- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤੀਸਰਾ ਵਿਸ਼ਵ ਯੁੱਧ ਹੋਇਆ ਤਾਂ ਮੌਤ ਦੇ ਮੂੰਹ ਵਿੱਚ ਚਲੇ ਜਾਣਗੇ ਅਰਬਾਂ ਲੋਕ -ਡਾ. ਅਰੁਣ ਮਿੱਤਰਾ

-ਪੰਜਾਬੀ ਸਾਹਿਤ ਅਕਾਦਮੀ ਦੇ ਉਪਰਾਲੇ ਸਦਕਾ ਹੋਈ ਆਲਮੀ ਅਮਨ ਕਾਨਫ਼ਰੰਸ
ਫੋਟੋ ਨੰਬਰ-4
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਤੇ ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ ਵੱਲੋਂ ਕਰਵਾਈ ਗਈ ਵਿਸ਼ਵ ਅਮਨ ਸ਼ਾਂਤੀ ਕਾਨਫ਼ਰੰਸ ਦੇ ਮੁੱਖ ਮਹਿਮਾਨ ਡਾ. ਅਰਵਿੰਦ ਸਾਬਕਾ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਗਿਆਨੀ ਸਿਰਫ਼ ਗਿਆਨ ਦਿੰਦੇ ਹਨ ਪਰ ਇਸ ਦੀ ਦੁਰਵਰਤੋਂ ਹਕੂਮਤਾਂ ਕਰਦੀਆਂ ਆਈਆਂ ਹਨ। ਨਿਊਕਲੀਅਰ ਬੰਬ ਦਾ ਨੁਕਸਾਨ ਸਦੀਆਂ ਤੱਕ ਰਹਿੰਦਾ ਹੈ। ਇਸ ਲਈ ਇਸ ਦੇ ਨੁਕਸਾਨ ਬਾਰੇ ਜਾਗਰੂਕ ਕਰਨ ਲਈ ਸਾਹਿਤਕਾਰਾਂ ਤੇ ਸੰਸਥਾਵਾਂ ਨੂੰ ਸਾਹਿਤ ਲਿਖਣਾ, ਨਾਟਕ ਦਿਖਾਉਣੇ, ਸੈਮੀਨਾਰ ਅਤੇ ਕਾਨਫ਼ਰੰਸਾਂ ਆਦਿ ਲਗਾਤਾਰ ਕਰਵਾਉਦੇ ਰਹਿਣਾ ਚਾਹੀਦਾ ਹੈ। ਕਾਨਫ਼ਰੰਸ ਦੇ ਮੁੱਖ ਬੁਲਾਰੇ ਸਤਨਾਮ ਚਾਨਾ ਨੇ ਕਿਹਾ ਕਿ ਕੁੱਝ ਦੇਸ਼ ਆਪਣੇ ਹਥਿਆਰ ਵੇਚਣ ਲਈ ਅਤੇ ਮੁਨਾਫ਼ਾ ਕਮਾਉਣ ਲਈ ਜਾਣ ਬੁਝ ਕੇ ਜੰਗਾਂ ਸ਼ੁਰੂ ਕਰਵਾਉਦੇ ਹਨ। ਉਨ੍ਹਾਂ ਜ਼ਿਕਰ ਕਰਦਿਆਂ ਕਿਹਾ ਕਿ ਦੋ ਵਿਸ਼ਵ ਯੁੱਧਾਂ ਤੋਂ ਬਾਅਦ ਅਮਰੀਕਾ ਨੇ ਜਪਾਨ, ਕੋਰੀਆ ਤੇ ਵੀਅਤਨਾਮ ’ਤੇ ਹਮਲੇ ਕੀਤੇ। ਹੁਣ ਤੱਕ ਵੱਖ ਵੱਖ ਦੇਸ਼ਾਂ ਵਿਚ 65 ਤੋਂ ਵੱਧ ਜੰਗਾਂ ਹੋ ਚੁੱਕੀਆਂ ਹਨ ਜਿਸ ਦਾ ਸੰਸਾਰ ’ਤੇ ਬਹੁਤ ਭਿਆਨਕ ਅਸਰ ਹੋਇਆ ਹੈ।
ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਸਭ ਦਾ ਸਵਾਗਤ ਕਰਦਿਆਂ ਕਿਹਾ ਕਿ ਅਜੋਕੇ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਆਲਮੀ ਅਮਨ ਕਾਨਫ਼ਰੰਸ ਹਰ ਸਾਲ ਹੀ ਹੋਣੀ ਚਾਹੀਦੀ ਹੈ। ਜਿਹੜਾ ਵੀ ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਦਾ ਹੈ ਉਸ ਨੂੰ ਦੇਸ਼ ਵਿਰੋਧੀ ਤੇ ਅੱਤਵਾਦੀ ਗਰਦਾਨਿਆ ਜਾ ਰਿਹਾ ਹੈ। ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ ਦੇ ਪ੍ਰਧਾਨ ਡਾ. ਅਰੁਣ ਮਿੱਤਰਾ ਨੇ ਕਿਹਾ ਕਿ ਦੁਨੀਆਂ ਗੰਭੀਰ ਸਥਿਤੀ ਵਿੱਚੋਂ ਗੁਜ਼ਰ ਰਹੀ ਹੈ। ਗਾਜਾ ’ਚ ਫ਼ਲਸਤੀਨੀਆਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਯੂਐੱਨਓ ਇੰਨੀ ਕਮਜ਼ੋਰ ਹੋ ਚੁੱਕੀ ਹੈ ਕਿ ਉਸ ਦੀ ਕੋਈ ਵੀ ਗੱਲ ਨਹੀਂ ਮੰਨ ਰਿਹਾ। ਉਨ੍ਹਾਂ ਕਿਹਾ ਜੇਕਰ ਤੀਸਰਾ ਵਿਸ਼ਵ ਯੁਧ ਸ਼ੁਰੂ ਹੋ ਗਿਆ ਤਾਂ ਅਰਬਾਂ ਲੋਕ ਮੌਤ ਦੇ ਮੂੰਹ ਵਿੱਚ ਚਲੇ ਜਾਣਗੇ। ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਅਜੇ ਤੱਕ ਵੀ ਮਨੁੱਖ ਦੀ ਹਿੰਸਕ ਪ੍ਰਵਿਰਤੀ ਖਤਮ ਨਹੀਂ ਹੋਈ।
ਦੋ ਵਿਸ਼ਵ ਯੁੱਧਾਂ ਤੋਂ ਬਾਅਦ ਹੁਣ ਤੀਸਰੇ ਵਿਸ਼ਵ ਯੁੱਧ ਦੇ ਬੱਦਲ ਛਾਏ ਹੋਏ ਹਨ। ਇਸ ਲਈ ਲੇਖਕਾਂ ਅਤੇ ਕਲਾਕਾਰਾਂ ਨੂੰ ਜੰਗਾਂ ਵਿਰੁੱਧ ਲੋਕ ਚੇਤਨਾ ਜਗਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਾਨਫ਼ੰਰਸ ਦਾ ਮੰਚ ਸੰਚਾਲਨ ਕੀਤਾ। ਇਸ ਮੌਕੇ ਚੱਲ ਰਹੇ ਯੁੱਧ ਦੇ ਖੇਤਰਾਂ ਵਿੱਚ ਜੰਗ, ਪਰਮਾਣੂ ਹਥਿਆਰਾਂ ਦੇ ਸੰਪੂਰਨ ਖ਼ਾਤਮੇ, ਭਾਰਤ ਅਤੇ ਪਾਕਿਸਤਾਨ ਵਿਚਾਲੇ ਸੁਖਾਵੇਂ ਸੰਬੰਧ ਅਤੇ ਡਾ. ਹੁਸਾਮ ਅੱਬੂ ਸਾਫ਼ੀਆ ਦੀ ਰਿਹਾਈ ਬਾਰੇ ਕ੍ਰਮਵਾਰ ਪ੍ਰਭਜੋਤ ਸਿੰਘ ਸੋਹੀ, ਡਾ. ਹਰੀ ਸਿੰਘ ਜਾਚਕ, ਤ੍ਰੈਲੋਚਨ ਲੋਚੀ ਅਤੇ ਪ੍ਰੋ. ਸਿਮਰਜੀਤ ਕੌਰ ਗਿੱਲ ਨੇ ਮਤੇ ਪੇਸ਼ ਕੀਤੇ। ਕਾਨਫ਼ੰਰਸ ਮੌਕੇ ਪ੍ਰਮਾਣੂ ਯੁੱਧ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਡਾਕੂਮੈਂਟਰੀ ਫ਼ਿਲਮ ਵੀ ਦਿਖਾਈ ਗਈ। ਕਾਨਫ਼ਰੰਸ ਦੇ ਸੁਆਲ ਜਵਾਬ ਸੈਸ਼ਨ ਵਿੱਚ ਬਿ੍ਜ ਭੂਸ਼ਨ ਗੋਇਲ, ਜਸਵੀਰ ਝੱਜ, ਭਗਤ ਸਿੰਘ ਸਰੋਆ ਦੇ ਸਵਾਲਾਂ ਦੇ ਤਸੱਲੀਬਖਸ਼ ਜਵਾਬ ਦਿੱਤੇ ਗਏ। ਕਾਨਫ਼ਰੰਸ ਮੌਕੇ ਮਨਿੰਦਰ ਸਿੰਘ ਭਾਟੀਆ, ਅਰਸੀ ਝੱਜ ਬੁਆਣੀ, ਗੁਰਲਾਲ ਸਿੰਘ ਨਾਮਧਾਰੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਕਾਨਫ਼ਰੰਸ ਮੌਕੇ ਨਾਗਾਸਾਕੀ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਯਾਦ ਕੀਤਾ ਗਿਆ। ਕਾਨਫ਼ਰੰਸ ਵਿੱਚ ਨਾਮਧਾਰੀ ਦਰਬਾਰ ਵੱਲੋਂ ਸੂਬਾ ਹਰਭਜਨ ਸਿੰਘ, ਅਮਰਜੀਤ ਸਿੰਘ ਟਿੱਕਾ, ਬਾਵਾ ਗੁਰਵਿੰਦਰ ਸਿੰਘ ਸਰਨਾ, ਡਾ. ਬਲਬੀਰ ਸ਼ਾਹ, ਪ੍ਰੋ. ਰਵਿੰਦਰ ਸਿੰਘ ਭੱਠਲ, ਸੁਰਿੰਦਰ ਸਿੰਘ ਕੈਲੇ, ਡਾ. ਗੁਰਇਕਬਾਲ ਸਿੰਘ, ਕੇ. ਸਾਧੂ ਸਿੰਘ, ਦੀਪ ਜਗਦੀਪ ਸਿੰਘ, ਡਾ. ਜੋਗਿੰਦਰ ਸਿੰਘ ਨਿਰਾਲਾ, ਡਾ. ਇੰਦਰਬੀਰ ਸਿੰਘ ਗਿੱਲ, ਡਾ. ਰੁਪਿੰਦਰ ਕੌਰ, ਭਗਵਾਨ ਢਿੱਲੋਂ, ਮਲਕੀਅਤ ਸਿੰਘ ਔਲਖ, ਡਾ. ਬਲਵਿੰਦਰ ਸਿੰਘ ਔਲਖ ਗਲੈਕਸੀ, ਤਰਲੋਚਨ ਝਾਂਡੇ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਰਾਜਦੀਪ ਤੂਰ, ਜ਼ੋਰਾਵਰ ਸਿੰਘ ਪੰਛੀ, ਡਾ. ਰੂਬਲਦੀਪ ਕੌਰ, ਡਾ. ਆਰਕੇ. ਬਜਾਜ, ਡਾ. ਅਭਿਸ਼ੇਕ ਬਜਾਜ, ਇੰਦਰਜੀਤ ਲੋਟੇ, ਅਮਨ ਮਾਂਗਟ, ਸੰਧੇ ਸੁਖਵੀਰ, ਮੀਤ ਅਨਮੋਲ, ਮੇਜਰ ਸਿੰਘ, ਚਮਕੌਰ ਸਿੰਘ ਬਰਮੀ, ਰਮੇਸ਼ ਰਤਨ, ਨਰੇਸ਼ ਗੌੜ ਸਮੇਤ ਕਾਫ਼ੀ ਗਿਣਤੀ ਵਿੱਚ ਸਰੋਤੇ ਹਾਜ਼ਰ ਸਨ।