- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਲਾਈ ਵਿੱਤੀ ਸਾਖਰਤਾ ਵਰਕਸ਼ਾਪ

-ਫਿੱਕੀ ਫਲੋ ਲੁਧਿਆਣਾ ਤੇ ਇਨੀਸ਼ੀਏਟਰਜ਼ ਆਫ਼ ਚੇਂਜ ਨੇ ਕੀਤਾ ਉਪਰਾਲਾ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਫਿੱਕੀ ਫਲੋ ਲੇਡੀਜ਼ ਆਰਗੇਨਾਈਜੇਸ਼ਨ ਲੁਧਿਆਣਾ ਚੈਪਟਰ ਦੀ ਚੇਅਰਪਰਸਨ ਐਸ਼ਨੀ ਸੇਠੀ ਅਤੇ ਇਨੀਸ਼ੀਏਟਰਜ਼ ਆਫ਼ ਚੇਂਜ ਦੇ ਸੰਸਥਾਪਕ ਗੌਰਵਦੀਪ ਸਿੰਘ ਦੇ ਉਪਰਾਲੇ ਸਦਕਾ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਘੱਟ-ਸਹੂਲਤਾਂ ਵਾਲੇ ਵਿਦਿਆਰਥੀਆਂ ਲਈ ਵਿੱਤੀ ਅਤੇ ਨਿੱਜੀ ਬੱਚਤ ਸਬੰਧੀ ਸਾਖਰਤਾ ਵਰਕਸ਼ਾਪ ਲਾਈ ਗਈ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਮੈਂਬਰ ਅਜਿੰਦਰ ਕੌਰ ਨੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵਿੱਤੀ ਸਾਖਰਤਾ, ਨਿੱਜੀ ਬੱਚਤ, ਵਿੱਤੀ ਯੋਜਨਾਬੰਦੀ ਅਤੇ ਪੈਸੇ ਦੀ ਜ਼ਿੰਮੇਵਾਰੀ ਨਾਲ ਵਰਤੋਂ ਬਾਰੇ ਜਾਗਰੂਕ ਕਰਨਾ ਰਿਹਾ। ਵਿਦਿਆਰਥੀਆਂ ਨੂੰ ਸਮਝਾਇਆ ਗਿਆ ਕਿ ਛੋਟੀ ਉਮਰ ਤੋਂ ਹੀ ਬੱਚਤ ਦੀ ਆਦਤ ਅਤੇ ਪੈਸੇ ਦੀ ਸਹੀ ਯੋਜਨਾਬੰਦੀ ਭਵਿੱਖ ਨੂੰ ਬਿਹਤਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਸ ਮੌਕੇ ਚੇਅਰਪਰਸਨ ਐਸ਼ਨੀ ਸੇਠੀ ਨੇ ਕਿਹਾ ਕਿ ਵਿੱਤੀ ਸਾਖਰਤਾ ਅੱਜ ਦੇ ਸਮੇਂ ਵਿੱਚ ਹਰ ਨੌਜਵਾਨ ਲਈ ਇੱਕ ਮਹੱਤਵਪੂਰਨ ਜੀਵਨ ਹੁਨਰ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਬਚਪਨ ਤੋਂ ਹੀ ਬੱਚਤ, ਵਿੱਤੀ ਯੋਜਨਾਬੰਦੀ ਅਤੇ ਪੈਸੇ ਦੀ ਜ਼ਿੰਮੇਵਾਰ ਵਰਤੋਂ ਬਾਰੇ ਸਹੀ ਜਾਣਕਾਰੀ ਦੇਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨਾਂ ਵਿੱਚ ਆਤਮ-ਨਿਰਭਰਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਵਿੱਚ ਸਹਾਇਕ ਹੁੰਦੇ ਹਨ। ਵਰਕਸ਼ਾਪ ਦੌਰਾਨ ਜਸਕੀਰਤ ਸਿੰਘ ਮੁੱਖ ਬੁਲਾਰੇ ਨੇ ਵਿਦਿਆਰਥੀਆਂ ਨਾਲ ਵਿੱਤੀ ਯੋਜਨਾਬੰਦੀ, ਨਿੱਜੀ ਬੱਚਤ ਅਤੇ ਪੈਸੇ ਦੇ ਜ਼ਿੰਮੇਵਾਰ ਪ੍ਰਬੰਧਨ ਸਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸੌਖੇ ਅਤੇ ਦਿਲਚਸਪ ਢੰਗ ਨਾਲ ਸਮਝਾਇਆ ਕਿ ਆਪਣੀ ਆਮਦਨ ਅਤੇ ਖਰਚਿਆਂ ਨੂੰ ਕਿਵੇਂ ਸਮਝਿਆ ਜਾਵੇ ਅਤੇ ਭਵਿੱਖ ਲਈ ਬੱਚਤ ਕਰਨ ਦੀ ਆਦਤ ਕਿਵੇਂ ਵਿਕਸਿਤ ਕੀਤੀ ਜਾ ਸਕਦੀ ਹੈ। ਇਸ ਉਪਰਾਲੇ ਨੂੰ ਨਨਕਾਣਾ ਸਾਹਿਬ ਟਰਾਂਸਪੋਰਟ ਵੱਲੋਂ ਵੀ ਸਹਿਯੋਗ ਪ੍ਰਦਾਨ ਕੀਤਾ ਗਿਆ। ਫਿੱਕੀ ਫਲੋ ਲੁਧਿਆਣਾ ਦੀ ਐਗਜ਼ੈਕਟਿਵ ਹੈੱਡ ਜਸਲੀਨ ਨਨਕਾਣਾ ਨੇ ਕਿਹਾ ਕਿ ਵਿੱਤੀ ਜਾਗਰੂਕਤਾ ਜੀਵਨ ਦਾ ਇੱਕ ਬਹੁਤ ਜ਼ਰੂਰੀ ਹੁਨਰ ਹੈ। ਬੁਲਾਰਿਆਂ ਨੇ ਕਿਹਾ ਕਿ ਸਿੱਖਿਆ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਹੋਣੀ ਚਾਹੀਦੀ, ਸਗੋਂ ਵਿਦਿਆਰਥੀਆਂ ਨੂੰ ਜ਼ਿੰਦਗੀ ਨਾਲ ਜੁੜੇ ਜ਼ਰੂਰੀ ਹੁਨਰਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਵਿੱਤੀ ਸਾਖਰਤਾ ਵਰਗੇ ਉਪਰਾਲੇ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਸਬੰਧੀ ਬਿਹਤਰ ਫ਼ੈਸਲੇ ਲੈਣ ਲਈ ਤਿਆਰ ਕਰਦੇ ਹਨ। ਇਨੀਸ਼ੀਏਟਰਜ਼ ਆਫ਼ ਚੇਂਜ ਦੇ ਸੰਸਥਾਪਕ ਗੌਰਵਦੀਪ ਸਿੰਘ ਨੇ ਕਿਹਾ ਕਿ ਸਿੱਖਿਆ ਦਾ ਮਕਸਦ ਬੱਚੇ ਨੂੰ ਸਿਰਫ਼ ਕਮਾਉਣ ਦੇ ਯੋਗ ਬਣਾਉਣਾ ਹੀ ਨਹੀਂ, ਸਗੋਂ ਉਸ ਨੂੰ ਪੈਸੇ ਦੀ ਅਸਲ ਕੀਮਤ ਸਮਝਾਉਣਾ ਵੀ ਹੋਣਾ ਚਾਹੀਦਾ ਹੈ। ਛੋਟੀ ਉਮਰ ਵਿੱਚ ਵਿੱਤੀ ਸਾਖਰਤਾ ਇਨ੍ਹਾਂ ਵਿਦਿਆਰਥੀਆਂ ਨੂੰ ਵਧੇਰੇ ਆਤਮਵਿਸ਼ਵਾਸ, ਆਤਮਨਿਰਭਰਤਾ ਅਤੇ ਆਪਣੇ ਭਵਿੱਖ ਲਈ ਬਿਹਤਰ ਫੈਸਲੇ ਲੈਣ ਦੀ ਸਮਰੱਥਾ ਦੇ ਸਕਦੀ ਹੈ।
---