- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ’ਚ 697 ਕਿਲੋਮੀਟਰ ਸੜਕਾਂ ਦੀ ਮਸ਼ੀਨਾਂ ਨਾਲ ਸਫ਼ਾਈ ਦਾ ਮਤਾ ਰੱਦ

-ਸਟੇਡੀਅਮ ਦੀਆਂ ਲਾਈਟਾਂ ਅਪਗ੍ਰੇਡ ਕਰਨ ਦਾ ਮਤਾ ਵੀ ਰੋਕਿਆ
ਵਰਿੰਦਰ ਰਾਣਾ, ਪੰਜਾਬੀ ਜਾਗਰਣ, ਲੁਧਿਆਣਾ
ਸ਼ਹਿਰ ਦੀਆਂ 697 ਕਿਲੋਮੀਟਰ ਲੰਬੀਆਂ ਪ੍ਰਮੁੱਖ ਸੜਕਾਂ ਦੀ ਮਸ਼ੀਨਾਂ ਨਾਲ ਸਫ਼ਾਈ ਕਰਵਾਉਣ ਦਾ ਮਤਾ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ (ਐੱਫਐਂਡਸੀਸੀ) ਨੇ ਰੱਦ ਕਰ ਦਿੱਤਾ। ਇਸ ਮਤੇ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਸਿਆਸੀ ਘਮਾਸਾਨ ਚੱਲ ਰਿਹਾ ਸੀ। ਇਨਡੋਰ ਸਟੇਡੀਅਮ ਵਿੱਚ 70 ਲੱਖ ਰੁਪਏ ਦੀ ਲਾਗਤ ਨਾਲ ਲਾਈਟਾਂ ਅਪਗ੍ਰੇਡ ਕਰਨ ਦਾ ਮਤਾ ਵੀ ਰੱਖ ਲਿਆ। ਹਲਕਾ ਲੁਧਿਆਣਾ ਪੂਰਬੀ ਦੇ ਵੱਖ-ਵੱਖ ਚੌਕਾਂ ’ਤੇ 24 ਹਾਈਮਾਸਟ ਲਾਈਟਾਂ ਲਗਾਉਣ ਦਾ ਮਤਾ ਵੀ ਕਮੇਟੀ ਨੇ ਰੱਦ ਕਰ ਦਿੱਤਾ। ਮੁੱਖ ਏਜੰਡੇ ਦੇ 23 ਮਤੇ ਰੱਖੇ ਗਏ ਸਨ। ਇਸ ਤੋਂ ਬਾਅਦ 44 ਮਤੇ ਟੇਬਲ ਏਜੰਡੇ ਵਜੋਂ ਰੱਖੇ ਗਏ। ਐੱਫਐਂਡਸੀਸੀ ਮੈਂਬਰ ਤੇ ਕੌਂਸਲਰ ਗੌਰਵ ਭੱਟੀ ਨੇ ਟੇਬਲ ਏਜੰਡੇ ’ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਪ੍ਰਸਤਾਵ ਪੜ੍ਹੇ ਬਿਨਾਂ ਉਨ੍ਹਾਂ ਨੂੰ ਪਾਸ ਨਹੀਂ ਕੀਤਾ ਜਾ ਸਕਦਾ। ਇਸ ਕਾਰਨ ਉਨ੍ਹਾਂ ਨੂੰ ਏਜੰਡਾ ਪੜ੍ਹਨ ਲਈ ਦੋ ਘੰਟੇ ਦਿੱਤੇ ਗਏ ਅਤੇ ਇਸ ਦੌਰਾਨ ਮੀਟਿੰਗ ਰੋਕ ਦਿੱਤੀ ਗਈ। ਟੇਬਲ ਏਜੰਡੇ ’ਚ ਨਿਗਮ ਦੇ 1208 ਆਊਟਸੋਰਸ ਮੁਲਾਜ਼ਮਾਂ ਨੂੰ ਇਕ ਸਾਲ ਦਾ ਐਕਸਟੈਂਸ਼ਨ ਦੇਣ ਦਾ ਪ੍ਰਸਤਾਵ ਵੀ ਸ਼ਾਮਲ ਸੀ। ਭੱਟੀ ਨੇ ਕਿਹਾ ਕਿ ਪਹਿਲਾਂ ਸਾਰੇ ਮੁਲਾਜ਼ਮਾਂ ਦੀ ਸੂਚੀ ਮੁਹੱਈਆ ਕਰਵਾਈ ਜਾਵੇ, ਤਾਂ ਜੋ ਪਤਾ ਲੱਗ ਸਕੇ ਕਿ ਕਿਹੜਾ ਮੁਲਾਜ਼ਮ ਕਿੱਥੇ ਕੰਮ ਕਰ ਰਿਹਾ ਹੈ। ਇਹ ਪ੍ਰਸਤਾਵ ਪੈਂਡਿੰਗ ਕਰ ਦਿੱਤਾ ਗਿਆ, ਜਦਕਿ ਮੁਲਾਜ਼ਮਾਂ ਨੂੰ ਐਕਸਟੈਂਸ਼ਨ ਦੇਣ ਦਾ ਮਾਮਲਾ ਨਿਗਮ ਹਾਊਸ ਵਿੱਚ ਭੇਜ ਦਿੱਤਾ ਗਿਆ ਹੈ।