- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਸਾਬਕਾ ਕੇਂਦਰੀ ਮੰਤਰੀ ਬਿੱਟੂ ਨੇ ਸਰਕਾਰੀ ਸਮਾਰਟ ਸਕੂਲ ਦਾ ਕੀਤਾ ਅਚਨਚੇਤ ਨਿਰੀਖਣ

-ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਤੇ ਸਰਕਾਰੀ ਸਕੂਲਾਂ ਦੇ ਪ੍ਰਬੰਧਾਂ 'ਤੇ ਚੁੱਕੇ ਸਵਾਲ
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ
ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੋਮਵਾਰ ਨੂੰ ਸਵੇਰੇ ਲੁਧਿਆਣਾ ਦੇ ਕੁੰਦਨਪੁਰੀ ਸਥਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦਾ ਅਚਨਚੇਤ ਨਿਰੀਖਣ ਕੀਤਾ। ਨਿਰੀਖਣ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਤੇ ਸਰਕਾਰੀ ਸਕੂਲਾਂ ਦੇ ਪ੍ਰਬੰਧਾਂ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਸਰਕਾਰ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਬਣਾਉਣ ਅਤੇ ਸਕੂਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਦੇ ਦਾਅਵੇ ਕਰ ਰਹੀ ਹੈ, ਪਰ ਜ਼ਮੀਨੀ ਪੱਧਰ 'ਤੇ ਕਈ ਸਕੂਲ ਅਜੇ ਵੀ ਬੁਨਿਆਦੀ ਸਹੂਲਤਾਂ ਲਈ ਸੰਘਰਸ਼ ਕਰ ਰਹੇ ਹਨ। ਨਿਰੀਖਣ ਦੌਰਾਨ ਸਰਕਾਰੀ ਸਕੂਲ ਵਿੱਚ ਕਮਰਿਆਂ ਦੀ ਘਾਟ ਕਾਰਨ ਬੱਚਿਆਂ ਨੂੰ ਬਰਾਂਡੇ ਵਿੱਚ ਬਿਠਾ ਕੇ ਪੜ੍ਹਾਇਆ ਜਾ ਰਿਹਾ ਸੀ। ਕੁੱਝ ਕਲਾਸ ਰੂਮ ’ਚ ਪੱਖੇ ਬੰਦ ਮਿਲੇ, ਜਿਸ ਨਾਲ ਬੱਚੇ ਗਰਮੀ ਵਿੱਚ ਬੈਠੇ ਮਿਲੇ।
ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਅਨੁਕੂਲ ਮਾਹੌਲ ਹੀ ਨਹੀਂ ਮਿਲੇਗਾ, ਤਾਂ ਬਿਹਤਰ ਸਿੱਖਿਆ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਬਿੱਟੂ ਨੇ ਕਿਹਾ ਕਿ ਸਕੂਲਾਂ ਵਿੱਚ ਸਾਫ਼-ਸੁਥਰਾ ਮਾਹੌਲ ਬੱਚਿਆਂ ਦੀ ਸਿਹਤ ਅਤੇ ਪੜ੍ਹਾਈ, ਦੋਵਾਂ ਲਈ ਜ਼ਰੂਰੀ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਨਿਯਮਤ ਤੌਰ 'ਤੇ ਸਫ਼ਾਈ ਅਤੇ ਦੇਖਭਾਲ ਯਕੀਨੀ ਬਣਾਉਣ ਲਈ ਕਿਹਾ। ਸਾਬਕਾ ਕੇਂਦਰੀ ਮੰਤਰੀ ਬਿੱਟੂ ਨੇ ਨਿਰੀਖਣ ਦੌਰਾਨ ਮਿਡ-ਡੇ ਮੀਲ ਦਾ ਪ੍ਰਬੰਧ ਦੇਖ ਦੰਗ ਰਹਿ ਗਏ, ਜਦੋਂ ਉਨ੍ਹਾਂ ਨੇ ਸਕੂਲ ਵਿੱਚ ਬੱਚਿਆਂ ਲਈ ਤਿਆਰ ਕੀਤਾ ਜਾਣ ਵਾਲਾ ਭੋਜਨ ਖੁੱਲ੍ਹੇ ਅਸਮਾਨ ਹੇਠ ਬਣਦਾ ਦੇਖਿਆ। ਉਨ੍ਹਾਂ ਨੇ ਇਸ ਨੂੰ ਬੱਚਿਆਂ ਦੀ ਸਿਹਤ ਖਿਲਵਾੜ ਦੱਸਦਿਆਂ ਕਿਹਾ ਕਿ ਭੋਜਨ ਸਾਫ਼ ਤੇ ਸੁਰੱਖਿਅਤ ਮਾਹੌਲ ਵਿੱਚ ਤਿਆਰ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਦੇਖਿਆ ਕਿ ਰਸੋਈ ਗੈਸ ਦੇ ਸਿਲੰਡਰ ਖੁੱਲ੍ਹੇ ਸਥਾਨ 'ਤੇ ਰੱਖੇ ਹੋਏ ਸਨ, ਜਦੋਂ ਕਿ ਨੇੜੇ ਹੀ ਬੱਚਿਆਂ ਦੀਆਂ ਕਲਾਸਾਂ ਚੱਲ ਰਹੀਆਂ ਸਨ। ਉਨ੍ਹਾਂ ਨੇ ਇਸ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਗੰਭੀਰ ਵਿਸ਼ਾ ਦੱਸਿਆ ਅਤੇ ਕਿਹਾ ਕਿ ਅਜਿਹੇ ਪ੍ਰਬੰਧਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਵਰਤੀ ਜਾਣੀ ਚਾਹੀਦੀ। ਇਸ ਮੌਕੇ ਰਵਨੀਤ ਸਿੰਘ ਬਿੱਟੂ ਨਾਲ ਕਈ ਭਾਜਪਾ ਆਗੂ ਵੀ ਹਾਜ਼ਰ ਸਨ।
-ਬਾਕਸ-
-ਹਾਥੀ ਦੇ ਦੰਦ ਖਾਣ ਦੇ ਹੋਰ ਤੇ ਵਿਖਾਉਣ ਦੇ ਹੋਰ
ਬਿੱਟੂ ਨੇ ਕਿਹਾ ਕਿ ਪ੍ਰਾਇਮਰੀ ਸਕੂਲ ਸਿੱਖਿਆ 'ਚ ਆਪਣੇ ਆਪ ਨੂੰ ਇੱਕ ਨੰਬਰ 'ਤੇ ਕਹਿਣ ਵਾਲੇ ਅਖੌਤੀਆਂ ਦੀ ਸੱਚਾਈ ਦੇਖ ਲਓ।ਬਿੱਟੂ ਨੇ ਕਿਹਾ ਕਿ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਵਿਖਾਉਣ ਦੇ ਹੋਰ ਹਨ। ਉਨ੍ਹਾਂ ਕਿਹਾ ਕਿ 'ਸਮਾਰਟ ਸਕੂਲ' ਦੀ ਜ਼ਮੀਨੀ ਹਕੀਕਤ ਇਹ ਹੈ ਕਿ ਇਮਾਰਤ ਡਿੱਗਣ ਕਿਨਾਰੇ ਹੈ,ਸਟਾਫ਼ ਦੀ ਭਾਰੀ ਘਾਟ ਹੈ,ਬਰਾਂਡਿਆਂ 'ਚ ਕਲਾਸਾਂ ਲੱਗਦੀਆਂ ਹਨ, ਸ਼ਿਫਟਾਂ ਦਾ ਓਵਰਲੋਡ ਸਿਸਟਮ ਹੈ, ਸਮਾਰਟ ਕਲਾਸਾਂ ਗਾਇਬ ਹਨ, ਕੋਈ ਖੇਡ ਮੈਦਾਨ ਨਹੀਂ ਹੈ। ਉਨ੍ਹਾਂ ਸਵਾਲ ਕੀਤਾ ਕਿ ਇਹ ਹੀ ਪੰਜਾਬ ਦੀ ਆਪ ਸਰਕਾਰ ਦੀ ਬਹੁ-ਪ੍ਰਚਾਰਿਤ ‘ਸਿੱਖਿਆ ਕ੍ਰਾਂਤੀ’ ਹੈ।
-ਬਾਕਸ-
-ਬਰਸਾਤੀ ਡੱਡੂ ਬਿੱਟੂ ਨੂੰ ਹੁਣ ਲੁਧਿਆਣਾ ਦੀ ਯਾਦ ਆ ਗਈ : ਵਿਧਾਇਕ ਬੱਗਾ
ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਬਰਸਾਤੀ ਡੱਡੂ ਆਖਦਿਆਂ ਕਿਹਾ ਕਿ ਕੇਂਦਰੀ ਵਜ਼ੀਰ ਹੁੰਦਿਆਂ ਉਨ੍ਹਾਂ ਨੇ ਲੁਧਿਆਣਾ ਤੇ ਪੰਜਾਬ ਦੇ ਭਲਾ ਲਈ ਕੁੱਝ ਵੀ ਨਹੀਂ ਕੀਤਾ। ਇਸੇ ਕਰਕੇ ਉਸ ਨੂੰ ਕੇਂਦਰੀ ਵਜ਼ਾਰਤ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਹੈ। ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਪਿਛਲੇ ਸਾਢੇ 4 ਸਾਲਾਂ ਵਿੱਚ ਲੁਧਿਆਣਾ ਦੇ ਸਰਬਪੱਖੀ ਵਿਕਾਸ ਲਈ ਕੀਤਾ ਹੈ, ਉਹ ਕੋਈ ਹੋਰ ਸਰਕਾਰ ਨੇ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਰਕੇ ਬਿੱਟੂ ਨੂੰ ਲੁਧਿਆਣਾ ਦੀ ਯਾਦ ਆ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਸਭ ਲੋਕ ਜਾਣਦੇ ਹਨ।