
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਜਾਇਬ ਘਰ ਲਈ ਵੈਟਰਨਰੀ ’ਵਰਸਿਟੀ ਨੂੰ ਮਿਲੀ 26 ਲੱਖ ਦੀ ਖੋਜ ਗ੍ਰਾਂਟ

-ਵੀਸੀ ਡਾ. ਜਤਿੰਦਰਪਾਲ ਸਿੰਘ ਅਨੁਸਾਰ ਵੈਟਰਨਰੀ ਸਿੱਖਿਆ ਨੂੰ ਆਧੁਨਿਕ ਤਕਨੀਕ ਰਾਹੀਂ ਸਮਝਣ ’ਚ ਮਿਲੇਗੀ ਮਦਦ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਸੈਂਟਰ ਫਾਰ ਵਨ ਹੈਲਥ ਨੂੰ ਵਿਗਿਆਨ ਤੇ ਤਕਨੀਕ ਮੰਤਰਾਲੇ ਭਾਰਤ ਸਰਕਾਰ ਦੀ ਨੈਸ਼ਨਲ ਕੌਂਸਲ ਫਾਰ ਸਾਇੰਸ ਤੇ ਤਕਨਾਲੋਜੀ ਕਮਿਊਨੀਕੇਸ਼ਨ ਤੋਂ 26 ਲੱਖ ਦੀ ਖੋਜ ਗ੍ਰਾਂਟ ਪ੍ਰਾਪਤ ਹੋਈ ਹੈ। ਇਸ ਪ੍ਰੋਜੈਕਟ ਤਹਿਤ ਪਸ਼ੂ ਪਾਲਣ ਅਤੇ ਵੈਟਰਨਰੀ ਵਿਗਿਆਨ ਪ੍ਰਤੀ ਜਾਗਰੂਕਤਾ ਤੇ ਸਮਝ ਨੂੰ ਬਿਹਤਰ ਬਣਾਉਣ ਲਈ ਤਿੰਨ ਪਸਾਰੀ (3ਡੀ) ਪ੍ਰਿੰਟਿੰਗ ਤਕਨਾਲੋਜੀ ਦੀ ਵਰਤੋਂ ਕਰਨਾ ਹੈ। ਪ੍ਰੋਜੈਕਟ ਦੇ ਹਿੱਸੇ ਵਜੋਂ ਪਸ਼ੂ ਪਾਲਕਾਂ, ਵੈਟਰਨਰੀ ਵਿਦਿਆਰਥੀਆਂ ਅਤੇ ਆਮ ਲੋਕਾਂ ਲਈ ਸਰਲ ਤੇ ਸਿੱਖਣ ਦੇ ਵਿਹਾਰਕ ਅਨੁਭਵ ਨੂੰ ਦਰਸਾਉਣ ਲਈ ਇੱਕ ਤਿੰਨ ਪਸਾਰੀ (3ਡੀ) ਅਜਾਇਬ ਘਰ ਸਥਾਪਿਤ ਕੀਤਾ ਜਾਵੇਗਾ। ਇਸ ਅਜਾਇਬ ਘਰ ਰਾਹੀਂ ਲੋਕਾਂ ਨੂੰ ਜਾਨਵਰਾਂ ਦੀ ਸਿਹਤ, ਬਿਮਾਰੀ ਦੀ ਰੋਕਥਾਮ, ਦੇਖਭਾਲ ਤੇ ਆਧੁਨਿਕ ਪਸ਼ੂ ਪਾਲਣ ਨੂੰ ਸਮਝਣ ’ਚ ਮਦਦ ਮਿਲੇਗੀ।
ਪ੍ਰੋਜੈਕਟ ਟੀਮ ਦੇ ਮੁੱਖ ਨਿਰੀਖਿਅਕ ਡਾ. ਰਜਨੀਸ਼ ਸ਼ਰਮਾ ਹੋਣਗੇ ਤੇ ਡਾ. ਨਿਰਮਲ ਸਿੰਘ, ਡਾ. ਜਸਵਿੰਦਰ ਸਿੰਘ, ਧੀਰਜ ਕੁਮਾਰ ਅਤੇ ਡਾ. ਦੀਪਾਲੀ, ਸਹਿ-ਨਿਰੀਖਕ ਵਜੋਂ ਯੋਗਦਾਨ ਦੇਣਗੇ। ਇਸ ਟੀਮ ਦਾ ਕੰਮ ਵੈਟਰਨਰੀ ਸਿੱਖਿਆ ਨੂੰ ਵਧੇਰੇ ਵਿਹਾਰਕ, ਦਿਲਚਸਪ ਤੇ ਸਮਝਣ ’ਚ ਸੌਖਾ ਬਣਾਉਣ ’ਤੇ ਕੇਂਦਰਿਤ ਰਹੇਗਾ। ਵਾਈਸ ਚਾਂਸਲਰ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਸ ਨਾਲ ਜਨਤਕ ਤੌਰ ’ਤੇ ਵੈਟਰਨਰੀ ਸਿੱਖਿਆ ਨੂੰ ਸਮਝਣ ਅਤੇ ਤਕਨਾਲੋਜੀਆਂ ਨੂੰ ਪੇਸ਼ ਕਰਨ ਵਿੱਚ ਮਦਦ ਮਿਲੇਗੀ। ਡਾ. ਜਸਬੀਰ ਸਿੰਘ ਬੇਦੀ, ਨਿਰਦੇਸ਼ਕ, ਸੈਂਟਰ ਫਾਰ ਵਨ ਹੈਲਥ ਨੇ ਪ੍ਰਾਜੈਕਟ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਕਲਾਸਰੂਮ ਗਿਆਨ ਅਤੇ ਵਰਤੋਂ ਵਿੱਚ ਆਉਣ ਵਾਲੇ ਵਿਹਾਰਕ ਗਿਆਨ ਵਿਚਲੇ ਪਾੜੇ ਨੂੰ ਘਟਾਉਣ ’ਚ ਮਦਦ ਕਰੇਗਾ। ਡਾ. ਸਵਰਨ ਸਿੰਘ ਰੰਧਾਵਾ, ਨਿਰਦੇਸ਼ਕ ਖੋਜ ਨੇ ਕਿਹਾ ਕਿ ਇਸ ਪ੍ਰਾਜੈਕਟ ਤੋਂ ਪਸ਼ੂ ਸਿਹਤ ਅਤੇ ਪਸ਼ੂ ਪ੍ਰਬੰਧਨ ਬਾਰੇ ਮਹੱਤਵਪੂਰਨ ਜਾਣਕਾਰੀ ਮਿਲੇਗੀ ਜੋ ਸਿਖਾਉਣ ਦੇ ਨਾਲ ਨਾਲ ਗਿਆਨ ਨੂੰ ਕਿਸਾਨਾਂ, ਵਿਦਿਆਰਥੀਆਂ ਅਤੇ ਜਨਤਕ ਭਾਈਚਾਰੇ ਵਿੱਚ ਪਹੁੰਚਾਉਣ ਸੰਬੰਧੀ ਸਮਰੱਥਾ ਵਧਾਏਗੀ।