ਪੰਜਾਬ ਭਾਜਪਾ ਵਿਧਾਨ ਸਭਾ ਚੋਣਾਂ ’ਚ ਵੱਡੀ ਜਿੱਤ ਕਰੇਗੀ ਹਾਸਲ : ਐਡਵੋਕੇਟ ਸਿੱਧੂ ਜਰੂਰੀ ਖਬਰ-ਪੰਜਾਬ ਭਾਜਪਾ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਜਿੱਤ ਹਾਸਿਲ ਕਰੇਗੀ-ਐਡਵੋਕੇਟ ਸਿੱਧੂ
Publish Date: Fri, 21 Aug 2026 07:08 PM (IST)
Updated Date: Sat, 22 Aug 2026 04:03 AM (IST)
-ਡਾ. ਪੂਨੀਆ, ਪਾਟਿਲ, ਚੁੱਘ, ਬਾਦਲ, ਨਿਵਾਸਲੂ ਤੇ ਢਿੱਲੋਂ ਦੀ ਲੀਡਰਸ਼ਿਪ ਦੀ ਸ਼ਲਾਘਾ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ ਹਲਕਾ ਲੁਧਿਆਣਾ ਪੱਛਮੀ ਤੋਂ ਭਾਜਪਾ ਸੀਟ ਦੇ ਦਾਅਵੇਦਾਰ ਤੇ ਸੀਨੀਅਰ ਭਾਜਪਾ ਆਗੂ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਚੋਣਵੇਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ’ਚ ਭਾਜਪਾ ਨੂੰ ਵਧੇਰੇ ਮਜ਼ਬੂਤ ਕਰਨ ਲਈ ਕੇਂਦਰੀ ਭਾਜਪਾ ਹਾਈਕਮਾਨ ਅਤੀ ਗੰਭੀਰ ਹੈ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ, ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਸੂਬੇ ਦੀ 2027 ਦੀ ਵਿਧਾਨ ਸਭਾ ਚੋਣ ਨੂੰ ਕਾਫ਼ੀ ਅਹਿਮੀਅਤ ਦੇ ਰਹੇ ਹਨ। ਹੁਣੇ ਜਿਹੇ ਪੰਜਾਬ ਤੋਂ ਮਨਪ੍ਰੀਤ ਸਿੰਘ ਬਾਦਲ ਨੂੰ ਕੌਮੀ ਮੀਤ ਪ੍ਰਧਾਨ ਤੇ ਤਰੁਣ ਚੁੱਘ ਨੂੰ ਭਾਜਪਾ ਦਫ਼ਤਰ ਦੇ ਇੰਚਾਰਜ ਦੀ ਹੋਈ ਨਿਯੁਕਤੀ ਵੀ ਸਹੀ ਸਾਬਿਤ ਹੋਵੇਗੀ। ਰਾਸ਼ਟਰੀ ਪਾਰਟੀ ’ਚ ਅਹਿਮ ਨਿਯੁਕਤੀ ਨੇ ਪੰਜਾਬ ਭਾਜਪਾ ਨੂੰ ਮਜ਼ਬੂਤੀ ਦੇ ਰਾਹ ਵੱਲ ਤੋਰਿਆ ਹੈ। ਪੰਜਾਬ ਭਾਜਪਾ ਦੀ ਵਾਗਡੋਰ ਪ੍ਰਸਿੱਧ ਤੇ ਤਜਰਬੇਕਾਰ ਨੇਤਾ ਕੇਵਲ ਸਿੰਘ ਢਿੱਲੋਂ, ਕੇਂਦਰੀ ਮੰਤਰੀ ਤੇ ਚੋਣ ਇੰਚਾਰਜ ਸੀਆਰ ਪਾਟਿਲ, ਇੰਚਾਰਜ ਡਾ. ਸਤੀਸ਼ ਪੂਨੀਆ ਤੇ ਸੰਗਠਨ ਇੰਚਾਰਜ ਮੰਥਲੀ ਸ੍ਰੀ ਮੰਥਲੀ ਨਿਵਾਸਲੂ ਨੂੰ ਦੇ ਕੇ ਕੇਂਦਰੀ ਹਾਈਕਮਾਨ ਨੇ ਪੰਜਾਬ ਵਿੱਚ ਸੰਗਠਨ ਨੂੰ ਵੱਡੀ ਮਜ਼ਬੂਤੀ ਦੇਣ ਦਾ ਯਤਨ ਕੀਤਾ ਹੈ। ਪੰਜਾਬ ਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਇਸ ਲਈ ਵੀ ਅਹਿਮ ਹਨ, ਕਿਉਂਕਿ ਪਿਛਲੇ ਪੰਜ ਸਾਲਾਂ ’ਚ ਪੰਜਾਬ ਦੀ ਸੱਤਾ ਸੰਭਾਲਣ ਵਾਲੀ ਧਿਰ ਨੇ ਪੰਜਾਬ ਨੂੰ ਕਰਜ਼ਾ, ਗੈਂਗਸਟਰਵਾਦ, ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ’ਚ ਧੱਕ ਦਿੱਤਾ ਹੈ, ਜਿਸ ਕਰਕੇ ਪੰਜਾਬ ਦੇ ਲੋਕ ਸੂਬੇ ’ਚ ਸਥਿਰ, ਇਮਾਨਦਾਰ ਤੇ ਪਾਰਦਰਸ਼ੀ ਸਰਕਾਰ ਦੀ ਕਾਮਨਾ ਕਰਦੇ ਹਨ। ਕੇਂਦਰੀ ਹਾਈਕਮਾਨ ਨੇ ਪੰਜਾਬ ਭਾਜਪਾ ਨੂੰ ਤਜਰਬੇਕਾਰ ਤੇ ਚੋਟੀ ਦੀ ਲੀਡਰਸ਼ਿਪ ਦੇ ਕੇ ਭਾਜਪਾ ਦੀ ਜਿੱਤ ਦੇ ਰਸਤੇ ਖੋਲ੍ਹ ਦਿੱਤੇ ਹਨ। ਐਡਵੋਕੇਟ ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਕੇਵਲ ਸੱਤਾ ਤਬਦੀਲੀ ਦੀ ਲੋੜ ਨਹੀਂ, ਸਗੋਂ ਪੰਜਾਬ ਨੂੰ ਯਥਾਰਥਕ ਤੌਰ ਕੇ ਸਮਝਣ, ਸਮਰਪਿਤ ਤੇ ਅਪਨਾਉਣ ਵਾਲੀ ਪਾਰਟੀ ਦੀ ਲੋੜ ਹੈ, ਜੋ ਪੰਜਾਬੀਆਂ ਦੀਆਂ ਲੋੜਾਂ, ਸਮੱਸਿਆਵਾਂ ਦੇ ਨਾਲ-ਨਾਲ ਉਨ੍ਹਾਂ ਦੀਆਂ ਭਾਵਨਾਵਾਂ, ਸਮਾਜਿਕ ਤੇ ਧਾਰਮਿਕ ਮੁੱਦਿਆਂ ਤੇ ਵੀ ਪਹਿਰਾ ਦੇਣ ਵਾਲੀ ਹੋਵੇ। ਪੰਜਾਬ ਦੇ ਪਰਵਾਸ ਤੇ ਅਪਰਵਾਸ ਨੂੰ ਸਮਝਣ ਦੀ ਲੋੜ ਹੈ। ਪੁਲਿਸ ਰਾਜ ਨੇ ਆਮ ਲੋਕਾਂ ਨੂੰ ਇਨਸਾਫ਼ ਤੋਂ ਦੂਰ ਕਰ ਦਿੱਤਾ ਹੈ•। ਲੋਕ ਸਰਕਾਰੀ ਜ਼ਬਰ ਦੇ ਡਰ ਹੇਠਾਂ ਜਿਉਂ ਰਹੇ ਹਨ। ਫ਼ਿਰੌਤੀ ਕਲਚਰ ਨੇ ਵਪਾਰੀ ਤੇ ਕਾਰੋਬਾਰੀ ਵਰਗ ਨੂੰ ਪਰੇਸ਼ਾਨ ਕਰ ਦਿੱਤਾ ਹੈ ਅਤੇ ਪੰਜਾਬ ’ਚ ਅਮਨ ਕਾਨੂੰਨ ਸਥਿਤੀ ਡਾਵਾਂਡੋਲ ਹੈ। ਪੰਜਾਬ ਦੀਆਂ ਮੁਲਾਜ਼ਮ, ਮਜ਼ਦੂਰ, ਬੇਰੁਜ਼ਗਾਰ ਨੌਜਵਾਨ, ਪੈਨਸ਼ਨਰਜ਼ ਤੇ ਕਿਸਾਨ ਜਥੇਬੰਦੀਆਂ ਧਰਨੇ ਲਾਉਣ ਲਈ ਮਜ਼ਬੂਰ ਹਨ ਅਤੇ ਸਰਕਾਰ ਕੇਵਲ ਲਾਠੀ ਦੀ ਭਾਸ਼ਾ ਨਾਲ ਇਹਨਾਂ ਸਾਰੇ ਵਰਗਾਂ ਤੇ ਜ਼ੁਲਮ ਕਰ ਰਹੀ ਹੈ। ਸੋ ਪੰਜਾਬ ਨੂੰ ਹਰ ਮੁਹਾਜ਼ ’ਤੇ ਸਫ਼ਲ ਕਰਨ ਲਈ ਕੇਵਲ ਕੇਂਦਰ ਦੀ ਡਬਲ ਇੰਜਣ ਸਰਕਾਰ ਭਾਜਪਾ ਹੀ ਇੱਕੋ ਇਕ ਬਦਲ ਹੈ, ਜੋ ਪੰਜਾਬ ਨੂੰ ਮੁੜ ਖੁਸ਼ਹਾਲ ਤੇ ਰੰਗਲਾ ਬਣਾ ਸਕਦੀ ਹੈ।