
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸ਼ਹੀਦਾਂ ਦੇ ਜੀਵਨ ਅਤੇ ਸੰਘਰਸ਼ ਤੋਂ ਪ੍ਰੇਰਣਾ ਲੈਣ ਨੌਜਵਾਨ-ਪ੍ਰਿੰਸੀਪਲ ਪੂਨਮ ਸ਼ਰਮਾ

-ਸ੍ਰੀ ਹਰਕ੍ਰਿਸ਼ਨ ਸਾਹਿਬ ਸਕੂਲ ’ਚ ਮਨਾਇਆ ਆਜ਼ਾਦੀ ਦਿਹਾੜਾ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਡਾਬਾ ਰੋਡ ਸਥਿੱਤ ਸ੍ਰੀ ਹਰਕ੍ਰਿਸ਼ਨ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਜ਼ਾਦੀ ਦਿਵਸ ਬੜੇ ਹੀ ਜੋਸ਼, ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਸਵੇਰ ਦੀ ਵਿਸ਼ੇਸ਼ ਸਭਾ ਦੌਰਾਨ ਵਿਦਿਆਰਥਣ ਵੱਲੋਂ ਆਜ਼ਾਦੀ ਦਿਵਸ ਦੀ ਮਹੱਤਤਾ ਅਤੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਸ਼ਹੀਦਾਂ ਬਾਰੇ ਭਾਸ਼ਣ ਪੇਸ਼ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਦੇ ਵਿਹੜੇ ਵਿੱਚ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਈ। ਸਕੂਲ ਦੇ ਡਾਇਰੈਕਟਰ ਰਮਨਦੀਪ ਸਿੰਘ ਸਹਿਗਲ ਤੇ ਪ੍ਰਿੰਸੀਪਲ ਪੂਨਮ ਸ਼ਰਮਾ ਨੇ ਸਾਂਝੇ ਤੌਰ ’ਤੇ ਤਿਰੰਗਾ ਲਹਿਰਾਇਆ। ਇਸ ਉਪਰੰਤ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਨਾਲ ਸਬੰਧਿਤ ਗੀਤ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਆਜ਼ਾਦੀ ਸੰਗਰਾਮ ਦੇ ਮਹਾਨ ਨਾਇਕਾਂ ਦੀਆਂ ਕੁਰਬਾਨੀਆਂ ਨੂੰ ਵੱਖ-ਵੱਖ ਪੇਸ਼ਕਾਰੀਆਂ ਰਾਹੀਂ ਯਾਦ ਕੀਤਾ। ਛੋਟੇ-ਛੋਟੇ ਬੱਚੇ ਭਾਰਤ ਮਾਤਾ, ਝਾਂਸੀ ਦੀ ਰਾਣੀ, ਮੰਗਲ ਪਾਂਡੇ, ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ, ਨੇਤਾਜੀ ਸੁਭਾਸ਼ ਚੰਦਰ ਬੋਸ ਤੇ ਦੇਸ਼ ਦੀ ਰੱਖਿਆ ਕਰਨ ਵਾਲੇ ਸਿਪਾਹੀਆਂ ਦੇ ਕਿਰਦਾਰਾਂ ਵਿੱਚ ਸਜ ਕੇ ਸਕੂਲ ਦੇ ਵਿਹੜੇ ਵਿੱਚ ਪਹੁੰਚੇ। ਬੱਚਿਆਂ ਦੀ ਇਸ ਪੇਸ਼ਕਾਰੀ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਤੇ ਦਰਸ਼ਕਾਂ ਵੱਲੋਂ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਇਸ ਮੌਕੇ ਆਜ਼ਾਦੀ ਦਿਵਸ ਦੀ ਮਹੱਤਤਾ ਨੂੰ ਦਰਸਾਉਂਦੀ ਵਿਸ਼ੇਸ਼ ਕੋਰੀਓਗ੍ਰਾਫੀ ਵੀ ਪੇਸ਼ ਕੀਤੀ। ਕਿੰਡਰਗਾਰਟਨ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਵੱਲੋਂ ਨੁੱਕੜ ਨਾਟਕ ਪੇਸ਼ ਕਰਕੇ ਦੇਸ਼ ਪ੍ਰਤੀ ਪਿਆਰ, ਏਕਤਾ ਅਤੇ ਜ਼ਿੰਮੇਵਾਰੀ ਦਾ ਸੁਨੇਹਾ ਦਿੱਤਾ। ਬੱਚਿਆਂ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਹੋਰ ਵੀ ਪ੍ਰਭਾਵਸ਼ਾਲੀ ਅਤੇ ਯਾਦਗਾਰ ਬਣਾ ਦਿੱਤਾ।
ਸਕੂਲ ਦੇ ਡਾਇਰੈਕਟਰ ਰਮਨਦੀਪ ਸਿੰਘ ਸਹਿਗਲ ਅਤੇ ਪ੍ਰਿੰਸੀਪਲ ਪੂਨਮ ਸ਼ਰਮਾ ਨੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਅਤੇ ਸਮੂਹ ਭਾਰਤ ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਸਾਨੂੰ ਅਨੇਕਾਂ ਮਹਾਨ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਸਦਕਾ ਪ੍ਰਾਪਤ ਹੋਈ ਹੈ, ਇਸ ਲਈ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੇ ਜੀਵਨ ਅਤੇ ਸੰਘਰਸ਼ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਸਮਾਗਮ ਦੇ ਅਖੀਰ ਵਿੱਚ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਰਾਸ਼ਟਰ ਗਾਨ ਗਾਇਆ ਗਿਆ।