
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਹਿਮ ਖ਼ਬਰ-ਹਲਕਾ ਲੁਧਿਆਣਾ ਦੱਖਣੀ ਦੇ ਵਾਰਡ ਨੰਬਰ 43 'ਚ ਕਾਂਗਰਸ ’ਚ ਕਈ ਨਵੀਆਂ ਨਿਯੁਕਤੀਆਂ

-ਕਿਹਾ, ਹਲਕਾ ਦੱਖਣੀ ਦੇ ਵਾਰਡ-3 'ਚ ਕਾਂਗਰਸ ਨੇ ਕੀਤੀਆਂ ਕਈ ਨਿਯੁਕਤੀਆਂ
ਫ਼ੋਟੋ ਨੰਬਰ-26
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਹਲਕਾ ਲੁਧਿਆਣਾ ਦੱਖਣੀ ਦੇ ਵਾਰਡ ਨੰਬਰ 43 ਵਿੱਚ ਇੱਕ ਵਿਸ਼ੇਸ਼, ਵਿਸ਼ਾਲ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਮੁੱਖ ਮਨੋਰਥ ਇਲਾਕੇ ਵਿੱਚ ਕਾਂਗਰਸ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਨਾ ਅਤੇ ਇਲਾਕੇ ਦੇ ਉੱਦਮੀ ਤੇ ਮਿਹਨਤੀ ਨੌਜਵਾਨਾਂ ਨੂੰ ਅੱਗੇ ਲਿਆ ਕੇ ਅਹਿਮ ਜ਼ਿੰਮੇਵਾਰੀਆਂ ਸੌਂਪਣਾ ਸੀ। ਇਹ ਸਮਾਗਮ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਯੋਗ ਅਗਵਾਈ ਹੇਠ ਬਹੁਤ ਹੀ ਉਤਸ਼ਾਹਪੂਰਵਕ ਮਾਹੌਲ ਵਿੱਚ ਮੁਕੰਮਲ ਹੋਇਆ।
ਸਮਾਗਮ ਦੌਰਾਨ ਸਰਗਰਮ ਤੇ ਸਮਰਪਿਤ ਨੌਜਵਾਨ ਆਗੂਆਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਅਹਿਮ ਨਿਯੁਕਤੀਆਂ ਸੌਂਪੀਆਂ ਗਈਆਂ। ਜਿਸ ਵਿੱਚ ਗੁਰਦੀਪ ਸਿੰਘ ਸੈਣੀ ਨੂੰ ਮੰਡਲ ਪ੍ਰਧਾਨ, ਪ੍ਰਦੀਪ ਸਿੰਘ ਨੂੰ ਉਪ ਪ੍ਰਧਾਨ, ਬਲਜੀਤ ਸਿੰਘ ਕਾਕੂ ਸੋਸ਼ਲ ਮੀਡੀਆ ਇੰਚਾਰਜ (ਵਾਰਡ ਨੰਬਰ 43) ਨਿਯੁਕਤ ਕੀਤਾ ਗਿਆ। ਨਵਨਿਯੁਕਤ ਆਗੂਆਂ ਦਾ ਸਿਰੋਪਾਓ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਅਰਜਨ ਸਿੰਘ ਚੀਮਾ, ਬਲਦੇਵ ਸਿੰਘ (ਪ੍ਰਧਾਨ), ਦੇਵਿੰਦਰ ਸਿੰਘ ਬਾਂਸਲ, ਜਗਜੀਤ ਸਿੰਘ ਨੀਟਾ ਅਤੇ ਮਨਜੀਤ ਸਿੰਘ ਸੈਣੀ ਦਾ ਪਾਰਟੀ ਹਾਈਕਮਾਂਡ ਤੇ ਵਰਕਰਾਂ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬੈਂਸ ਨੇ ਮੌਜੂਦਾ ਸਰਕਾਰ ਦੀਆਂ ਨੀਤੀਆਂ ਅਤੇ ਕਾਰਗੁਜ਼ਾਰੀ 'ਤੇ ਤਿੱਖੇ ਸ਼ਾਬਦਿਕ ਹਮਲੇ ਕੀਤੇ।
ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਹਰ ਮੋਰਚੇ 'ਤੇ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਸ਼ਹਿਰ ਵਿੱਚ ਵਿਕਾਸ ਦੇ ਸਾਰੇ ਕਾਰਜ ਠੱਪ ਪਏ ਹਨ, ਸੜਕਾਂ, ਸੀਵਰੇਜ ਤੇ ਪੀਣ ਵਾਲੇ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਦਾ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਦਿਨ-ਬ-ਦਿਨ ਵਿਗੜ ਰਹੀ ਹੈ ਅਤੇ ਆਮ ਜਨਤਾ ਮਹਿੰਗਾਈ ਤੇ ਭ੍ਰਿਸ਼ਟਾਚਾਰ ਦੀ ਚੱਕੀ ਵਿੱਚ ਪਿਸ ਰਹੀ ਹੈ। ਬੈਂਸ ਨੇ ਅੱਗੇ ਕਿਹਾ ਕਿ ਸਰਕਾਰ ਵੱਲੋਂ ਚੋਣਾਂ ਸਮੇਂ ਕੀਤੇ ਗਏ ਵੱਡੇ-ਵੱਡੇ ਦਾਅਵੇ ਅਤੇ ਵਾਅਦੇ ਸਿਰਫ਼ ਹਵਾਈ ਸਾਬਤ ਹੋਏ ਹਨ। ਪੰਜਾਬ ਦੇ ਲੋਕ ਹੁਣ ਇਸ ਅਖੌਤੀ ਬਦਲਾਅ ਦੇ ਨਾਂ 'ਤੇ ਹੋਏ ਧੋਖੇ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਅਤੇ ਸਰਕਾਰ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਹਨ।
ਬੈਂਸ ਨੇ ਦਾਅਵਾ ਕੀਤਾ ਕਿ ਸਿਰਫ਼ ਕਾਂਗਰਸ ਪਾਰਟੀ ਹੀ ਪੰਜਾਬ ਨੂੰ ਵਿਕਾਸ, ਖੁਸ਼ਹਾਲੀ ਤੇ ਅਮਨ-ਸ਼ਾਂਤੀ ਦੀ ਲੀਹ 'ਤੇ ਵਾਪਸ ਲਿਆ ਸਕਦੀ ਹੈ। ਉਨ੍ਹਾਂ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਪ੍ਰੇਰਿਤ ਕੀਤਾ ਕਿ ਉਹ ਵਾਰਡ 43 ਦੇ ਕੋਨੇ-ਕੋਨੇ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ, ਉਨ੍ਹਾਂ ਦੇ ਹੱਲ ਲਈ ਸੰਘਰਸ਼ ਕਰਨ ਅਤੇ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਦਾ ਪਰਦਾਫਾਸ਼ ਕਰਕੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ।