- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
2 ਨੰਬਰ ਦੀ ਲੀਡ:ਰੂਹਾਨੀ ਸੁਰਾਂ ਨਾਲ ਹੋਇਆ ਪੀਏਯੂ ਦੇ ਯੁਵਕ ਮੇਲੇ ਦਾ ਸ਼ਾਨਦਾਰ ਆਗਾਜ਼

ਸਫ਼ਾ ਦੋ ਦੀ ਲੀਡ...)
-ਸ਼ਬਦ ਗਾਇਨ, ਪੋਸਟਰ, ਕੋਲਾਜ, ਕਲੇਅ ਮਾਡਲਿੰਗ, ਕਵਿਤਾ ਉਚਾਰਨ ਤੇ ਹਾਸ-ਰਸ ਕਵਿਤਾ ਦੇ ਹੋਏ ਮੁਕਾਬਲੇ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਸ਼ੁੱਕਰਵਾਰ ਨੂੰ ਸ਼ਬਦ ਗਾਇਨ ਦੇ ਮੁਕਾਬਲਿਆਂ ਨਾਲ ਪੀਏਯੂ ਲੁਧਿਆਣਾ ਦੇ ਅੰਤਰ-ਕਾਲਜ ਯੁਵਕ ਮੇਲੇ ਦਾ ਆਗਾਜ਼ ਹੋ ਗਿਆ। ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਵਿਦਿਆਰਥੀ ਜੀਵਨ ’ਚ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਸਹਿ-ਵਿੱਦਿਅਕ ਸਰਗਰਮੀਆਂ ਦਾ ਵੀ ਵਿਸ਼ੇਸ਼ ਮਹੱਤਵ ਹੈ। ਇਹ ਸਰਗਰਮੀਆਂ ਵਿਦਿਆਰਥੀਆਂ ਦੀ ਸ਼ਖ਼ਸੀਅਤ ਦੇ ਸਰਬਪੱਖੀ ਵਿਕਾਸ ’ਚ ਅਹਿਮ ਯੋਗਦਾਨ ਪਾਉਂਦੀਆਂ ਹਨ ਤੇ ਉਨ੍ਹਾਂ ਨੂੰ ਆਪਣੀਆਂ ਰੁਚੀਆਂ ਤੇ ਪ੍ਰਤਿਭਾ ਦੇ ਪ੍ਰਗਟਾਵੇ ਲਈ ਮੰਚ ਪ੍ਰਦਾਨ ਕਰਦੀਆਂ ਹਨ। ਮੇਲੇ ਦੇ ਉਦਘਾਟਨੀ ਸਮਾਗਮ ਦੌਰਾਨ ਡੀਨ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਸਵਾਗਤੀ ਸ਼ਬਦ ਕਹੇ। ਉਨ੍ਹਾਂ ਵੱਖ-ਵੱਖ ਕਾਲਜਾਂ ਤੋਂ ਪਹੁੰਚੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਯੁਵਕ ਮੇਲੇ ਦੀਆਂ ਸਰਗਰਮੀਆਂ ’ਚ ਵਧ-ਚੜ੍ਹ ਕੇ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਅੰਤਰ-ਕਾਲਜ ਯੁਵਕ ਮੇਲਾ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਅਤੇ ਕਲਾ, ਸਾਹਿਤ ਤੇ ਸੱਭਿਆਚਾਰ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰਦਾ ਹੈ। ਅਜਿਹੇ ਸਮਾਗਮ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦੇ ਨਾਲ-ਨਾਲ ਆਪਸੀ ਸਾਂਝ ਦੀ ਭਾਵਨਾ ਨੂੰ ਵੀ ਉਤਸ਼ਾਹਿਤ ਕਰਦੇ ਹਨ। ਮੇਲੇ ਦੇ ਪਹਿਲੇ ਦਿਨ ਸ਼ਬਦ ਗਾਇਨ, ਪੋਸਟਰ ਮੇਕਿੰਗ, ਕੋਲਾਜ ਮੇਕਿੰਗ, ਕਲੇਅ ਮਾਡਲਿੰਗ, ਕਵਿਤਾ ਉਚਾਰਨ ਤੇ ਹਾਸ-ਰਸ ਕਵਿਤਾ ਦੇ ਮੁਕਾਬਲੇ ਹੋਏ। ਇਨ੍ਹਾਂ ਮੁਕਾਬਲਿਆਂ ’ਚ ਵਿਦਿਆਰਥੀ ਆਪਣੀ ਕਲਾਤਮਕ ਪ੍ਰਤਿਭਾ, ਸਾਹਿਤਕ ਰੁਚੀ ਅਤੇ ਸਿਰਜਣਾਤਮਕ ਹੁਨਰ ਦਾ ਪ੍ਰਗਟਾਇਆ।
ਯੁਵਕ ਮੇਲੇ ਦੇ ਪਹਿਲੇ ਦਿਨ ਸ਼ਬਦ ਗਾਇਨ ਗਰੁੱਪ ਮੁਕਾਬਲਿਆਂ ਵਿੱਚ ਪਹਿਲਾ ਸਥਾਨ, ਕਾਲਜ ਆਫ਼ ਐਗਰੀਕਲਚਰ ਇੰਜੀਨੀਅਰਿੰਗ ਅਤੇ ਟੈਕਨਾਲੋਜੀ, ਦੂਜਾ ਸਥਾਨ ਕਾਲਜ ਆਫ ਕਮਿਊਨਿਟੀ ਸਾਇੰਸ ਅਤੇ ਤੀਜਾ ਸਥਾਨ ਕਾਲਜ ਆਫ਼ ਬੇਸਿਕ ਸਾਇੰਸ ਤੇ ਹਿਊਮੈਂਨਟੀਜ ਹਾਸਲ ਕੀਤਾ। ਇਸ ਤਰ੍ਹਾਂ ਸ਼ਬਦ ਗਾਇਨ ਸੋਲੋ ਮੁਕਾਬਲੇ ਵਿੱਚ ਗੁਰਵੀਰ ਸਿੰਘ, ਕਾਲਜ ਆਫ਼ ਐਗਰੀਕਲਚਰ ਇੰਜੀਨੀਅਰਿੰਗ ਨੇ ਪਹਿਲਾ ਸਥਾਨ, ਅਵਨੀਤ ਕੌਰ, ਕਾਲਜ ਆਫ਼ ਐਗਰੀਕਲਚਰ ਨੇ ਦੂਜਾ ਸਥਾਨ ਅਤੇ ਜਸ਼ਨਪ੍ਰੀਤ ਸਿੰਘ, ਕਾਲਜ ਆਫ਼ ਐਗਰੀਕਲਚਰ ਬੱਲੋਵਾਲ ਸੌਂਖੜੀ ਨੇ ਤੀਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਡਾ. ਚਰਨਜੀਤ ਸਿੰਘ ਔਲਖ, ਡੀਨ, ਖੇਤੀਬਾੜੀ ਕਾਲਜ, ਡਾ. ਕਿਰਨ ਬੈਂਸ, ਡੀਨ, ਕਾਲਜ ਆਫ ਕਮਿਊਨਿਟੀ ਸਾਇੰਸ, ਡਾ. ਆਰਆਈਐੱਸ ਗਿੱਲ, ਡੀਨ, ਕਾਲਜ ਆਫ ਹਾਰਟੀਕਲਚਰ; ਡਾ. ਤੇਜਿੰਦਰ ਸਿੰਘ ਰਿਆੜ, ਅਸਟੇਟ ਅਫਸਰ; ਡਾ. ਯੋਗਿਤਾ ਸ਼ਰਮਾ, ਲਾਇਬ੍ਰੇਰੀਅਨ, ਡਾ. ਅਮਨਦੀਪ ਸਿੰਘ ਬਰਾੜ, ਨਿਰਦੇਸ਼ਕ ਬੀਜ, ਡਾ. ਸੁਖਪ੍ਰੀਤ ਸਿੰਘ, ਸਕਿਓਰਿਟੀ ਅਫਸਰ, ਡਾ. ਰੁਪਿੰਦਰ ਕੌਰ ਤੂਰ, ਨਿਰਦੇਸ਼ਕ ਸਭਿਆਚਾਰਕ ਸਰਗਰਮੀਆਂ, ਡਾ. ਵਿਸ਼ਾਲ ਬੈਕਟਰ, ਵੱਖ-ਵੱਖ ਕਾਲਜਾਂ ਦੇ ਡੀਡੀਐਮਸੀ ਪ੍ਰਧਾਨ, ਯੂਨੀਵਰਸਿਟੀ ਦੇ ਅਧਿਕਾਰੀ, ਅਧਿਆਪਕ ਅਤੇ ਯੂਨੀਵਰਸਿਟੀ ਕਰਮਚਾਰੀ ਹਾਜ਼ਰ ਸਨ।