
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਹਿਮ ਖ਼ਬਰ-ਵਾਰਡ ਨੰਬਰ 2 ਵਿੱਚ ਸੀਵਰੇਜ ਦੇ ਪਾਣੀ ਕਾਰਨ ਲੋਕ ਪ੍ਰੇਸ਼ਾਨ, ਨਿਗਮ ਖਿਲਾਫ਼ ਖੋਲ੍ਹਿਆ ਮੋਰਚਾ

-ਕੂੜੇ ਦੇ ਢੇਰ ਤੇ ਥਾਂ-ਥਾਂ ਪਈ ਗੰਦਗੀ ਬਿਮਾਰੀਆਂ ਨੂੰ ਦੇ ਰਹੀ ਸੱਦਾ
-ਸਾਬਕਾ ਵਿਧਾਇਕ ਢਿੱਲੋਂ ਨੇ ਨਿਗਮ ਤੇ ਸਰਕਾਰ ’ਤੇ ਚੁੱਕੇ ਸਵਾਲ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਦੇ ਵਾਰਡ ਨੰਬਰ 2 ਵਿੱਚ ਤਕਰੀਬਨ ਪਿਛਲੇ 8-9 ਮਹੀਨਿਆਂ ਤੋਂ ਬਿਨਾਂ ਬਰਸਾਤ ਦੇ ਵੀ ਪੂਰੇ ਇਲਾਕੇ ਵਿੱਚ ਸੀਵਰੇਜ ਦਾ ਪਾਣੀ ਭਰਿਆ ਹੋਇਆ ਹੈ। ਹਾਲਾਤ ਇੰਨੇ ਗੰਭੀਰ ਹਨ ਕਿ ਕਈ ਥਾਵਾਂ ’ਤੇ ਸੀਵਰੇਜ ਦੇ ਫੁਹਾਰੇ ਤੱਕ ਚੱਲ ਰਹੇ ਹਨ ਅਤੇ ਲੋਕ ਗੰਦੇ ਪਾਣੀ ਵਿੱਚੋਂ ਲੰਘਣ ਲਈ ਮਜਬੂਰ ਹਨ। ਹੋਰ ਤਾਂ ਹੋਰ ਵਾਰਡ ਵਿੱਚ ਕੂੜੇ ਦੇ ਲੱਗੇ ਢੇਰ ਤੇ ਪਈ ਗੰਦਗੀ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ।
ਸੀਵਰੇਜ਼ ਦੇ ਪਾਣੀ ਅਤੇ ਗੰਦਗੀ ਤੋਂ ਪ੍ਰੇਸ਼ਾਨ ਲੋਕਾਂ ਨੇ ਐਲਾਨ ਕੀਤਾ ਕਿ ਨਗਰ ਨਿਗਮ ਨੂੰ 7 ਦਿਨ ਦਾ ਸਮਾ ਦਿੱਤਾ ਜਾਦਾ ਹੈ। ਜੇ 7 ਦਿਨਾ ਵਿਚ ਲੋਕਾ ਨੂੰ ਇਸ ਮੁਸੀਬਤ ਤੋ ਨਿਜਾਤ ਨਾ ਦਿਵਾਈ, ਤਾ ਨਗਰ ਨਿਗਮ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ ਅਤੇ ਦਫਤਰ ਬੰਦ ਕਰ ਦਿੱਤਾ ਜਾਵੇਗਾ। ਵਾਰਡ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਵਿਸ਼ੇੇਸ਼ ਤੌਰ ’ਤੇ ਪੁੱਜੇ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਉਹ ਲਗਾਤਾਰ ਆਪਣੀ ਸਮੱਸਿਆ ਲੈ ਕੇ ਕੌਂਸਲਰ ਕੋਲ ਜਾਂਦੇ ਹਨ, ਪਰ ਉਨ੍ਹਾਂ ਕੋਲ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਸਮਾਂ ਹੀ ਨਹੀਂ ਹੈ। ਦੂਜੇ ਪਾਸੇ ਵਿਧਾਇਕ ਕੋਲ ਵੀ ਲੋਕ ਪਿਛਲੇ 8-9 ਮਹੀਨਿਆਂ ਤੋਂ ਲਗਾਤਾਰ ਜਾ ਰਹੇ ਹਨ ਉਸ ਕੋਲੋ ਵੀ “ਅੱਜ-ਕੱਲ੍ਹ” ਦੇ ਜਵਾਬ ਸੁਣਦੇ ਆ ਰਹੇ ਹਨ, ਪਰ ਸਮੱਸਿਆ ਦਾ ਹੱਲ ਨਹੀਂ ਹੋਇਆ।
ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇਸ ਇਲਾਕੇ ਵਿੱਚ ਛੋਟੇ ਬੱਚਿਆਂ ਦੇ ਤਿੰਨ ਸਕੂਲ ਵੀ ਹਨ। ਪਰ ਇਲਾਕੇ ਦੇ ਮੌਜੂਦਾ ਹਾਲਾਤ ਇਹ ਹਨ ਕਿ ਬੱਚਿਆਂ ਨੂੰ ਸਕੂਲ ਪਹੁੰਚਣ ਲਈ ਸੀਵਰੇਜ ਦੇ ਗੰਦੇ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ। ਵਰਦੀਆਂ ਤੇ ਬਸਤੇ ਗੰਦੇ ਪਾਣੀ ਨਾਲ ਭਿੱਜੇ ਹੋਏ ਬੱਚੇ ਕਿਸ ਤਰ੍ਹਾਂ ਪੜ੍ਹਾਈ ਕਰਦੇ ਹੋਣਗੇ, ਇਹ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇੱਕ ਪਾਸੇ ਸਰਕਾਰ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ ਬੱਚਿਆਂ ਨੂੰ ਸਕੂਲ ਜਾਣ ਲਈ ਵੀ ਸਾਫ਼ ਰਸਤਾ ਮੁਹੱਈਆ ਨਹੀਂ ਕਰਵਾ ਸਕੀ।
ਇਸ ਸਮੇਂ ਬਰਸਾਤੀ ਮੌਸਮ ਵੀ ਚੱਲ ਰਿਹਾ ਹੈ, ਜਿਸ ਕਾਰਨ ਇਲਾਕੇ ਵਿੱਚ ਖੜ੍ਹੇ ਗੰਦੇ ਪਾਣੀ ਤੋਂ ਡੇਂਗੂ ਅਤੇ ਹੋਰ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਬਣਿਆ ਹੋਇਆ ਹੈ। ਜੇਕਰ ਇਨ੍ਹਾਂ ਹਾਲਾਤਾਂ ਕਾਰਨ ਇਲਾਕੇ ਵਿੱਚ ਕੋਈ ਬਿਮਾਰੀ ਫੈਲਦੀ ਹੈ, ਤਾਂ ਇਸ ਦੀ ਸਿੱਧੀ ਜ਼ਿੰਮੇਵਾਰੀ ਨਗਰ ਨਿਗਮ, ਡਿਪਟੀ ਕਮਿਸ਼ਨਰ, ਸਿੱਖਿਆ ਵਿਭਾਗ, ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਦੀ ਹੋਵੇਗੀ।
ਇਲਾਕੇ ਵਿੱਚ ਲੁਧਿਆਣਾ ਦਾ ਨਾਮ ਰੌਸ਼ਨ ਕਰਨ ਵਾਲੇ ਹੌਜ਼ਰੀ ਕਾਰੋਬਾਰ ਦੇ ਕਈ ਵੱਡੇ ਕਾਰਖ਼ਾਨੇ ਵੀ ਸਥਿਤ ਹਨ। ਇਨ੍ਹਾਂ ਕਾਰਖਾਨਿਆਂ ਵਿੱਚ ਕੰਮ ਕਰਨ ਵਾਲੇ ਲੋਕ ਕਿਵੇਂ ਪਹੁੰਚਦੇ ਹਨ, ਕੱਚਾ ਮਾਲ ਕਿਵੇਂ ਅੰਦਰ ਆਉਂਦਾ ਹੈ ਅਤੇ ਤਿਆਰ ਮਾਲ ਕਿਵੇਂ ਗਾਹਕਾਂ ਤੱਕ ਪਹੁੰਚਦਾ ਹੈ ਇਹ ਉਹੀ ਲੋਕ ਜਾਣਦੇ ਹਨ। ਅਜਿਹੇ ਹਾਲਾਤਾਂ ਵਿੱਚ ਬਾਹਰੋਂ ਵਪਾਰੀ ਅਤੇ ਗਾਹਕਾਂ ਦਾ ਇਲਾਕੇ ਵਿੱਚ ਆਉਣਾ ਵੀ ਲਗਭਗ ਅਸੰਭਵ ਹੋ ਜਾਂਦਾ ਹੈ।
ਸਵਾਲ ਇਹ ਹੈ ਕਿ ਜਦੋਂ ਇਲਾਕੇ ਵਿੱਚ ਆਵਾਜਾਈ ਦਾ ਰਸਤਾ ਹੀ ਨਹੀਂ ਹੋਵੇਗਾ ਅਤੇ ਵਪਾਰ ਪ੍ਰਭਾਵਿਤ ਹੋਵੇਗਾ ਤਾਂ ਕਾਰੋਬਾਰ ਕਿਵੇਂ ਚੱਲੇਗਾ ਅਤੇ ਜਦੋਂ ਕਾਰੋਬਾਰ ਨਹੀਂ ਚੱਲੇਗਾ ਤਾਂ ਸਰਕਾਰਾਂ ਨੂੰ ਟੈਕਸ ਕਿੱਥੋਂ ਮਿਲੇਗਾ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਸਰਕਾਰਾਂ ਵੱਲੋਂ ਵਿਕਾਸ ਤੇ ਬਦਲਾਅ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਹਕੀਕਤ ਵਾਰਡ ਨੰਬਰ 2 ਵਿੱਚ ਸਾਫ਼ ਨਜ਼ਰ ਆ ਰਹੀ ਹੈ। ਲੋਕਾਂ ਦੀ ਮੰਗ ਹੈ ਕਿ ਇਸ ਗੰਭੀਰ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ, ਸੀਵਰੇਜ ਦੀ ਨਿਕਾਸੀ ਕਰਵਾਈ ਜਾਵੇ ਅਤੇ ਬੱਚਿਆਂ, ਵਪਾਰੀਆਂ ਅਤੇ ਆਮ ਲੋਕਾਂ ਲਈ ਸੁਰੱਖਿਅਤ ਆਵਾਜਾਈ ਦਾ ਪ੍ਰਬੰਧ ਕੀਤਾ ਜਾਵੇ।
ਸਾਬਕਾ ਕੌਂਸਲਰ ਗੁਰਮੇਲ ਸਿੰਘ ਜੱਜੀ, ਵਾਰਡ ਇੰਚਾਰਜ ਤੇ ਅਕਾਲੀ ਦਲ ਦੇ ਐੱਸਸੀ ਵਿੰਗ ਹਲਕਾ ਪ੍ਰਧਾਨ ਰਤਨ ਵੜੈਚ, ਵਾਰਡ ਪ੍ਰਧਾਨ ਮੁਨੀਸ਼ ਸਹਿਗਲ, ਸੁਰੇਸ਼ ਬੱਬੂ ਭਾਰਦਵਾਜ, ਸਿਮਰਨਜੀਤ ਸਿੰਘ ਸਮਰਾ, ਪ੍ਰੀਤਮ ਸਿੰਘ ਖ਼ਾਲਸਾ, ਦੀਦਾਰ ਸਿੰਘ, ਸੋਨੂ ਭੱਟ, ਸੰਦੀਪ ਭੱਟ, ਰਣਜੀਤ ਪੋਦਾਰ, ਦੀਪੂ ਵਿਰਦੀ, ਕਮਲ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ 8-9 ਮਹੀਨਿਆਂ ਤੋਂ ਚੱਲ ਰਹੀ ਇਸ ਸਮੱਸਿਆ ਨੂੰ ਹੋਰ ਲਟਕਾਉਣ ਦੀ ਬਜਾਏ ਤੁਰੰਤ ਕਾਰਵਾਈ ਕਰਕੇ ਇਲਾਕੇ ਨੂੰ ਸੀਵਰੇਜ ਦੇ ਗੰਦੇ ਪਾਣੀ ਤੋਂ ਮੁਕਤ ਕਰਵਾਇਆ ਜਾਵੇ।