
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਹਿਮ ਖ਼ਬਰ-ਨਿਗਮ ਪ੍ਰਸ਼ਾਸਨ ਮੇਹਰਬਾਨ, ਢੰਡਾਰੀ ਕਲਾਂ ਰੇਲਵੇ ਸਟੇਸ਼ਨ ਦੇ ਬਾਹਰ ਫੜ੍ਹੀ ਮਾਫੀਆ ਸਰਗਰਮ

-ਨਾਜਾਇਜ਼ ਕਬਜ਼ਿਆਂ ਕਾਰਨ ਰੋਜ਼ ਲੱਗਦੈ ਟ੍ਰੈਫਿਕ ਜਾਮ, ਤਹਿਬਾਜ਼ਾਰੀ ਵਿਭਾਗ ਕੁੰਭਕਰਨੀ ਨੀਂਦ ਸੁੱਤਾ
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ
ਮਹਾਂਨਗਰ ਵਿੱਚ ਨਾਜਾਇਜ਼ ਕਬਜ਼ਿਆਂ ਅਤੇ ਰੇਹੜ੍ਹੀ-ਫੜ੍ਹੀ ਮਾਫੀਆ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਹੁਣ ਰੇਲਵੇ ਸਟੇਸ਼ਨਾਂ ਅਤੇ ਹੋਰ ਭੀੜ-ਭਾੜ ਵਾਲੇ ਇਲਾਕਿਆਂ ਦੇ ਬਾਹਰ ਵੀ ਬੇਖ਼ੌਫ਼ ਕਬਜ਼ੇ ਕੀਤੇ ਜਾ ਰਹੇ ਹਨ। ਹੈਰਾਨੀ ਹੁੰਦੀ ਹੈ ਕਿ ਨਿਗਮ ਦਾ ਤਹਿਬਾਜ਼ਾਰੀ ਵਿਭਾਗ ਇਨ੍ਹਾਂ ਨਾਜਾਇਜ਼ ਕਬਜ਼ਿਆਂ ’ਤੇ ਕਾਰਵਾਈ ਕਰਨ ਦੀ ਬਜਾਏ ਜਿਵੇਂ ਅੱਖਾਂ ਮੂੰਦ ਕੇ ਬੈਠਾ ਹੋਵੇ। ਇਸ ਦੀ ਤਾਜ਼ਾ ਮਿਸਾਲ ਢੰਡਾਰੀ ਕਲਾਂ ਰੇਲਵੇ ਸਟੇਸ਼ਨ ਦੇ ਬਾਹਰ ਵੇਖਣ ਨੂੰ ਮਿਲ ਰਹੀ ਹੈ, ਜਿੱਥੇ ਰੇਹੜ੍ਹੀਆਂ ਅਤੇ ਫੜ੍ਹੀਆਂ ਵਾਲਿਆਂ ਵੱਲੋਂ ਸੜਕ ਅਤੇ ਆਲੇ-ਦੁਆਲੇ ਦੇ ਖੇਤਰ ਵਿੱਚ ਨਾਜਾਇਜ਼ ਤੌਰ ’ਤੇ ਕਬਜ਼ੇ ਕੀਤੇ ਹੋਣ ਦੀ ਸ਼ਿਕਾਇਤ ਸਾਹਮਣੇ ਆਈ ਹੈ। ਇਨ੍ਹਾਂ ਕਬਜ਼ਿਆਂ ਕਾਰਨ ਸਟੇਸ਼ਨ ਦੇ ਬਾਹਰ ਆਵਾਜਾਈ ਪ੍ਰਭਾਵਿਤ ਰਹਿੰਦੀ ਹੈ ਅਤੇ ਅਕਸਰ ਟ੍ਰੈਫਿਕ ਜਾਮ ਦੀ ਸਥਿਤੀ ਬਣ ਜਾਂਦੀ ਹੈ।
ਰੇਲਗੱਡੀਆਂ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ, ਉਨ੍ਹਾਂ ਨੂੰ ਛੱਡਣ ਜਾਂ ਲੈਣ ਆਉਣ ਵਾਲੇ ਲੋਕਾਂ ਅਤੇ ਇਲਾਕਾ ਵਾਸੀਆਂ ਨੂੰ ਜਾਮ ਕਾਰਨ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਵਾਲ ਇਹ ਹੈ ਕਿ ਜਦੋਂ ਰੋਜ਼ਾਨਾ ਇਹ ਸਮੱਸਿਆ ਸਪੱਸ਼ਟ ਤੌਰ ’ਤੇ ਨਜ਼ਰ ਆ ਰਹੀ ਹੈ ਤਾਂ ਨਗਰ ਨਿਗਮ ਦਾ ਤਹਿਬਾਜ਼ਾਰੀ ਵਿਭਾਗ ਆਖ਼ਰ ਕਿਸ ਕਾਰਵਾਈ ਦੀ ਉਡੀਕ ਕਰ ਰਿਹਾ ਹੈ।
ਮਾਮਲੇ ਸਬੰਧੀ ਜਾਣਕਾਰੀ ਲੈਣ ਲਈ ਢੰਡਾਰੀ ਕਲਾਂ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਮਯੰਕ ਚੰਦ ਸ੍ਰੀਵਾਸਤਵ ਨਾਲ ਗੱਲਬਾਤ ਕਰਨ ਲਈ ਉਨ੍ਹਾਂ ਦੇ ਦਫ਼ਤਰ ਪਹੁੰਚ ਕੀਤੀ ਗਈ, ਪਰ ਉਹ ਛੁੱਟੀ ’ਤੇ ਹੋਣ ਕਾਰਨ ਨਹੀਂ ਮਿਲੇ। ਉਨ੍ਹਾਂ ਦੀ ਥਾਂ ਤਾਇਨਾਤ ਰਾਮ ਬਾਬੂ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਰੇੜ੍ਹੀਆਂ ਰੇਲਵੇ ਦੀ ਹੱਦ ਤੋਂ ਬਾਹਰ ਹਨ ਅਤੇ ਇਹ ਮਾਮਲਾ ਨਿਗਮ ਦੇ ਅਧਿਕਾਰ ਖੇਤਰ ਨਾਲ ਸਬੰਧਤ ਹੈ।
ਇਸ ਤੋਂ ਬਾਅਦ ਨਿਗਮ ਪ੍ਰਸ਼ਾਸਨ ਦੀ ਜ਼ਿੰਮੇਵਾਰੀ ’ਤੇ ਹੋਰ ਵੀ ਸਵਾਲ ਖੜ੍ਹੇ ਹੋ ਜਾਂਦੇ ਹਨ। ਜੇਕਰ ਇਹ ਖੇਤਰ ਨਗਰ ਨਿਗਮ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ, ਤਾਂ ਫਿਰ ਨਾਜਾਇਜ਼ ਕਬਜ਼ਿਆਂ ਨੂੰ ਰੋਕਣ ਲਈ ਹੁਣ ਤੱਕ ਕੀ ਕਾਰਵਾਈ ਕੀਤੀ। ਕੀ ਤਹਿਬਾਜ਼ਾਰੀ ਵਿਭਾਗ ਨੂੰ ਇਹ ਕਬਜ਼ੇ ਨਜ਼ਰ ਨਹੀਂ ਆ ਰਹੇ ਜਾਂ ਫਿਰ ਕਿਸੇ ਦੀ ਕਥਿਤ ਸਰਪ੍ਰਸਤੀ ਹੇਠ ਇਹ ਧੰਦਾ ਚੱਲ ਰਿਹਾ ਹੈ। ਸ਼ਹਿਰ ਦੇ ਲੋਕਾਂ ਨੇ ਕਿਹਾ ਕਿ ਨਿਗਮ ਨੂੰ ਤੁਰੰਤ ਮੌਕੇ ਦਾ ਜਾਇਜ਼ਾ ਲੈ ਕੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਢੰਡਾਰੀ ਕਲਾਂ ਰੇਲਵੇ ਸਟੇਸ਼ਨ ਦੇ ਬਾਹਰ ਟ੍ਰੈਫਿਕ ਵਿਵਸਥਾ ਸੁਚਾਰੂ ਹੋ ਸਕੇ।
-ਜਲਦ ਨਾਜਾਇਜ਼ ਕਬਜ਼ੇ ਹਟਾਏ ਜਾਣਗੇ : ਇੰਸਪੈਕਟਰ ਲੱਕੀ
ਜਦੋਂ ਢੰਡਾਰੀ ਰੇਲਵੇ ਸਟੇਸ਼ਨ ਦੇ ਬਾਹਰ ਹੋਏ ਨਜਾਇਜ਼ ਕਬਜ਼ਿਆਂ ਬਾਰੇ ਨਗਰ ਨਿਗਮ ਜੋਨ ਸੀ ਦੇ ਤਹਿਬਜ਼ਾਰੀ ਵਿਭਾਗ ਦੇ ਇੰਸਪੈਕਟਰ ਲੱਕੀ ਹੋਰਾਂ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਜਲਦ ਹੀ ਇਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਨਿਗਮ ਪ੍ਰਸ਼ਾਸਨ ਆਪਣੀ ਕੁੰਭਕਰਨੀ ਨੀਂਦ ਤੋਂ ਜਾਗ ਕੇ ਕੋਈ ਠੋਸ ਕਾਰਵਾਈ ਕਰਦਾ ਹੈ ਜਾਂ ਫਿਰ ਰੇੜ੍ਹੀ-ਫੜ੍ਹੀ ਮਾਫੀਆ ਇੰਞ ਹੀ ਸਰਕਾਰੀ ਜ਼ਮੀਨ ਤੇ ਸੜਕਾਂ ’ਤੇ ਆਪਣਾ ਕਬਜ਼ਾ ਵਧਾਉਂਦਾ ਰਹੇਗਾ।