- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਫਤਰੀ ਕਾਮਿਆਂ ਦੀ ਹੜਤਾਲ ਕਾਰਨ ਕੰਮ ਠੱਪ, ਲੋਕ ਹੋਏ ਪ੍ਰੇਸ਼ਾਨ

-ਭਲਕੇ ਦੀ ਮਹਾਰੈਲੀ ’ਚ ਸ਼ਮੂਲੀਅਤ ਕਰਨ ਦੀ ਅਪੀਲ
ਫੋਟੋ ਨੰਬਰ-33,34
ਸੁਖਦੇਵ ਸਲੇਮਪੁਰੀ ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਸਰਕਾਰ ਦੇ ਸਮੂਹ ਵਿਭਾਗਾਂ ਵਿੱਚ ਸੇਵਾਵਾਂ ਨਿਭਾ ਰਹੇ ਦਫਤਰੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੰਜਾਬ ਸਟੇਟ ਮਨਿਸਟਰੀਅਲ ਸਟਾਫ਼ ਐਸੋਸੀਏਸ਼ਨ ਦੇ ਸੱਦੇ 'ਤੇ ਸਮੂਹ ਵਿਭਾਗਾਂ ਦੇ ਦਫਤਰੀ ਕਾਮੇ ਅੱਜ ਤੋਂ ਤਿੰਨ ਦਿਨਾ ਹੜਤਾਲ ' ਤੇ ਚਲੇ ਗਏ ਹਨ, ਜਿਸ ਕਰਕੇ ਦਫਤਰਾਂ ਵਿਚ ਕੰਮ ਬਿਲਕੁਲ ਠੱਪ ਹੋ ਕੇ ਰਹਿ ਗਿਆ।
-ਟ੍ਰਾਂਸਪੋਰਟ ਵਿਭਾਗ ਦੇ ਕਾਮਿਆਂ ਵਲੋਂ ਰੋਸ ਰੈਲੀ
ਦਫਤਰੀ ਕਾਮਿਆਂ ਦੀ ਹੜਤਾਲ ਕਾਰਨ ਬੱਸ ਅੱਡੇ ਦੇ ਦਫਤਰ ਵਿੱਚ ਕੋਈ ਕੰਮ ਨਹੀਂ ਹੋਇਆ। ਦਫਤਰੀ ਕਾਮਿਆਂ ਦੀ ਜਥੇਬੰਦੀ ਵਲੋਂ ਦਿੱਤੇ ਗਏ ਸੱਦੇ' ਤੇ ਅੱਜ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ (ਏਟਕ) ਦੇ ਆਗੂਆਂ ਅਤੇ ਵਰਕਰਾਂ ਨੇ ਮੰਗਾਂ ਨੂੰ ਲੈ ਕੇ ਬੱਸ ਅੱਡੇ ਦੇ ਗੇਟ ਅੱਗੇ ਕਾਮਿਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਨੂੰ 7 ਅਗਸਤ ਨੂੰ ਸਾਂਝਾ ਮੁਲਾਜ਼ਮ ਮੰਚ ਵੱਲੋਂ ਚੰਡੀਗੜ੍ਹ ਵਿਚ ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਕੀਤੀ ਜਾ ਰਹੀ ਵਿਸ਼ਾਲ ਮਹਾ ਰੈਲੀ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੇ ਸਹਿਯੋਗੀਆਂ ਸਮੇਤ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਬੁਲਾਰਿਆਂ ਨੇ ਮੰਗ ਕੀਤੀ ਕਿ ਬਿਨਾਂ ਕਿਸੇ ਸ਼ਰਤ ਦੇ ਲੰਬੇ ਸਮੇਂ ਤੋਂ ਵੱਖ-ਵੱਖ ਵਿਭਾਗਾਂ ਵਿੱਚ ਸੇਵਾ ਨਿਭਾਅ ਰਹੇ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ, ਸਾਲ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ’ਤੇ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਲਾਗੂ ਕੀਤੀ ਜਾਵੇ, ਪੰਜਾਬ ਸਰਕਾਰ ਵੱਲੋਂ ਲੰਬੇ ਸਮੇਂ ਤੋਂ ਬਕਾਇਆ ਰੱਖਿਆ 18 ਫੀਸਦੀ ਡੀ.ਏ. ਤੁਰੰਤ ਜਾਰੀ ਕੀਤਾ ਜਾਵੇ, 15 ਅਕਤੂਬਰ 2015 ਦਾ ਮੁਲਾਜ਼ਮ ਵਿਰੋਧੀ ਪੱਤਰ ਰੱਦ ਕੀਤਾ ਜਾਵੇ, ਕੇਂਦਰੀ ਪੈਟਰਨ ’ਤੇ ਭਰਤੀ ਕੀਤੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੇ ਪੈਟਰਨ ’ਤੇ ਲਿਆਂਦਾ ਜਾਵੇ ਅਤੇ 4-9-14 ਏ.ਸੀ.ਪੀ. ਸਕੀਮ ਨੂੰ ਮੁੜ ਲਾਗੂ ਕੀਤਾ ਜਾਵੇ। ਇਸ ਮੌਕੇ ਮਨਪ੍ਰੀਤ ਸਿੰਘ ਗਰੇਵਾਲ , ਸੂਬਾ ਉਪ ਪ੍ਰਧਾਨ, ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ (ਏਟਕ), ਅਤੇ ਹਰਮਨ ਸਿੰਘ ਚੇਅਰਮੈਨ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਨੇ ਕਿਹਾ ਜੇਕਰ ਸਰਕਾਰ ਨੇ ਮੁਲਾਜਮਾਂ /ਪੈਨਸ਼ਨਰਜ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕੀਤਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਮੁਲਾਜਮ ਆਗੂ ਰੁਪਿੰਦਰ ਸਿੰਘ ਜਨਰਲ ਸਕੱਤਰ, ਰਵਿੰਦਰ ਸਿੰਘ ਕੈਸ਼ੀਅਰ ਅਤੇ ਗੁਰਿੰਦਰ ਸਿੰਘ ਭੈਣੀ ਅਰੋੜਾ ਅਤੇ ਜਗਵਿੰਦਰ ਸਿੰਘ ਜੱਗੂ ਨੇ ਵੀ ਵਿਚਾਰ ਰੱਖੇ।
-ਕਈ ਦਫ਼ਤਰਾਂ ’ਚ ਨਹੀਂ ਹੋਇਆ ਕੋਈ ਕੰਮ
ਦਫ਼ਤਰੀ ਕਾਮਿਆਂ ਦੀ ਹੜਤਾਲ ਨੂੰ ਕਾਮਯਾਬ ਬਣਾਉਣ ਆਗੂਆਂ ਵਲੋਂ ਵੱਖ ਵੱਖ ਦਫਤਰਾਂ ਵਿਚ ਜਾ ਕੇ ਮੀਟਿੰਗਾਂ ਕੀਤੀਆਂ ਗਈਆਂ। ਖ਼ਜ਼ਾਨਾ ਦਫ਼ਤਰ, ਡਿਪਟੀ ਕਮਿਸ਼ਨਰ ਦਫਤਰ, ਕਰ ਅਤੇ ਆਬਕਾਰੀ ਵਿਭਾਗ, ਸਿੱਖਿਆ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਇੰਪਰੂਵਮੈਂਟ ਟਰੱਸਟ, ਨਹਿਰੀ ਵਿਭਾਗ, ਖਣਿਜ ਵਿਭਾਗ ਦੇ ਲੁਧਿਆਣਾ ਸਥਿਤ ਦਫਤਰਾਂ ਵਿਚ ਦਫਤਰੀ ਕਾਮੇ ਹੜਤਾਲ 'ਤੇ ਰਹੇ, ਜਿਸ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਆਗੂਆਂ ਨੇ ਕਿਹਾ ਕਿ ਅੱਜ ਦੀ ਤਰ੍ਹਾਂ ਕੱਲ੍ਹ, 6 ਅਗਸਤ ਨੂੰ ਵੀ ਦਫਤਰੀ ਕਾਮੇ ਹੜਤਾਲ' ਤੇ ਰਹਿਣਗੇ ਜਦਕਿ 7 ਅਗਸਤ ਨੂੰ ਚੰਡੀਗੜ੍ਹ ਵਿਚ ਹੋਣ ਵਾਲੀ ਮੁਲਾਜਮ ਰੈਲੀ ਵਿੱਚ ਸਮੂਹ ਕਾਮੇ ਜਾਣਗੇ। ਇਸ ਮੌਕੇ ਅਮਿਤ ਅਰੋੜਾ, ਸੰਜੀਵ ਭਾਰਗਵ, ਵਿਕਾਸ ਜੁਨੇਜਾ, ਸੰਦੀਪ ਭੰਬਕ, ਗੁਰਚਰਨ ਸਿੰਘ ਪੰਧੇਰ, ਰਾਕੇਸ਼ ਕੁਮਾਰ, ਕੁਲਜਿੰਦਰ ਸਿੰਘ ਬਦੋਵਾਲ, ਸੁਖਪਾਲ ਸਿੰਘ ਪੰਧੇਰ, ਅਸ਼ਵਨੀ ਜੈਨ, ਸਤਪਾਲ, ਪਰਤਾਪ ਸਿੰਘ, ਹਰਵਿੰਦਰ ਸਿੰਘ, ਅਮਰਜੀਤ ਸਿੰਘ, ਤੇਜਿੰਦਰ ਸਿੰਘ, ਰਜਿੰਦਰਪਾਲ ਕੌਰ, ਪਲਵਿੰਦਰ ਸਿੰਘ ਪਾਲੀ, ਸਤਿੰਦਰਪਾਲ ਸਿੰਘ ਕੁਲਦੀਪ ਸਿੰਘ ਤੇ ਹੋਰ ਆਗੂ ਸਰਕਾਰੀ ਦਫਤਰਾਂ ’ਚ ਗਏ, ਜਿਥੇ ਕਿਤੇ ਕੰਮ ਹੋ ਰਿਹਾ ਸੀ, ਬੰਦ ਕਰਵਾਇਆ।
-ਟ੍ਰਾਂਸਪੋਰਟ ਤੇ ਮਾਈਨਿੰਗ ਵਿਭਾਗ ਦੇ ਦਫਤਰੀ ਕੰਮ ਨੂੰ ਰੋਕਿਆ
ਪੰਜਾਬ ਸਰਕਾਰ ਦੇ ਸਮੂਹ ਵਿਭਾਗਾਂ ਦੇ ਦਫਤਰਾਂ ਵਿਚ ਕਾਮਿਆਂ ਵਲੋਂ ਦਫਤਰੀ ਕੰਮ ਲਗਭਗ ਠੱਪ ਰੱਖਿਆ ਗਿਆ। ਪਰ ਅੱਜ ਜਿਉੰ ਦਫਤਰੀ ਕਾਮਿਆਂ ਦੀ ਜਥੇਬੰਦੀ ਦੇ ਆਗੂਆਂ ਨੂੰ ਕਨਸੋਆਂ ਮਿਲੀਆਂ ਕਿ ਟ੍ਰਾਂਸਪੋਰਟ ਅਤੇ ਮਾਈਨਿੰਗ ਵਿਭਾਗ ਦੇ ਦਫਤਰ ਵਿੱਚ ਕਾਮਿਆਂ ਵਲੋਂ ਕੰਮ ਚਾਲੂ ਰੱਖਿਆ ਹੋਇਆ ਹੈ ਤਾਂ ਉਨ੍ਹਾਂ ਤੁਰੰਤ ਜਾ ਕੇ ਬੰਦ ਕਰਵਾਇਆ ਅਤੇ ਆਖਿਆ ਕਿ ਜਥੇਬੰਦੀ ਨੂੰ ਸਹਿਯੋਗ ਦੀ ਲੋੜ ਹੈ ਤਾਂ ਜੋ ਪੰਜਾਬ ਸਰਕਾਰ ਕੋਲੋਂ ਮੰਗਾਂ ਦੀ ਪੂਰਤੀ ਕਰਵਾਈ ਜਾ ਸਕੇ।