
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

25 ਅਗਸਤ ਨੂੰ ਜਨਰਲ ਹਾਊਸ ਵਿੱਚ ਹੋਵੇਗੀ ਸੱਤਾਧਾਰੀਆਂ ਦੀ ਅਗਨੀ ਪ੍ਰੀਖਿਆ

-ਦੋ ਮੈਂਬਰ ਜਿਤਾਉਣ ਲਈ ਜੁਗਤ ਦੀ ਲੋੜ, ਵਿਰੋਧੀ ਧਿਰਾਂ ਦੀ ਏਕਤਾ ਸੱਤਾਧਾਰੀਆਂ 'ਤੇ ਪੈ ਸਕਦੀ ਹੈ ਭਾਰੀ
ਵਰਿੰਦਰ ਰਾਣਾ, ਪੰਜਾਬੀ ਜਾਗਰਣ, ਲੁਧਿਆਣਾ
ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਲਈ 25 ਅਗਸਤ ਦਾ ਦਿਨ ਕਿਸੇ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਹੋਵੇਗਾ। ਹਾਈਕੋਰਟ ਦੇ ਹੁਕਮਾਂ 'ਤੇ ਇਸ ਦਿਨ ਨਿਗਮ ਜਨਰਲ ਹਾਊਸ ਦੀ ਬੈਠਕ ਵਿੱਚ ਵਿੱਤ ਤੇ ਠੇਕਾ ਕਮੇਟੀ (ਐਫ਼ ਐਂਡ ਸੀਸੀ) ਦੇ 2 ਮੈਂਬਰਾਂ ਲਈ ਚੋਣ ਹੋਵੇਗੀ। ਇਹ ਚੋਣ ਬਾਕੀ ਚੋਣਾਂ ਤੋਂ ਕੁੱਝ ਵੱਖਰੀ ਕਿਸਮ ਦੀ ਹੋਵੇਗੀ। ਇਸ ਵਿੱਚ ਸੱਤਾ ਪੱਖ ਅਤੇ ਵਿਰੋਧੀ ਧਿਰ ਤੋਂ ਜਿੰਨੇ ਵੀ ਉਮੀਦਵਾਰ ਮੈਦਾਨ ਵਿੱਚ ਉਤਰਨਗੇ, ਉਨ੍ਹਾਂ ਲਈ ਕੌਂਸਲਰ ਸਿਰਫ਼ ਇੱਕ ਵਾਰ ਹੀ ਵੋਟ ਪਾ ਸਕਣਗੇ।
ਅਜਿਹੇ ’ਚ ਹੁਣ ਸੱਤਾਧਾਰੀ ਤੋਂ ਲੈ ਕੇ ਵਿਰੋਧੀ ਧਿਰਾਂ ਤੱਕ ਸਾਰੇ ਆਪੋ-ਆਪਣੀ ਰਣਨੀਤੀ ਘੜਨ ਵਿੱਚ ਲੱਗੇ ਹੋਏ ਹਨ। ਜੇਕਰ ਵਿਰੋਧੀ ਧਿਰਾਂ ਇੱਕਜੁੱਟ ਹੋ ਕੇ ਕਿਸੇ ਇੱਕ ਉਮੀਦਵਾਰ ਨੂੰ ਹਮਾਇਤ ਦੇ ਦਿੰਦੀਆਂ ਹਨ, ਤਾਂ ਸੱਤਾਧਾਰੀ ਪਾਰਟੀ ਲਈ ਇਹ ਟੇਢੀ ਖੀਰ ਬਣ ਜਾਵੇਗਾ। ਸੰਭਾਵਨਾ ਹੈ ਕਿ ਦੋਵੇਂ ਮੈਂਬਰ ਵਿਰੋਧੀ ਧਿਰ ਤੋਂ ਚੁਣੇ ਜਾਣ। ਉੱਧਰ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਵਿਚਾਲੇ ਚੱਲ ਰਹੀ ਖਿੱਚੋਤਾਣ ਵੀ ਨੁਕਸਾਨ ਪਹੁੰਚਾ ਸਕਦੀ ਹੈ। ਇਸ ਵਾਰ ਵੀ ਨਿਗਮ ਵਿੱਚ ਐਫ਼ ਐਂਡ ਸੀਸੀ ਵਿੱਚ ਸਭ ਠੀਕ ਚੱਲ ਰਿਹਾ ਸੀ। ਕੁੱਝ ਸਮਾਂ ਪਹਿਲਾਂ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ-ਡਿਪਟੀ ਮੇਅਰ ਵਿਚਾਲੇ ਕੁੱਝ ਗੱਲਾਂ ਨੂੰ ਲੈ ਕੇ ਖਿੱਚੋਤਾਣ ਸ਼ੁਰੂ ਹੋ ਗਈ। ਕਿਉਂਕਿ ਐਫ਼ ਐਂਡ ਸੀਸੀ ਵਿੱਚ ਮਤਾ ਪਾਸ ਕਰਵਾਉਣ ਲਈ ਦੋਵਾਂ ਦੇ ਦਸਤਖ਼ਤ ਹੋਣੇ ਜ਼ਰੂਰੀ ਹੁੰਦੇ ਹਨ, ਕਈ ਮਾਮਲਿਆਂ ਵਿੱਚ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਆਨਾਕਾਨੀ ਕਰਨ ਲੱਗ ਪਏ।
ਆਖ਼ਰਕਾਰ ਫ਼ੈਸਲਾ ਲਿਆ ਗਿਆ ਕਿ ਇਨ੍ਹਾਂ ਦੀ ਤਾਕਤ ਘਟਾਉਣ ਲਈ ਦੋ ਮੈਂਬਰ ਜੋੜ ਲਏ ਜਾਣ, ਤਾਂ ਜੋ ਜੇਕਰ ਸੀਨੀਅਰ ਡਿਪਟੀ ਤੇ ਡਿਪਟੀ ਮੇਅਰ ਕਿਸੇ ਮਾਮਲੇ 'ਤੇ ਅੜਿੱਕਾ ਪਾਉਣ, ਤਾਂ ਦੋ ਮੈਂਬਰਾਂ ਦੀ ਵੋਟ ਨਾਲ ਮਤਾ ਪਾਸ ਹੋ ਜਾਵੇ। ਇਸ ਵਿੱਚ ਵਿਧਾਇਕ ਮਦਨ ਲਾਲ ਬੱਗਾ ਅਤੇ ਵਿਧਾਇਕ ਕੁਲਵੰਤ ਸਿੱਧੂ ਦੇ ਕੌਂਸਲਰ ਪੁੱਤਰ ਨੂੰ ਮੈਂਬਰ ਬਣਾ ਦਿੱਤਾ ਗਿਆ। ਕਾਂਗਰਸੀ ਕੌਂਸਲਰ ਗੌਰਵ ਭੱਟੀ ਨੇ ਇਸ ਖ਼ਿਲਾਫ਼ ਹਾਈਕੋਰਟ ਵਿੱਚ ਪਟੀਸ਼ਨ ਪਾ ਦਿੱਤੀ। ਹੁਣ ਅਦਾਲਤ ਨੇ 25 ਅਗਸਤ ਨੂੰ ਵੋਟਿੰਗ ਕਰਵਾਉਣ ਦੇ ਹੁਕਮ ਦਿੱਤੇ ਹਨ।
ਇੰਝ ਨੇਪਰੇ ਚੜ੍ਹੇਗੀ ਚੋਣ ਪ੍ਰਕਿਰਿਆ
ਨਿਗਮ ਹਾਊਸ ਵਿੱਚ 25 ਅਗਸਤ ਨੂੰ ਤੀਜੀ ਵਾਰ ਵੋਟਿੰਗ ਹੋਵੇਗੀ। ਇਸ ਤੋਂ ਪਹਿਲਾਂ ਸਾਲ 1997 ਅਤੇ 2002 ਵਿੱਚ ਐਫ਼ ਐਂਡ ਸੀਸੀ ਮੈਂਬਰਾਂ ਲਈ ਵੋਟਿੰਗ ਹੋ ਚੁੱਕੀ ਹੈ। ਸਰਕਾਰ ਦੇ ਹੁਕਮਾਂ 'ਤੇ ਜਨਰਲ ਹਾਊਸ ਦੀ ਬੈਠਕ ਪਟਿਆਲਾ ਡਿਵੀਜ਼ਨਲ ਕਮਿਸ਼ਨਰ ਜਾਂ ਫਿਰ ਡੀਸੀ ਚੇਅਰ ਕਰਨਗੇ, ਕਿਉਂਕਿ ਇਸ ਦਿਨ ਮੇਅਰ ਨੂੰ ਆਪਣੀ ਵੋਟ ਪਾਉਣੀ ਹੋਵੇਗੀ ਤੇ ਉਹ ਹਾਊਸ ਵਿੱਚ ਕੌਂਸਲਰਾਂ ਵਾਲੇ ਪਾਸੇ ਰਹੇਗੀ। ਸੱਤਾ ਪੱਖ ਆਪਣੇ ਦੋ ਉਮੀਦਵਾਰਾਂ ਦੇ ਨਾਂ ਰੱਖੇਗਾ। ਇਸ ਤੋਂ ਬਾਅਦ ਕਾਂਗਰਸ, ਭਾਜਪਾ ਅਤੇ ਸ੍ਰੋਮਣੀ ਅਕਾਲੀ ਦਲ ਆਪਣੇ ਉਮੀਦਵਾਰਾਂ ਦੇ ਨਾਂ ਰੱਖ ਸਕਦੇ ਹਨ। ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਵਿਰੋਧੀ ਧਿਰਾਂ ਇੱਕਜੁੱਟ ਹੋ ਕੇ ਇੱਕ-ਇੱਕ ਉਮੀਦਵਾਰ ਦਿੰਦੀਆਂ ਹਨ ਜਾਂ ਵੱਖ-ਵੱਖ ਉਮੀਦਾਰ ਦਿੰਦੀਆਂ ਹਨ। 94 ਕੌਂਸਲਰ ਇੱਕੋ ਵਾਰ ਵਿੱਚ ਮੈਦਾਨ ਵਿੱਚ ਉਤਰੇ ਸਾਰੇ ਉਮੀਦਵਾਰਾਂ ਲਈ ਹੱਥ ਖੜ੍ਹਾ ਕਰਕੇ ਵੋਟ ਪਾਉਣਗੇ। ਇੱਕ ਕੌਂਸਲਰ ਸਿਰਫ਼ ਇੱਕ ਵਾਰ ਹੀ ਵੋਟ ਪਾ ਸਕਦਾ ਹੈ। 'ਆਪ' ਕੋਲ 48 ਕੌਂਸਲਰ ਹਨ, ਤਾਂ ਉਹ ਦੋਵਾਂ ਉਮੀਦਵਾਰਾਂ ਨੂੰ 24-24 ਵੋਟਾਂ ਪਾ ਸਕਦੀ ਹੈ। ਜੇਕਰ ਕਾਂਗਰਸ ਇੱਕੋ ਉਮੀਦਵਾਰ ਨੂੰ ਵੋਟ ਪਾਉਂਦੀ ਹੈ ਤਾਂ ਉਸ ਦਾ ਇੱਕ ਮੈਂਬਰ ਸੌਖਿਆਂ ਹੀ ਜੇਤੂ ਹੋ ਸਕਦਾ ਹੈ। ਭਾਜਪਾ ਇਸ ਮਾਮਲੇ 'ਤੇ ਕੀ ਰੁਖ਼ ਅਪਣਾਉਂਦੀ ਹੈ, ਇਹ ਉਸ ਦਿਨ ਹੀ ਪਤਾ ਲੱਗੇਗਾ।
-ਬਾਕਸ
ਨਿਗਮ ’ਚ ਕੌਸਲਰਾਂ ਦੀ ਗਿਣਤੀ
ਆਪ -48
ਕਾਂਗਰਸ- 25
ਭਾਜਪਾ - 18
ਸ਼੍ਰੋਮਣੀ ਅਕਾਲੀ ਦਲ -02
ਆਜ਼ਾਦ - 01
ਕੁੱਲ ਗਿਣਤੀ - 95
ਵਾਰਡ-ਅੱਠ ਤੋਂ ਕੌਂਸਲਰ ਰਾਜੂ ਦੀ ਮੌਤ ਹੋ ਚੁੱਕੀ ਹੈ, ਸਿਰਫ਼ 94 ਕੌਂਸਲਰ ਹੀ ਵੋਟ ਪਾ ਸਕਣਗੇ।
ਵਾਰਡ-24 ਤੋਂ ਕਾਂਗਰਸੀ ਕੌਂਸਲਰ ਗੁਰਮੀਤ ਸਿੰਘ ਮੁੰਡੀਆਂ ਵੀ 'ਆਪ' ’ਚ ਸ਼ਾਮਲ ਹੋ ਚੁੱਕੇ ਹਨ।
-ਬਾਕਸ-
ਅਕਾਲੀ ਦਲ ਸਮੇਂ ਵਿਰੋਧੀ ਧਿਰ ਨੂੰ ਮਿਲੀ ਸੀ ਥਾਂ : ਗੋਹਲਵੜੀਆ
ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ ਨੇ ਕਿਹਾ ਕਿ ਹੁਣ ਤੱਕ ਦੋ ਵਾਰ ਇਸ ਤਰ੍ਹਾਂ ਵੋਟਿੰਗ ਹੋ ਚੁੱਕੀ ਹੈ, ਪਰ ਮੇਰੇ ਕਾਰਜਕਾਲ ਵਿੱਚ ਐਫ਼ ਐਂਡ ਸੀਸੀ ਵਿੱਚ ਇੱਕ ਮੈਂਬਰ ਵਿਰੋਧੀ ਧਿਰ ਤੋਂ ਲਿਆ ਗਿਆ ਸੀ, ਇਸ ਲਈ ਕੋਈ ਵਿਵਾਦ ਨਹੀਂ ਹੋਇਆ। 25 ਅਗਸਤ ਨੂੰ ਦੁਬਾਰਾ ਵੋਟਿੰਗ ਹੋਵੇਗੀ, ਜਿਸ ਵਿੱਚ ਹਰ ਕੌਂਸਲਰ ਦੋਵਾਂ ਮੈਂਬਰਾਂ ਲਈ ਸਿਰਫ਼ ਇੱਕ ਵਾਰ ਵੋਟ ਪਾ ਸਕਦਾ ਹੈ। ਇਸ ਲਈ ਚੋਣ ਜਿੱਤਣੀ ਏਨੀ ਸੌਖੀ ਨਹੀਂ ਹੋਵੇਗੀ। ਇਸ ਵਾਰ ਹੱਥ ਖੜ੍ਹੇ ਕਰਕੇ ਵੋਟ ਪਾਉਣ ਦੀ ਗੱਲ ਕਹੀ ਜਾ ਰਹੀ ਹੈ, ਮੇਰਾ ਮੰਨਣਾ ਹੈ ਕਿ ਵੋਟ ਪਰਚੀ ਰਾਹੀਂ ਪਵਾਈ ਜਾਣੀ ਚਾਹੀਦੀ ਹੈ, ਤਾਂ ਜੋ ਹਰ ਕੋਈ ਖੁੱਲ੍ਹ ਕੇ ਆਪਣੀ ਵੋਟ ਦੀ ਵਰਤੋਂ ਕਰ ਸਕੇ।