- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਚਲੂ ਨਗਰ 'ਚ ਸੜਕ ਧੱਸਣ ਮਗਰੋਂ ਨਿਗਮ ਪ੍ਰਸ਼ਾਸਨ ਵੱਲੋਂ ਜੰਗੀ ਪੱਧਰ 'ਤੇ ਬਚਾਅ ਕਾਰਜ ਜਾਰੀ

-ਸੜਕ ਹੇਠਾਂ ਕੇਬਲਾਂ ਕਿਸ ਕੰਪਨੀ ਨੇ ਵਿਛਾਈਆਂ, ਖੜ੍ਹੇ ਕੀਤੇ ਸਵਾਲ, ਜਾਂਚ ਸ਼ੁਰੂ
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ : ਸ਼ਹਿਰ ਦੇ ਪਾਸ਼ ਇਲਾਕੇ ਕਿਚਲੂ ਨਗਰ ਦੇ ਬੀ ਬਲਾਕ ਵਿੱਚ ਵੀਰਵਾਰ ਨੂੰ ਸਵੇਰ ਸਮੇਂ ਪਏ ਤੇਜ਼ ਮੀਂਹ ਮਗਰੋਂ ਧੱਸੀ ਮੁੱਖ ਸੜਕ ਨੇ ਨਿਗਮ ਪ੍ਰਸ਼ਾਸਨ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਸੜਕ ਧੱਸਣ ਕਾਰਨ ਕਰੀਬ 20 ਫੁੱਟ ਡੂੰਘਾ ਟੋਆ ਪੈਣ ਨਾਲ ਨੇੜਲੇ ਮਕਾਨਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਹਾਲਾਤ ਨੂੰ ਦੇਖਦਿਆਂ ਨਿਗਮ ਵੱਲੋਂ ਬਚਾਅ ਤੇ ਸੁਰੱਖਿਆ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ। ਸ਼ੁੱਕਰਵਾਰ ਸਵੇਰੇ ਨਿਗਮ ਕਮਿਸ਼ਨਰ ਅਲੰਕਾਰ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਸਮੇਤ ਹੋਰ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਚੱਲ ਰਹੇ ਬਚਾਅ ਕੰਮਾਂ ਦਾ ਜਾਇਜ਼ਾ ਲਿਆ।
ਅਧਿਕਾਰੀਆਂ ਨੇ ਪ੍ਰਭਾਵਿਤ ਸੜਕ ਅਤੇ ਨੇੜਲੇ ਮਕਾਨਾਂ ਦੀ ਸੁਰੱਖਿਆ ਨੂੰ ਲੈ ਕੇ ਸਬੰਧਤ ਅਧਿਕਾਰੀਆਂ ਨੂੰ ਲੁੜੀਂਦੇ ਨਿਰਦੇਸ਼ ਦਿੱਤੇ। ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੇ ਦੱਸਿਆ ਕਿ ਸੜਕ ਧੱਸਣ ਨਾਲ ਪ੍ਰਭਾਵਿਤ ਹੋਏ ਮਕਾਨ ਨੰਬਰ 67-ਬੀ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਡੂੰਘੇ ਟੋਏ ਵਿੱਚ ਸੀਵਰੇਜ ਦਾ ਪਾਣੀ ਇਕੱਠਾ ਹੋਣ ਕਾਰਨ ਮਕਾਨ ਦੀ ਨੀਂਹ ਨੂੰ ਹੋਰ ਨੁਕਸਾਨ ਪੁੱਜਣ ਦਾ ਖ਼ਦਸ਼ਾ ਹੈ। ਇਸ ਨੂੰ ਦੇਖਦਿਆਂ ਪਹਿਲੇ ਪੜਾਅ ’ਚ ਟੋਏ ਨੂੰ ਤਰਪਾਲ ਨਾਲ ਢੱਕ ਕੇ ਸੀਵਰੇਜ ਦੀ ਮਜ਼ਬੂਤ ਕੰਧ ਬਣਾਈ ਜਾ ਰਹੀ ਹੈ। ਇਸ ਤੋਂ ਬਾਅਦ ਮਕਾਨ ਦੀ ਸੁਰੱਖਿਆ ਲਈ ਆਰਸੀਸੀ ਦੀ ਮਜ਼ਬੂਤ ਕੰਧ ਬਣਾਈ ਜਾਵੇਗੀ। ਸਹਾਇਕ ਕਮਿਸ਼ਨਰ ਸੇਖੋਂ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸੜਕ ਹੇਠ ਭੂਮੀਗਤ ਕੇਬਲਾਂ ਵਿਛਾਉਣ ਨਾਲ ਜੁੜਿਆ ਮਾਮਲਾ ਸਾਹਮਣੇ ਆਇਆ ਹੈ। ਨਿਗਮ ਵੱਲੋਂ ਹੁਣ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਸੜਕ ਹੇਠ ਇਹ ਕੇਬਲਾਂ ਕਿਸ ਕੰਪਨੀ ਵੱਲੋਂ ਤੇ ਕਿਹੜੇ ਤਰੀਕੇ ਨਾਲ ਵਿਛਾਈਆਂ ਸਨ। ਜਾਂਚ ਉਪਰੰਤ ਜੇਕਰ ਕਿਸੇ ਕੰਪਨੀ ਜਾਂ ਏਜੰਸੀ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਸਹਾਇਕ ਕਮਿਸ਼ਨਰ ਨੇ ਕਿਹਾ ਕਿ ਇਸ ਸਮੇਂ ਨਿਗਮ ਦੀ ਪਹਿਲੀ ਤਰਜੀਹ ਇਲਾਕੇ ਅਤੇ ਨੇੜਲੇ ਮਕਾਨਾਂ ਨੂੰ ਸੁਰੱਖਿਅਤ ਬਣਾਉਣਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਚਾਅ ਕਾਰਜਾਂ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਪਵੇ, ਇਸ ਲਈ ਕਿਚਲੂ ਨਗਰ ਤੋਂ ਡੀਐਮਸੀ ਰੋਡ ਵੱਲ ਜਾਣ ਵਾਲੇ ਵਾਹਨ ਚਾਲਕ ਫਿਲਹਾਲ ਬਦਲਵੇਂ ਰਸਤੇ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਟੋਆ ਪੂਰੀ ਤਰ੍ਹਾਂ ਭਰਨ, ਸੜਕ ਦੀ ਮੁਰੰਮਤ ਕਰਨ ਤੇ ਆਵਾਜਾਈ ਆਮ ਵਾਂਗ ਬਹਾਲ ਕਰਨ ਵਿੱਚ ਕੁਝ ਸਮਾਂ ਲੱਗ ਸਕਦਾ ਹੈ।