- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਡਾ. ਕੋਟਨਿਸ ਐਕਿਊਪੰਕਚਰ ਹਸਪਤਾਲ

-ਡਾ. ਕੋਟਨਿਸ ਐਕਿਊਪੰਕਚਰ ਹਸਪਤਾਲ ਦਾ 51ਵਾਂ ਸਥਾਪਨਾ ਦਿਹਾੜਾ ਤੇ ਇੰਡੀਅਨ ਮੈਡੀਕਲ ਮਿਸ਼ਨ ਦੀ 88ਵੀਂ ਵਰ੍ਹੇਗੰਢ ਮਨਾਈ
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ : ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਐਕਿਊਪੰਕਚਰ ਇਲਾਜ ਪ੍ਰਣਾਲੀ ਆਮ ਲੋਕਾਂ, ਖ਼ਾਸ ਕਰਕੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਲਈ ਵਰਦਾਨ ਸਾਬਤ ਹੋ ਸਕਦੀ ਹੈ। ਇਸ ਪ੍ਰਣਾਲੀ ਰਾਹੀਂ ਘੱਟ ਖਰਚੇ ’ਤੇ ਇਲਾਜ ਦੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਇਸ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਲੋੜ ਹੈ।
ਇਹ ਵਿਚਾਰ ਡਾ. ਡੀਐੱਨ ਕੋਟਨਿਸ ਐਕਿਊਪੰਕਚਰ ਹਸਪਤਾਲ ਤੇ ਐਜੂਕੇਸ਼ਨ ਸੈਂਟਰ ਲੁਧਿਆਣਾ ਦੇ 51ਵੇਂ ਸਥਾਪਨਾ ਦਿਵਸ ਤੇ ਇੰਡੀਅਨ ਮੈਡੀਕਲ ਮਿਸ਼ਨ ਦੀ 88ਵੀਂ ਵਰ੍ਹੇਗੰਢ ਮੌਕੇ ਕਰਵਾਏ ਗਏ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਸਮਾਗਮ ’ਚ ਭਾਰਤ ਸਥਿਤ ਚੀਨ ਦੇ ਦੂਤਾਵਾਸ ਤੋਂ ਮੰਤਰੀ ਕੌਂਸਲਰ ਅਤੇ ਸੀਨੀਅਰ ਡਿਪਲੋਮੈਟ ਵਾਂਗ ਜ਼ਿੰਗਮਿੰਗ ,ਗਾਓ ਫੇਂਗ, ਚਾਂਗ ਹੈਲਨ ਤੇ ਵਾਂਗ ਚਾਂਗਯੇ ਸਮੇਤ ਵਿਸ਼ੇਸ਼ ਵਫ਼ਦ ਦੇ ਮੈਂਬਰ ਸ਼ਾਮਲ ਹੋਏ। ਇਸ ਮੌਕੇ ਡਾ. ਇੰਦਰਜੀਤ ਸਿੰਘ, ਕੌਂਸਲਰ ਅਮਨ ਬੱਗਾ, ਆਈਪੀਐੱਸ ਇਕਬਾਲ ਸਿੰਘ ਗਿੱਲ, ਜਸਵੰਤ ਸਿੰਘ ਛਾਪਾ, ਐਡਵੋਕੇਟ ਕੇਆਰ. ਸੀਕਰੀ, ਡਾ. ਸੰਦੀਪ ਚੋਪੜਾ, ਡਾ. ਚੇਤਨਾ ਚੋਪੜਾ ਤੇ ਪਰਮਿੰਦਰ ਮਹਿਤਾ ਸਮੇਤ ਹੋਰ ਪਤਵੰਤਿਆਂ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਸਮਾਗਮ ਦੌਰਾਨ ਭਾਰਤ-ਚੀਨ ਵਿਚਕਾਰ ਮੈਡੀਕਲ ਤੇ ਸੱਭਿਆਚਾਰਕ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਮੰਤਰੀ ਖੁੱਡੀਆਂ ਨੇ ਕਿਹਾ ਕਿ ਐਕਿਊਪੰਕਚਰ ਇਲਾਜ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਵਧਾਉਣਾ ਸਮੇਂ ਦੀ ਲੋੜ ਹੈ। ਜੇਕਰ ਇਸ ਪ੍ਰਣਾਲੀ ਨੂੰ ਯੋਜਨਾਬੱਧ ਢੰਗ ਨਾਲ ਜ਼ਿਲ੍ਹਾ ਤੇ ਬਲਾਕ ਪੱਧਰ ਤੱਕ ਪਹੁੰਚਾਇਆ ਜਾਵੇ ਤਾਂ ਗ਼ਰੀਬ ਤੇ ਲੋੜਵੰਦ ਲੋਕਾਂ ਨੂੰ ਘੱਟ ਖਰਚੇ ’ਤੇ ਇਲਾਜ ਦੀ ਸਹੂਲਤ ਮਿਲ ਸਕਦੀ ਹੈ।
ਉਨ੍ਹਾਂ ਸੁਝਾਅ ਦਿੱਤਾ ਕਿ ਇਸਦੀ ਸ਼ੁਰੂਆਤ ਜ਼ਿਲ੍ਹਾ ਪੱਧਰ ਤੋਂ ਕਰਕੇ ਹੌਲੀ-ਹੌਲੀ ਵੱਧ ਆਬਾਦੀ ਵਾਲੇ ਖੇਤਰਾਂ ਤੱਕ ਸੇਵਾਵਾਂ ਦਾ ਵਿਸਥਾਰ ਕੀਤਾ ਜਾ ਸਕਦਾ ਹੈ। ਇਸ ਖੇਤਰ ਵਿੱਚ ਸਿਖਲਾਈ ਪ੍ਰਾਪਤ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣ ਦੇ ਨਾਲ-ਨਾਲ ਮਨੁੱਖਤਾ ਦੀ ਸੇਵਾ ਕਰਨ ਦਾ ਮੌਕਾ ਵੀ ਮਿਲੇਗਾ। ਉਨ੍ਹਾਂ ਸਰਕਾਰ ਵੱਲੋਂ ਇਸ ਇਲਾਜ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਦੀਆਂ ਸੰਭਾਵਨਾਵਾਂ ’ਤੇ ਵਿਚਾਰ ਕਰਨ ਦਾ ਭਰੋਸਾ ਵੀ ਦਿੱਤਾ।
-ਅਗਲੇ ਸਾਲ ਭਾਰਤ-ਚੀਨ ਦੇ ਐਕਿਊਪੰਕਚਰ ਮਾਹਿਰਾਂ ਵਿਚਾਲੇ ਹੋਵੇਗਾ ਆਦਾਨ-ਪ੍ਰਦਾਨ : ਵਾਂਗ ਜ਼ਿੰਗਮਿੰਗ
-ਭਾਰਤ ਵਿੱਚ ਚੀਨ ਦੇ ਦੂਤਾਵਾਸ ਦੇ ਸੀਨੀਅਰ ਡਿਪਲੋਮੈਟ ਤੇ ਕਲਚਰ ਕੌਂਸਲਰ ਵਾਂਗ ਜ਼ਿੰਗਮਿੰਗ ਨੇ ਕੋਟਨਿਸ ਐਕਿਊਪੰਕਚਰ ਹਸਪਤਾਲ ਵੱਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਐਕਿਊਪੰਕਚਰ ਦੇ ਖੇਤਰ ਵਿੱਚ ਹਸਪਤਾਲ ਦਾ ਯੋਗਦਾਨ ਸਿਰਫ਼ ਮਨੁੱਖੀ ਭਲਾਈ ਤੱਕ ਸੀਮਤ ਨਹੀਂ, ਸਗੋਂ ਇਹ ਭਾਰਤ ਤੇ ਚੀਨ ਦੇ ਆਪਸੀ ਸੰਬੰਧਾਂ ਨੂੰ ਮਜ਼ਬੂਤ ਕਰਨ ਵਾਲੀ ਅਹਿਮ ਕੜੀ ਵੀ ਬਣ ਰਿਹਾ ਹੈ। ਉਨ੍ਹਾਂ ਅਗਲੇ ਸਾਲ ਭਾਰਤ ਅਤੇ ਚੀਨ ਦੇ ਐਕਿਊਪੰਕਚਰ ਮਾਹਿਰਾਂ ਵਿਚਕਾਰ ਗਿਆਨ ਅਤੇ ਤਜਰਬੇ ਦੇ ਆਦਾਨ-ਪ੍ਰਦਾਨ ਦਾ ਪ੍ਰੋਗਰਾਮ ਕਰਵਾਉਣ ਦਾ ਐਲਾਨ ਕੀਤਾ। ਇਸ ਮੌਕੇ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਐਕਿਊਪੰਕਚਰ ਇਲਾਜ ਪ੍ਰਣਾਲੀ ਮਨੁੱਖਤਾ ਦੀ ਸੇਵਾ ਦਾ ਮਹੱਤਵਪੂਰਨ ਮਾਧਿਅਮ ਹੈ। ਇਕ ਛੋਟੀ ਜਿਹੀ ਸੂਈ ਨਾ ਸਿਰਫ਼ ਲੋਕਾਂ ਨੂੰ ਸਿਹਤ ਲਾਭ ਪਹੁੰਚਾਉਣ ਦਾ ਸਾਧਨ ਹੈ, ਸਗੋਂ ਦੋ ਦੇਸ਼ਾਂ ਨੂੰ ਜੋੜਨ ਦਾ ਕੰਮ ਵੀ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਚੀਨ ਦੇ ਦੂਤਾਵਾਸ ਦੇ ਸਹਿਯੋਗ ਨਾਲ ਵੱਖ-ਵੱਖ ਹਸਪਤਾਲਾਂ ਨੂੰ ਆਕਸੀਜਨ ਕੰਸਨਟ੍ਰੇਟਰ ਅਤੇ ਡਾਇਲਸਿਸ ਮਸ਼ੀਨਾਂ ਵੀ ਦਾਨ ਕੀਤੀਆਂ ਗਈਆਂ ਹਨ। ਇਸ ਮੌਕੇ ਡਾ. ਇੰਦਰਜੀਤ ਸਿੰਘ ਨੇ ਚੀਨ ਦੇ ਸੀਨੀਅਰ ਅਧਿਕਾਰੀਆਂ ਨੂੰ ਲੁਧਿਆਣਾ ਦੇ ਸਲੇਮ ਟਾਬਰੀ ਸਥਿਤ ਕੋਟਨਿਸ ਹਸਪਤਾਲ ਵਿੱਚ ਐਕਿਊਪੰਕਚਰ ਲਈ ਖੋਜ ਤੇ ਵਿਕਾਸ ਕੇਂਦਰ (ਰਿਸਰਚ ਐਂਡ ਡਿਵੈਲਪਮੈਂਟ ਸੈਂਟਰ) ਸਥਾਪਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਵੱਧ ਤੋਂ ਵੱਧ ਐਕਿਊਪੰਕਚਰ ਮਾਹਿਰਾਂ ਨੂੰ ਸਿਖਲਾਈ ਮਿਲੇਗੀ ਤੇ ਮਨੁੱਖਤਾ ਦੀ ਸੇਵਾ ਦੇ ਇਸ ਉਪਰਾਲੇ ਨੂੰ ਹੋਰ ਵਿਸਥਾਰ ਦਿੱਤਾ ਜਾ ਸਕੇਗਾ। ਇਸ ਮੌਕੇ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲਾ ਨਵੀਂ ਦਿੱਲੀ ਦੇ ਡਾ. ਦਿਨੇਸ਼ ਉਪਾਧਿਆਏ, ਇਮਾਮ ਪੰਜਾਬ ਉਸਮਾਨ ਲੁਧਿਆਣਵੀ ਤੇ ਸਾਬਕਾ ਸੰਸਦ ਮੈਂਬਰ ਮੁਹੰਮਦ ਸਦੀਕ ਸਮੇਤ ਕਈ ਪਤਵੰਤੇ ਹਾਜ਼ਰ ਸਨ।