਅਰ ਆਗੂਆਂ ਨੇ ਬੈਂਸ ਨਾਲ ਮੁਲਾਕਾਤ ਕਰਕੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਰਣਨੀਤੀ 'ਤੇ ਵਿਚਾਰ-ਵਟਾਂਦਰਾ ਕੀਤਾ। ਕਾਂਗਰਸ ਲੀਡਰਸ਼ਿਪ ਨੇ ਬੈਂਸ ਨੂੰ ਲੁਧਿਆਣਾ ਵਿੱਚ ਹੋਰ ਸਰਗਰਮ ਹੋ ਕੇ ਲੋਕਾਂ ਦੀ ਸੇਵਾ ਕਰਨ ਤੇ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤ ਬਣਾਉਣ ਲਈ ਕੰਮ ਕਰਨ ਦਾ ਸੱਦਾ ਦਿੱਤਾ। ਬੈਂਸ ਨੇ ਭਰੋਸਾ ਪ੍ਰਗਟਾਇਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪੰਜਾਬ ’ਚ ਸਰਕਾਰ ਬਣਾਏਗੀ ਤੇ ਇਸ ਟੀਚੇ ਨੂੰ ਹਾਸਲ ਕਰਨ ਲਈ ਹਰ ਹਰ ਉਪਰਾਲਾ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ, ਹਰਵਿੰਦਰ ਸਿੰਘ ਕਲੇਰ, ਪਾਰਿਕ ਸ਼ਰਮਾ, ਪ੍ਰਦੀਪ ਸਿੰਘ ਬੈਂਸ, ਚਰਨਜੀਤ ਕਿੱਟੂ ਤੇ ਹੋਰ ਆਗੂ ਵੀ ਹਾਜ਼ਰ ਸਨ।