- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੈਟਰਨਰੀ ’ਵਰਸਿਟੀ ਦੇ ਵਾਈਸ ਚਾਂਸਲਰ ਨੂੰ ਕਰਨਲ ਦਾ ਆਨਰੇਰੀ ਰੈਂਕ ਪ੍ਰਦਾਨ

-ਵੈਟਰਨਰੀ ’ਵਰਸਿਟੀ ਦੇ ਵਾਈਸ ਚਾਂਸਲਰ ਨੂੰ ਦਿੱਤਾ ਕਰਨਲ ਦਾ ਆਨਰੇਰੀ ਰੈਂਕ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਫੌਜੀ ਪਰੰਪਰਾ ਨੂੰ ਅਕਾਦਮਿਕ ਵਿਸ਼ੇਸ਼ਤਾ ਨਾਲ ਜੋੜਦੇ ਹੋਏ ਇੱਕ ਵਿਸ਼ੇਸ਼ ਸਮਾਰੋਹ ਵਿੱਚ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਤਿੰਦਰ ਪਾਲ ਸਿੰਘ ਗਿੱਲ ਨੂੰ ਰਸਮੀ ਤੌਰ ’ਤੇ ਕਰਨਲ ਦਾ ਆਨਰੇਰੀ ਰੈਂਕ ਪ੍ਰਦਾਨ ਕੀਤਾ ਗਿਆ ਅਤੇ ਐਨਸੀਸੀ. ਦਾ ਕਰਨਲ ਕਮਾਂਡੈਂਟ ਨਿਯੁਕਤ ਕੀਤਾ। ਵਨ (1) ਪੰਜਾਬ ਰੀਮਾਊਂਟ ਅਤੇ ਵੈਟਨਰੀ ਸਕੁਐਡਰਨ ਵਿੱਚ ਉਨ੍ਹਾਂ ਦੀ ਵਿਲੱਖਣ ਅਗਵਾਈ ਅਤੇ ਯੋਗਦਾਨ ਦਾ ਸਨਮਾਨ ਕਰਦੇ ਹੋਏ ਯੂਨੀਵਰਸਿਟੀ ਆਡੀਟੋਰੀਅਮ ਵਿਖੇ ਰਸਮੀ ਪਿੱਪਿੰਗ-ਇਨ ਸਮਾਗਮ ਕਰਵਾਇਆ। ਇਹ ਸਨਮਾਨ ਮੁੱਖ ਮਹਿਮਾਨ ਮੇਜਰ ਜਨਰਲ ਨਰਿੰਦਰ ਸਿੰਘ, ਸੈਨਾ ਮੈਡਲ, ਐਡੀਸ਼ਨਲ ਡਾਇਰੈਕਟਰ ਜਨਰਲ,ਐਨਸੀਸੀ. ਡਾਇਰੈਕਟੋਰੇਟ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਵੱਲੋਂ ਸੀਨੀਅਰ ਫੌਜੀ ਅਧਿਕਾਰੀਆਂ, ਯੂਨੀਵਰਸਿਟੀ ਅਧਿਕਾਰੀਆਂ, ਐਨਸੀਸੀ. ਕੈਡਿਟਾਂ ਅਤੇ ਬ੍ਰਿਗੇਡੀਅਰ ਪੀਐਸ. ਚੀਮਾ, ਸੇਵਾ ਮੈਡਲ, ਵਿਸ਼ੇਸ਼ ਸੇਵਾ ਮੈਡਲ., ਗਰੁੱਪ ਕਮਾਂਡਰ, ਐਨਸੀਸੀ. ਗਰੁੱਪ ਹੈੱਡਕੁਆਰਟਰ ਸਮੇਤ ਵਿਸ਼ੇਸ਼ ਮਹਿਮਾਨਾਂ ਦੀ ਮੌਜੂਦਗੀ ਵਿੱਚ ਪ੍ਰਦਾਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਵਿੱਚ ਮਹਿਮਾਨਾਂ ਨੂੰ ਐਨਸੀਸੀ. ਘੋੜਿਆਂ ਦੁਆਰਾ ਗਾਰਡ ਸਲਾਮੀ ਨਾਲ ਆਡੀਟੋਰੀਅਮ ਵਿੱਚ ਲੈ ਜਾਇਆ ਗਿਆ। ਸਮਾਗਮ ਦੀ ਵਿਸ਼ੇਸ਼ ਰਸਮ ਡਾ. ਗਿੱਲ ਦੇ ਰੈਂਕ ਦੀ ਰਸਮੀ ਪਿੱਪਿੰਗ ਸੀ, ਜਿਸ ਤੋਂ ਬਾਅਦ ਮੇਜਰ ਜਨਰਲ ਨਰਿੰਦਰ ਸਿੰਘ ਵੱਲੋਂ ਇੱਕ ਯਾਦਗਾਰੀ ਫੋਲਡਰ ਤੇ ਫਰੇਮ ਕੀਤਾ ਪ੍ਰਮਾਣ ਪੱਤਰ ਪ੍ਰਦਾਨ ਕੀਤਾ ਗਿਆ।
ਡਾ. ਗਿੱਲ ਨੇ ਵੀ ਹੁੰਗਾਰੇ ’ਚ ਇਕ ਯਾਦਗਾਰੀ ਚਿੰਨ੍ਹ ਭੇਟ ਕੀਤਾ, ਜੋ ਕਿ ਯੂਨੀਵਰਸਿਟੀ ਅਤੇ ਐਨਸੀਸੀ ਵਿਚਕਾਰ ਸਥਾਈ ਭਾਈਵਾਲੀ ਦਾ ਪ੍ਰਤੀਕ ਸੀ। ਡਾ. ਗਿੱਲ ਦੀ ਅਗਵਾਈ ਹੇਠ ਯੂਨੀਵਰਸਿਟੀ ਦੀ ਘੋੜਸਵਾਰ ਪਰੰਪਰਾ ਨੇ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ। ਐੱਨਸੀਸੀ ਕੈਡਿਟਾਂ ਨੇ 2024 ਤੋਂ 2026 ਦੇ ਵਿਚਾਲੇ ਗਣਤੰਤਰ ਦਿਵਸ ਘੋੜਸਵਾਰੀ ਸਮਾਗਮਾਂ ਵਿੱਚ 4 ਸੋਨੇ, 3 ਚਾਂਦੀ ਅਤੇ 4 ਕਾਂਸੀ ਦੇ ਤਗਮੇ ਪ੍ਰਾਪਤ ਕੀਤੇ, ਜਿਸਦਾ ਪੰਜਾਬ ਡਾਇਰੈਕਟੋਰੇਟ ਨੂੰ ਸਮੁੱਚੇ ਘੋੜਸਵਾਰੀ ਤਗਮੇ ਦੀ ਸੂਚੀ ਵਿੱਚ ਸਿਖਰ ਤੇ ਲਿਆਉਣ ਵਿੱਚ ਮਹੱਤਵਪੂਰਨ ਯੋਗਦਾਨ ਰਿਹਾ। ਮੇਜਰ ਜਨਰਲ ਨਰਿੰਦਰ ਸਿੰਘ ਨੇ ਡਾ. ਗਿੱਲ ਦੀ ਐੱਨਸੀਸੀ ਪ੍ਰਤੀ ਵਚਨਬੱਧਤਾ ਦੀ ਸ਼ਲਾਘਾ ਕੀਤੀ ਅਤੇ ਘੋੜਿਆਂ ਦੇ ਪ੍ਰਬੰਧਨ ਅਤੇ ਸਿਖਲਾਈ ਲਈ ਬੁਨਿਆਦੀ ਢਾਂਚਾ, ਵੈਟਨਰੀ ਮੁਹਾਰਤ ਅਤੇ ਸਰੋਤ ਪ੍ਰਦਾਨ ਕਰਕੇ ਆਰ ਐਂਡ ਵੀ ਸਕੁਐਡਰਨ ਐੱਨਸੀਸੀ ਨੂੰ ’ਵਰਸਿਟੀ ਪਰਿਵਾਰ ਦਾ ਇਕ ਅਨਿੱਖੜਵਾਂ ਅੰਗ ਬਣਾਉਣ ਦੀ ਸ਼ਲਾਘਾ ਕੀਤੀ। ਇਸ ਸਨਮਾਨ ਲਈ ਧੰਨਵਾਦ ਪ੍ਰਗਟਾਉਂਦਿਆਂ ਡਾ. ਗਿੱਲ ਨੇ ਯੂਨੀਵਰਸਿਟੀ ਵਿਖੇ ਐਨ.ਸੀ.ਸੀ. ਨੂੰ ਹੋਰ ਉਚਾਈਆਂ ਤੇ ਲਿਜਾਣ ਦੇ ਆਪਣੇ ਸੰਕਲਪ ਨੂੰ ਦੁਹਰਾਇਆ। ਉਨ੍ਹਾਂ ਨੇ ਕਮਾਂਡਿੰਗ ਅਫ਼ਸਰ ਕਰਨਲ ਏਐੱਸ ਰਾਓ ਦੀ ਕੈਡਿਟਾਂ ਨੂੰ ਅਨੁਸ਼ਾਸਨ, ਅਗਵਾਈ ਅਤੇ ਰਾਸ਼ਟਰ ਦੀ ਸੇਵਾ ਵਿੱਚ ਉੱਤਮਤਾ ਨੂੰ ਬਣਾਈ ਰੱਖਣ ਲਈ ਪ੍ਰੇਰਿਤ ਕਰਨ ਬਾਰੇ ਵੀ ਪ੍ਰਸ਼ੰਸਾ ਕੀਤੀ। ਸਮਾਰੋਹ ਐੱਨਸੀਸੀ ਗੀਤ ਤੇ ਰਾਸ਼ਟਰੀ ਗੀਤ ਨਾਲ ਸੰਪੂਰਨ ਹੋਇਆ।