
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਲੋਕਲ ਪਹਿਲੇ ਪੰਨੇ ਦੀ ਖ਼ਬਰ-ਪੰਜਾਬ ਹੋਮਗਾਰਡ ਦੇ ਸਾਬਕਾ ਜਵਾਨਾਂ ਨੇ ਲਾਢੋਵਾਲ ਲਾਗੇ ਕੌਮੀ ਮਾਰਗ ‘ਤੇ ਲਗਾਇਆ ਧਰਨਾ

-ਦੋਵੇਂ ਪਾਸੇ ਘੰਟਿਆਂਬੱਧੀ ਲੰਬਾ ਜਾਮ ਲੱਗਣ ਨਾਲ ਵਾਹਨ ਚਾਲਕ ਤੇ ਲੋਕ ਹੋਏ ਖੱਜਲ-ਖੁਆਰ
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਅੰਮ੍ਰਿਤਸਰ-ਦਿੱਲੀ ਕੌਮੀ ਮਾਰਗ ਸਥਿਤ ਲਾਢੋਵਾਲ ਟੋਲ ਪਲਾਜ਼ਾ ਨੇੜੇ ਪੰਜਾਬ ਹੋਮ ਗਾਰਡ ਦੇ ਸਾਬਕਾ ਜਵਾਨਾਂ ਵੱਲੋਂ ਮੰਗਾਂ ਨੂੰ ਲੈ ਕੇ ਪੰਜਾਬ ਪੱਧਰੀ ਰੋਸ ਧਰਨਾ ਦਿੱਤਾ ਗਿਆ, ਜਿਸ ਕਾਰਨ ਲਾਢੋਵਾਲ ਲਾਗੇ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਲੱਗੀਆਂ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧਰਨੇ ਕਾਰਨ ਘੰਟਿਆਂ ਬੱਧੀ ਸੜਕ ਤੇ ਜਾਮ ਲੱਗਿਆ ਰਿਹਾ ।ਇਸ ਮੌਕੇ ਧਰਨਾ ਦੇ ਰਹੇ ਰਿਟਾਇਰਡ ਪੰਜਾਬ ਹੋਮ ਗਾਰਡ ਦੇ ਜਵਾਨਾਂ ਨੇ ਦੱਸਿਆ ਕਿ ਉਹ 30-35 ਸਾਲ ਬਾਅਦ ਆਪਣੀਆਂ ਸਰਕਾਰੀ ਸੇਵਾਵਾਂ ਤੋਂ ਬਾਅਦ ਜਦੋਂ ਸੇਵਾ ਮੁਕਤ ਹੁੰਦੇ ਹਨ ਤਾਂ ਉਨ੍ਹਾਂ ਨੂੰ ਬੁਢਾਪਾ ਕੱਟਣ ਲਈ ਸਰਕਾਰੀ ਵੱਲੋਂ ਕੋਈ ਵੀ ਵਿੱਤੀ ਲਾਭ ਨਹੀਂ ਦਿੱਤਾ ਜਾਂਦਾ। ਉਹ ਖਾਲੀ ਹੱਥ ਲਮਕਾਉਂਦੇ ਘਰ ਆ ਜਾਂਦੇ ਹਨ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਲਈ ਪੁਰਾਣੀ ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ ਅਤੇ ਮਹਿੰਗਾਈ ਭੱਤਾ ਦਿੱਤਾ ਜਾਵੇ ਤਾਂ ਜੋ ਉਹ ਆਪਣਾ ਬੁਢਾਪਾ ਸੁਖਾਲਾ ਬਤੀਤ ਕਰ ਸਕਣ। ਉਨ੍ਹਾਂ ਦੱਸਿਆ ਕਿ ਅੱਤਵਾਦ ਦੇ ਵੇਲੇ ਵੱਡੀ ਗਿਣਤੀ ਵਿੱਚ ਹੋਮਗਾਰਡ ਦੇ ਜਵਾਨ ਸ਼ਹੀਦ ਹੋਏ, ਪਰ ਉਨ੍ਹਾਂ ਦਾ ਸਰਕਾਰ ਵੱਲੋਂ ਕੋਈ ਵੀ ਮੁੱਲ ਨਹੀਂ ਪਾਇਆ ਗਿਆ।
ਇਸ ਮੌਕੇ ਧਰਨਾਕਾਰੀਆਂ ਦਾ ਮੰਗ ਪੱਤਰ ਲੈਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਪਹੁੰਚੇ ਅਤੇ ਉਨ੍ਹਾਂ ਮੰਗਾਂ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨਾਲ ਮੁਲਾਕਾਤ ਕਰਵਾਈ। ਇਸ ਮੌਕੇ ਡਿਪਟੀ ਕਮਿਸ਼ਨਰ ਜੈਨ ਨੇ ਪੰਜਾਬ ਹੋਮ ਗਾਰਡ ਐਸੋਸੀਏਸ਼ਨ (ਸੇਵਾ ਮੁਕਤ) ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਮੀਟਿੰਗ ਜਲਦੀ ਪੰਜਾਬ ਸਰਕਾਰ ਨਾਲ ਕਰਵਾਈ ਜਾਵੇਗੀ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਭਰੋਸਾ ਦੇਣ ਮਗਰੋਂ ਸ਼ਾਮ ਨੂੰ ਧਰਨਾ ਸਮਾਪਤ ਕੀਤਾ ਗਿਆ। ਇਥੇ ਦੱਸਣਯੋਗ ਹੈ ਕਿ ਰਿਟਾਇਰਡ ਪੰਜਾਬ ਹੋਮਗਾਰਡ ਐਸੋਸੀਏਸ਼ਨ ਵੱਲੋਂ ਸਵੇਰੇ 11 ਵਜੇ ਦੇ ਕਰੀਬ ਧਰਨਾ ਸ਼ੁਰੂ ਕੀਤਾ ਗਿਆ ਸੀ। ਇਸ ਮੌਕੇ ਜਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਢੁੱਕਵੇਂ ਸੁਰੱਖਿਆ ਪ੍ਰਬੰਧ ਕੀਤੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।