- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਮੁੱਖ ਮੰਤਰੀ ਵੱਲੋਂ 14.10 ਕਰੋੜ ਰੁਪਏ ਦੀ ਲਾਗਤ ਨਾਲ ਬਣੇ 2 ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਉਦਘਾਟਨ

-ਕਿਹਾ, ਲੁਧਿਆਣਾ ’ਚ 16 ਸਕੂਲ ਆਫ਼ ਐਮੀਨੈਂਸ, 11 ਸਕੂਲ ਆਫ਼ ਬ੍ਰਿਲੀਅੰਸ ਤੇ 35 ਹੋਏ ਸਕੂਲ ਆਫ਼ ਹੈਪੀਨੈੱਸ
ਫ਼ੋਟੋ ਨੰਬਰ-36, 37
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਸਿੱਖਿਆ ਕ੍ਰਾਂਤੀ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 14.10 ਕਰੋੜ ਰੁਪਏ ਦੀ ਲਾਗਤ ਨਾਲ ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ ਦੇ ਕਿਦਵਈ ਨਗਰ ਤੇ ਮਿਲਰਗੰਜ ਵਿਖੇ ਬਣੇ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕੀਤਾ। ਇਨ੍ਹਾਂ ਦੋ ਨਵੇਂ ਸਕੂਲਾਂ ਦੇ ਸ਼ੁਰੂ ਹੋਣ ਨਾਲ ਲੁਧਿਆਣਾ ਵਿੱਚ ਸਕੂਲ ਆਫ਼ ਐਮੀਨੈਂਸ ਦੀ ਗਿਣਤੀ 16 ਹੋ ਗਈ ਹੈ, ਜੋ ਕਿ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪਿਛਲੇ ਚਾਰ ਸਾਲ ਦੌਰਾਨ ਸਿੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਆਧੁਨਿਕ ਇਮਾਰਤਾਂ, ਸਮਾਰਟ ਕਲਾਸਰੂਮ, ਵਿਗਿਆਨ ਅਤੇ ਕੰਪਿਊਟਰ ਲੈਬਾਂ, ਵਿਦੇਸ਼ਾਂ ਵਿੱਚ ਅਧਿਆਪਕਾਂ ਦੀ ਸਿਖਲਾਈ ਅਤੇ ਬਿਹਤਰ ਲਾਇਬ੍ਰੇਰੀਆਂ ਕਾਰਨ ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ਦਾ ਵਿਸ਼ਵਾਸ ਲਗਾਤਾਰ ਵਧਿਆ ਹੈ। ਹੁਣ ਨਿੱਜੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀ ਵੀ ਸਰਕਾਰੀ ਸਕੂਲਾਂ ਵਿੱਚ ਦਾਖਲੇ ਲੈ ਰਹੇ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਕਿਦਵਈ ਨਗਰ ਦਾ ਸਕੂਲ ਆਫ਼ ਐਮੀਨੈਂਸ 10.62 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਹੈ। 8,300 ਵਰਗ ਗਜ਼ ਤੋਂ ਵੱਧ ਖੇਤਰ ਵਿੱਚ ਤਿਆਰ ਇਸ ਸਕੂਲ ਵਿੱਚ 60 ਕਮਰੇ ਹਨ, ਜਿਨ੍ਹਾਂ ਵਿੱਚ 27 ਕਲਾਸਰੂਮ, 7 ਆਧੁਨਿਕ ਲੈਬਾਂ, ਲਾਇਬ੍ਰੇਰੀ, 500 ਵਿਦਿਆਰਥੀਆਂ ਦੀ ਸਮਰੱਥਾ ਵਾਲਾ ਆਡੀਟੋਰੀਅਮ, ਪ੍ਰਿੰਸੀਪਲ ਦਫ਼ਤਰ ਅਤੇ 9 ਵਾਸ਼ਰੂਮ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਮਿਲਰ ਗੰਜ ਦਾ ਸਕੂਲ ਆਫ਼ ਐਮੀਨੈਂਸ 3.48 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਹੈ। 1,800 ਵਰਗ ਗਜ਼ ਤੋਂ ਵੱਧ ਖੇਤਰ ਵਿੱਚ ਬਣੀ ਇਸ ਇਮਾਰਤ ਵਿੱਚ 22 ਕਮਰੇ ਹਨ, ਜਿਨ੍ਹਾਂ ’ਚ 11 ਕਲਾਸਰੂਮ, 7 ਲੈਬਾਂ, ਪ੍ਰਿੰਸੀਪਲ ਦਫ਼ਤਰ, 6 ਵਾਸ਼ਰੂਮ ਤੇ ਵਿਦਿਆਰਥੀਆਂ ਦੀ ਸਹੂਲਤ ਲਈ ਲਿਫ਼ਟ ਵੀ ਲਗਾਈ ਗਈ ਹੈ। ਭਗਵੰਤ ਮਾਨ ਨੇ ਕਿਹਾ ਕਿ ਲੁਧਿਆਣਾ ਵਿੱਚ ਹੁਣ 16 ਸਕੂਲ ਆਫ਼ ਐਮੀਨੈਂਸ, 11 ਸਕੂਲ ਆਫ਼ ਬ੍ਰਿਲੀਅੰਸ ਅਤੇ 35 ਸਕੂਲ ਆਫ਼ ਹੈਪੀਨੈੱਸ ਕੰਮ ਕਰ ਰਹੇ ਹਨ। ਜ਼ਿਲ੍ਹੇ ਦੇ ਕਰੀਬ 200 ਸਰਕਾਰੀ ਸਕੂਲਾਂ ਦਾ ਬੁਨਿਆਦੀ ਢਾਂਚਾ ਅਪਗ੍ਰੇਡ ਕੀਤਾ ਜਾ ਚੁੱਕਾ ਹੈ ਅਤੇ ਲਗਭਗ ਤਿੰਨ ਲੱਖ ਵਿਦਿਆਰਥੀ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਹਾਸਲ ਕਰ ਰਹੇ ਹਨ।
ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਮੁੱਖ ਸਕੱਤਰ ਕੇਪੀਐਸ ਸਿਨ੍ਹਹਾ,ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਰਾਜਿੰਦਰਪਾਲ ਕੌਰ ਛੀਨਾ, ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ,ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਚੇਅਰਮੈਨ ਤਰਸੇਮ ਸਿੰਘ ਭਿੰਡਰ, ਡੀਸੀ ਹਿਮਾਂਸ਼ੂ ਜੈਨ, ਸੀਪੀ ਸਵਪਨ ਸ਼ਰਮਾ ਆਦਿ ਹਾਜ਼ਰ ਸਨ।
-ਕਲਾਸ ਰੂਮਾਂ ਦੇ ਦੌਰੇ ਦੌਰਾਨ ਵਿਦਿਆਰਥੀਆਂ ਨਾਲ ਕੀਤੀ ਗੱਲਬਾਤ
ਸਕੂਲ ਦੇ ਕਲਾਸ ਰੂਮਾਂ ਦੇ ਦੌਰੇ ਦੌਰਾਨ ਮੁੱਖ ਮੰਤਰੀ ਨੇ ਨਵੇਂ ਸਕੂਲਾਂ ਦੀਆਂ ਕਲਾਸਾਂ, ਵਿਗਿਆਨ ਪ੍ਰਯੋਗਸ਼ਾਲਾਵਾਂ ਤੇ ਹੋਰ ਸਹੂਲਤਾਂ ਦਾ ਨਿਰੀਖਣ ਕੀਤਾ। ਉਨ੍ਹਾਂ ਵਿਦਿਆਰਥੀਆਂ ਨਾਲ ਗੱਲ ਕਰਦਿਆਂ ਉਨ੍ਹਾਂ ਦੇ ਭਵਿੱਖੀ ਟੀਚਿਆਂ ਬਾਰੇ ਜਾਣਕਾਰੀ ਲਈ ਅਤੇ ਅਧਿਆਪਕਾਂ ਦੇ ਕੰਮ ਦੀ ਸ਼ਲਾਘਾ ਕੀਤੀ। ਕਈ ਵਿਦਿਆਰਥੀਆਂ ਨੇ ਮੁੱਖ ਮੰਤਰੀ ਤੋਂ ਆਟੋਗ੍ਰਾਫ਼ ਲਏ, ਜਦਕਿ ਕੁੱਝ ਨੇ ਆਪਣੇ ਹੱਥਾਂ ਨਾਲ ਬਣਾਏ ਸਕੈੱਚ ਤੇ ਪੋਰਟਰੇਟ ਭੇਟ ਕੀਤੇ। ਇੱਕ ਵਿਦਿਆਰਥੀ ਦੇ ਮਾਪਿਆਂ ਨੇ ਵੀ ਸਿੱਖਿਆ ਖੇਤਰ ਵਿੱਚ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਦਾ ਸਨਮਾਨ ਕੀਤਾ। ਇਸ ਤੋਂ ਪਹਿਲਾਂ ਮਲਿਕਾ ਸਿੰਘ, ਕੇਸ਼ਵ ਕੁਮਾਰ, ਰਾਹੁਲ, ਏਸ਼ਪ੍ਰੀਤ ਕੌਰ, ਅਕਸ਼, ਸੌਰਭ, ਆਰਾਧਨਾ, ਜਸ਼ਦੀਪ ਕੌਰ, ਲਵੀ ਅਤੇ ਹੋਰ ਵਿਦਿਆਰਥੀਆਂ ਨੇ ਸਿੱਖਿਆ ਖੇਤਰ ਨੂੰ ਹੁਲਾਰਾ ਦੇਣ ਲਈ ਲੀਹੋਂ ਹਟਵੀਆਂ ਪਹਿਲਕਦਮੀਆਂ ਕਰਨ ਲਈ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ।
-ਮੁੱਖ ਮੰਤਰੀ ਸਾਹਿਬ ਸ਼ਰਾਬ ਦੇ ਠੇਕੇ ਹਟਵਾ ਦਿਓ
ਸਕੂਲ ਆਫ਼ ਐਮੀਨੈਂਯ ਦਾ ਉਦਾਘਟਨ ਕਰਨ ਤੋਂ ਬਾਅਦ ਜਿਸ ਸਮੇੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਬੋਧਨ ਕਰ ਰਹੇ ਸਨ, ਤਾਂ ਇਕ ਵਿਅਕਤੀ ਨੇ ਬੋਲਣਾ ਸ਼ੁਰੂ ਕਰ ਦਿੱਤਾ। ਉਸ ਨੂੰ ਦੇਖ ਕੇ ਮੁੱਖ ਮੰਤਰੀ ਚੁੱਪ ਕਰ ਗਏ ਅਤੇ ਹਲਕਾ ਵਿਧਾਇਕ ਨੂੰ ਜਿੱਥੇ ਉਸ ਵਿਅਕਤੀ ਦੀ ਗੱਲ ਸੁਣਨ ਲਈ ਆਖਿਆ। ਉੱਥੇ ਹੀ ਦੂਰ ਹੋਣ ਕਰਕੇ ਆਵਾਜ਼ ਨਾ ਆਉਣ ਕਰਕੇ ਉਸ ਨੂੰ ਮਾਈਕ ਦੇਣ ਲਈ ਆਖਿਆ। ਮੁੱਖ ਮੰਤਰੀ ਨੂੰ ਸੰਬੋਧਨ ਕਰਦਿਆਂ ਹਲਕਾ ਲੁਧਿਆਣਾ ਕੇਂਦਰੀ ਦੇ ਵਸਨੀਕ ਬਜ਼ੁਰਗ ਨੇ ਪਹਿਲਾਂ ਹਲਕਾ ਲੁਧਿਆਣਾ ਕੇਂਦਰੀ ਵਿੱਚ ਦੋ ਐਮੀਨੈਂਸ ਸਕੂਲ ਖੁੱਲ੍ਹਣ 'ਤੇ ਵਧਾਈ ਦਿੱਤੀ, ਫਿਰ ਦੱਸਿਆ ਕਿ ਜਿਸ ਜਗ੍ਹਾ ਸਾਰੇ ਖੜ੍ਹੇ ਹਨ, ਉੱਥੇ ਸਕੂਲ, ਮੰਦਿਰ, ਮਸਜਿਦ ਅਤੇ ਗੁਰਦੁਆਰਾ ਸਭ ਇਕੱਠੇ ਹਨ, ਪਰ ਸਕੂਲ ਤੋਂ ਮਹਿਜ਼ 10 ਮੀਟਰ ਦੂਰੀ 'ਤੇ ਦੋ ਸ਼ਰਾਬ ਦੇ ਠੇਕੇ ਵੀ ਖੁੱਲ੍ਹੇ ਹਨ, ਜੋ ਨਹੀਂ ਹੋਣੇ ਚਾਹੀਦੇ। ਸੀਐੱਮ ਮਾਨ ਨੇ ਬਜ਼ੁਰਗ ਦੀ ਗੱਲ ਨਾਲ ਸਹਿਮਤੀ ਜਤਾਉਂਦਿਆਂ ਕਿਹਾ ਕਿ ਨਿਯਮਾਂ ਮੁਤਾਬਕ ਸਕੂਲ ਜਾਂ ਧਾਰਮਿਕ ਸਥਾਨ ਦੇ ਨੇੜੇ ਸ਼ਰਾਬ ਦੇ ਠੇਕੇ ਨਹੀਂ ਹੋਣੇ ਚਾਹੀਦੇ ਅਤੇ ਇਸ ਮਾਮਲੇ 'ਤੇ ਕਾਰਵਾਈ ਜ਼ਰੂਰ ਹੋਵੇਗੀ।