
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਹਿਮ ਖ਼ਬਰ-ਸਮਾਲ ਸਕੇਲ ਇੰਡਸਟਰੀਜ਼ ਐਸੋਸੀਏਸ਼ਨ ਦੇ ਵਫ਼ਦ ਵੱਲੋਂ ਮੰਗਾਂ ਸਬੰਧੀ ਬਿਜਲੀ ਨਿਗਮ ਦੇ ਐਸਈ ਨਾਲ ਮੁਲਾਕਾਤ

-ਸਨਅਤੀ ਫੀਡਰਾਂ ਦੀ ਸੰਭਾਲ ਢੋਲੇਵਾਲ ਤੋਂ ਮੁੜ ਗਿਆਸਪੁਰਾ ਡਿਵੀਜ਼ਨ ਨੂੰ ਦੇਣ ਦੀ ਕੀਤੀ ਮੰਗ
ਫ਼ੋਟੋ ਨੰਬਰ-28
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਸਮਾਲ ਸਕੇਲ ਇੰਡਸਟਰੀਜ਼ ਐਸੋਸੀਏਸ਼ਨ ਨੇ ਸਨਅਤੀ ਖੇਤਰ ਨੂੰ ਬਿਜਲੀ ਸਪਲਾਈ ਕਰਨ ਵਾਲੇ ਫੀਡਰਾਂ ਦੀ ਸੰਚਾਲਨ ਅਤੇ ਰੱਖ-ਰਖਾਅ ਦੀ ਜ਼ਿੰਮੇਵਾਰੀ ਢੋਲੇਵਾਲ ਸਬ-ਡਿਵੀਜ਼ਨ ਤੋਂ ਮੁੜ ਗਿਆਸਪੁਰਾ ਡਿਵੀਜ਼ਨ ਨੂੰ ਸੌਂਪਣ ਦੀ ਮੰਗ ਕੀਤੀ ਹੈ। ਇਸ ਸਬੰਧੀ ਐਸੋਸੀਏਸ਼ਨ ਵੱਲੋਂ ਅਸਟੇਟ ਡਿਵੀਜ਼ਨ (ਸਪੈਸ਼ਲ), ਗਿਆਸਪੁਰਾ ਦੇ ਐਡੀਸ਼ਨਲ ਸੁਪਰਿੰਟੈਂਡਿੰਗ ਇੰਜੀਨੀਅਰ ਨੂੰ ਪੱਤਰ ਭੇਜਿਆ ਗਿਆ ਹੈ।
ਪ੍ਰਧਾਨ ਅਮਰਜੀਤ ਸਿੰਘ ਚੌਹਾਨ, ਜਨਰਲ ਸਕੱਤਰ ਪਰਮਦੀਪ ਸਿੰਘ ਸੋਹਲ, ਉਪ ਪ੍ਰਧਾਨ ਜਸਵਿੰਦਰ ਸਿੰਘ ਖੁਰਲ ਅਤੇ ਦੀਦਾਰ ਸਿੰਘ ਛੀਨਾ ਨੇ ਕਿਹਾ ਕਿ ਹਾਲ ਹੀ ਵਿੱਚ ਇਲਾਕੇ ਦੇ ਬਿਜਲੀ ਫੀਡਰਾਂ ਦਾ ਰੱਖ-ਰਖਾਅ ਅਤੇ ਸੰਚਾਲਨ ਅਧਿਕਾਰ ਗਿਆਸਪੁਰਾ ਡਿਵੀਜ਼ਨ ਤੋਂ ਢੋਲੇਵਾਲ ਸਬ-ਡਿਵੀਜ਼ਨ ਨੂੰ ਤਬਦੀਲ ਕੀਤਾ ਗਿਆ ਹੈ। ਇਸ ਤਬਦੀਲੀ ਕਾਰਨ ਉਦਯੋਗਿਕ ਇਕਾਈਆਂ ਨੂੰ ਬਿਜਲੀ ਦੀਆਂ ਖਰਾਬੀਆਂ ਦੂਰ ਕਰਵਾਉਣ ਵਿੱਚ ਦੇਰੀ ਸਮੇਤ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਸਨਅਤੀ ਖੇਤਰ ਤੋਂ ਗਿਆਸਪੁਰਾ ਡਿਵੀਜ਼ਨ ਦਾ ਦਫ਼ਤਰ ਸਿਰਫ਼ ਕਰੀਬ ਅੱਧਾ ਕਿਲੋਮੀਟਰ ਦੂਰ ਹੈ, ਜਦਕਿ ਢੋਲੇਵਾਲ ਸਬ-ਡਿਵੀਜ਼ਨ ਦਾ ਦਫ਼ਤਰ ਕਰੀਬ 4 ਤੋਂ 4.5 ਕਿਲੋਮੀਟਰ ਦੂਰ ਸਥਿਤ ਹੈ। ਇਸ ਤੋਂ ਇਲਾਵਾ ਉਦਯੋਗਿਕ ਇਕਾਈਆਂ ਅਤੇ ਢੋਲੇਵਾਲ ਦਰਮਿਆਨ ਆਰਮੀ ਕੈਂਪ ਖੇਤਰ ਦਾ ਕਰੀਬ 3 ਕਿਲੋਮੀਟਰ ਲੰਬਾ ਰਸਤਾ ਪੈਂਦਾ ਹੈ, ਜਿਸ ਕਾਰਨ ਲਾਈਨ ਸਟਾਫ਼ ਨੂੰ ਮੌਕੇ 'ਤੇ ਪਹੁੰਚਣ ਵਿੱਚ ਸਮਾਂ ਲੱਗਦਾ ਹੈ। ਐਸੋਸੀਏਸ਼ਨ ਅਨੁਸਾਰ ਬਿਜਲੀ ਫਾਲਟ ਹੋਣ ਦੀ ਸੂਰਤ ਵਿੱਚ ਮਿਲਰ ਗੰਜ/ਧੋਲੇਵਾਲ ਦੇ ਅਧਿਕਾਰ ਖੇਤਰ ਰਾਹੀਂ ਸ਼ਿਕਾਇਤ ਦਰਜ ਕਰਵਾਉਣ 'ਤੇ ਅਕਸਰ 2 ਤੋਂ 3 ਘੰਟਿਆਂ ਦੀ ਦੇਰੀ ਹੋ ਜਾਂਦੀ ਹੈ। ਗਰਮੀਆਂ ਵਿੱਚ ਵੱਧ ਬਿਜਲੀ ਲੋਡ ਤੇ ਮੀਂਹ ਦੇ ਮੌਸਮ ਦੌਰਾਨ ਇਹ ਸਮੱਸਿਆ ਹੋਰ ਗੰਭੀਰ ਹੋ ਜਾਂਦੀ ਹੈ। ਉਦਯੋਗਪਤੀਆਂ ਨੇ ਕਿਹਾ ਕਿ ਲੰਬੇ ਸਮੇਂ ਤੱਕ ਫੀਡਰ ਟ੍ਰਿਪ ਰਹਿਣ ਕਾਰਨ ਉਤਪਾਦਨ ਲਾਈਨਾਂ ਬੰਦ ਰਹਿੰਦੀਆਂ ਹਨ, ਜਿਸ ਨਾਲ ਛੋਟੇ ਉਦਯੋਗਾਂ ਨੂੰ ਭਾਰੀ ਉਤਪਾਦਨ ਨੁਕਸਾਨ, ਸਮੇਂ ਸਿਰ ਆਰਡਰ ਪੂਰੇ ਨਾ ਹੋਣ ਕਾਰਨ ਜੁਰਮਾਨਿਆਂ ਅਤੇ ਆਮਦਨ ਵਿੱਚ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਬਿਜਲੀ ਬੋਰਡ ਨੂੰ ਵੀ ਮਾਲੀ ਨੁਕਸਾਨ ਹੁੰਦਾ ਹੈ।
ਐਸੋਸੀਏਸ਼ਨ ਨੇ ਦਲੀਲ ਦਿੱਤੀ ਕਿ ਜ਼ਮੀਨੀ ਪੱਧਰ 'ਤੇ ਇਹ ਫੀਡਰ ਗਿਆਸਪੁਰਾ ਦੇ ਬਿਜਲੀ ਵੰਡ ਨੈੱਟਵਰਕ ਨਾਲ ਹੀ ਜੁੜੇ ਹੋਏ ਹਨ। ਇਸ ਲਈ ਫੀਡਰਾਂ ਦੀ ਰੱਖ-ਰਖਾਅ ਅਤੇ ਸੰਚਾਲਨ ਜ਼ਿੰਮੇਵਾਰੀ ਮੁੜ ਗਿਆਸਪੁਰਾ ਡਿਵੀਜ਼ਨ ਨੂੰ ਦੇਣ ਨਾਲ ਫਾਲਟ ਦੀ ਤੁਰੰਤ ਮੁਰੰਮਤ, ਬਿਹਤਰ ਨਿਗਰਾਨੀ ਤੇ ਉਦਯੋਗਾਂ ਨੂੰ ਭਰੋਸੇਯੋਗ ਤੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾ ਸਕਦੀ ਹੈ। ਐਸੋਸੀਏਸ਼ਨ ਨੇ ਅਧਿਕਾਰੀਆਂ ਤੋਂ ਮਾਮਲੇ ਨੂੰ ਤਰਜੀਹ ਦੇ ਆਧਾਰ 'ਤੇ ਵਿਚਾਰਦਿਆਂ ਇਲਾਕੇ ਦੇ ਫੀਡਰਾਂ ਦੀ ਓਪਰੇਸ਼ਨ ਅਤੇ ਮੇਨਟੀਨੈਂਸ ਜ਼ਿੰਮੇਵਾਰੀ ਮੁੜ ਗਿਆਸਪੁਰਾ ਡਿਵੀਜ਼ਨ ਨੂੰ ਸੌਂਪਣ ਲਈ ਤੁਰੰਤ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਹੈ।