- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੈਟਰਨਰੀ ’ਵਰਸਿਟੀ ਵਿਖੇ ਤਿੰਨ ਦਿਨਾਂ ਸਮਰੱਥਾ ਨਿਰਮਾਣ ਪ੍ਰੋਗਰਾਮ ਦੀ ਸਮਾਪਤੀ

-ਵੈਟਰਨਰੀ ’ਵਰਸਿਟੀ ’ਚ ਤਿੰਨ ਦਿਨਾਂ ਸਮਰੱਥਾ ਨਿਰਮਾਣ ਸਮਾਗਮ ਸਮਾਪਤ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਕਾਲਜ ਆਫ ਫਿਸ਼ਰੀਜ਼ ਨੇ ਆਪਣੇ ਅਤਿ-ਆਧੁਨਿਕ ਸਮਰੱਥਾ ਨਿਰਮਾਣ ਸਰੋਤ ਕੇਂਦਰ ਵਿਖੇ ਜਲਵਾਯੂ-ਸਮਾਰਟ ਇੰਟੈਂਸਿਵ ਐਕੁਆਕਲਚਰ ਤਕਨਾਲੋਜੀਆਂ 'ਤੇ ਤਿੰਨ-ਦਿਨਾ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ। ਇਹ ਕੇਂਦਰ ਭਾਰਤ ਸਰਕਾਰ ਦੇ ਮੱਛੀ ਪਾਲਣ ਵਿਭਾਗ ਦੀ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਦੇ ਤਹਿਤ ਸਥਾਪਿਤ ਕੀਤਾ ਗਿਆ ਸੀ ਤਾਂ ਜੋ ਖੇਤਰ ਵਿੱਚ ਵਾਤਾਵਰਣ ਅਨੁਕੂਲ ਕੁਸ਼ਲ ਟਿਕਾਊ ਜਲਜੀਵ ਤਕਨਾਲੋਜੀਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਡਾ ਮੀਰਾ ਡੀ ਆਂਸਲ ਡੀਨ ਕਾਲਜ ਆਫ ਫਿਸ਼ਰੀਜ਼ ਨੇ ਦੱਸਿਆ ਕਿ ਉੱਚ ਘਣਤਾ ਵਾਲੇ ਇੰਟੈਂਸਿਵ ਐਕੁਆਕਲਚਰ ਸਿਸਟਮ, ਜਿਵੇਂ ਕਿ ਰੀਸਰਕੁਲੇਟਰੀ ਐਕੁਆਕਲਚਰ ਸਿਸਟਮ ਅਤੇ ਬਾਇਓਫਲੋਕ ਐਕੁਆਕਲਚਰ ਸਿਸਟਮ ਨਾਲ ਰਵਾਇਤੀ ਤਲਾਅ ਵਿੱਚ ਮੱਛੀ ਪਾਲਣ ਦੇ ਮੁਕਾਬਲੇ ਪ੍ਰਤੀ ਕਿਲੋਗ੍ਰਾਮ ਮੱਛੀ ਉਤਪਾਦਨ ਲਈ ਸਿਰਫ 10-15 ਫੀਸਦੀ ਪਾਣੀ/ਭੂਮੀ ਸਰੋਤਾਂ ਦੀ ਲੋੜ ਹੁੰਦੀ ਹੈ ਅਤੇ ਆਧੁਨਿਕ ਵਿਸ਼ਵ ਭੋਜਨ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਗੁਣਵੱਤਾ ਭਰਪੂਰ ਮੱਛੀਆਂ ਪੈਦਾ ਕਰਨ ਲਈ ਵਧੇਰੇ ਜੈਵਿਕ-ਸੁਰੱਖਿਅਤ ਵਾਤਾਵਰਣ ਪ੍ਰਦਾਨ ਕਰਦੇ ਹਨ।
ਨੌਜਵਾਨਾਂ, ਮੱਛੀ ਪਾਲਕਾਂ ਅਤੇ ਮੱਛੀ ਪਾਲਣ ਅਧਿਕਾਰੀਆਂ ਸਮੇਤ 22 ਪ੍ਰਤੀਭਾਗੀਆ ਨੇ ਪਾਣੀ ਦੀ ਗੁਣਵੱਤਾ ਦੀ ਨਿਗਰਾਨੀ, ਖੁਰਾਕ ਪ੍ਰਣਾਲੀ, ਬਾਇਓਫਲੋਕ ਉਤਪਾਦਨ,ਰਹਿੰਦ-ਖੂੰਹਦ ਪ੍ਰਬੰਧਨ, ਜੈਵਿਕ ਸੁਰੱਖਿਆ ਪ੍ਰਬੰਧਾਂ ਅਤੇ ਸਿਹਤ ਪ੍ਰਬੰਧਨ ਦੇ ਸਬੰਧ ’ਚ ਇਨ੍ਹਾਂ ਵਿਧੀਆਂ ਦੇ ਸੰਚਾਲਨ ਅਤੇ ਪ੍ਰਬੰਧਨ ਬਾਰੇ ਵਿਹਾਰਕ ਸਿਖਲਾਈ ਪ੍ਰਾਪਤ ਕੀਤੀ। ਸਿਖਿਆਰਥੀਆਂ ਨੂੰ ਖੇਤਰੀ ਉਪਲੱਬਧਤਾ ਅਤੇ ਬਾਜ਼ਾਰ ਦੀ ਮੰਗ ਦੇ ਅਨੁਸਾਰ, ਇਨ੍ਹਾਂ ਪ੍ਰਣਾਲੀਆਂ ਦੀ ਆਰਥਿਕ ਵਿਹਾਰਕਤਾ ਨੂੰ ਯਕੀਨੀ ਬਣਾਉਣ ਲਈ ਢੁੱਕਵੀਆਂ ਮੱਛੀਆਂ ਦੀਆਂ ਕਿਸਮਾਂ ਬਾਰੇ ਵੀ ਜਾਣੂ ਕਰਵਾਇਆ।
ਇਸ ਸਮਾਗਮ ਵਿੱਚ ਪੜ੍ਹੇ-ਲਿਖੇ ਸ਼ਹਿਰੀ ਅਤੇ ਪੇਂਡੂ ਨੌਜਵਾਨਾਂ ਦੀ 90 ਫੀਸਦੀ ਭਾਗੀਦਾਰੀ ਵੀ ਮੁੱਖ ਵਿਸ਼ੇਸ਼ਤਾ ਰਹੀ, ਜੋ ਸਵੈ-ਨਿਰਭਰਤਾ ਲਈ ਮੱਛੀ ਪਾਲਣ ਖੇਤਰ ਵਿੱਚ ਉੱਦਮਤਾ ਪ੍ਰਤੀ ਉਨ੍ਹਾਂ ਦੇ ਵਧਦੇ ਰੁਝਾਨ ਨੂੰ ਦਰਸਾਉਂਦੀ ਸੀ। ਸਾਰੇ ਪ੍ਰਤੀਭਾਗੀਆ ਨੂੰ ਸਬਸਿਡੀਆਂ ਅਤੇ ਕਰਜ਼ੇ ਦੇ ਰੂਪ ਵਿੱਚ ਸਟਾਰਟ-ਅੱਪ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਮੱਛੀ ਪਾਲਣ ਦੇ ਵੱਖ-ਵੱਖ ਖੇਤਰਾਂ ਅਤੇ ਪ੍ਰਚਾਰ ਯੋਜਨਾਵਾਂ ਬਾਰੇ ਵੀ ਮਾਰਗਦਰਸ਼ਨ ਕੀਤਾ ਗਿਆ। ਉਨਾਂ ਨੂੰ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਪ੍ਰਧਾਨ ਮੰਤਰੀ ਮਤਸਯ ਕਿਸਾਨ ਸਮ੍ਰਿਧੀ ਸਹਿ-ਯੋਜਨਾ ਦੇ ਤਹਿਤ ਰਾਸ਼ਟਰੀ ਮੱਛੀ ਪਾਲਣ ਡਿਜੀਟਲ ਪਲੇਟਫਾਰਮ 'ਤੇ ਰਜਿਸਟਰ ਕਰਨ ਲਈ ਵੀ ਪ੍ਰੇਰਿਆ ਗਿਆ।