- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੇਲਵੇ ਦੀ ਵੀਰਾਨ ਥਾਂ ਵੱਲੋਂ ਕੰਧ ’ਚ ਪਾੜ ਲਾ ਕੇ ਮੋਟਰ ਪਾਰਟਸ ਦੀ ਦੁਕਾਨ ’ਚ ਦਾਖਲ ਹੋਏ ਬਦਮਾਸ਼

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਕਮਲਾ ਨਹਿਰੂ ਮਾਰਕੀਟ ਵਿੱਚ ਚੋਰਾਂ ਨੇ ਮੋਟਰ ਪਾਰਟਸ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਦੁਕਾਨ ਦੇ ਪਿਛਲੇ ਪਾਸੇ ਰੇਲਵੇ ਦੀ ਉਜਾੜ ਥਾਂ ਹੋਣ ਦਾ ਫਾਇਦਾ ਚੁੱਕਦਿਆਂ ਚੋਰਾਂ ਨੇ ਕੰਧ ਨੂੰ ਸੰਨ੍ਹ ਲਾਈ ਤੇ ਅੰਦਰੋਂ ਕਾਊਂਟਰ ਦੇ ਦਰਾਜ਼ ’ਚ ਪਈ ਵੱਡੀ ਰਕਮ ਚੋਰੀ ਕਰ ਲਈ। ਵਾਰਦਾਤ ਤੋਂ ਬਾਅਦ ਚੋਰ ਉਸੇ ਰਸਤੇ ਫਰਾਰ ਹੋ ਗਏ। ਘਟਨਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਦੇ ਦੁਕਾਨਦਾਰਾਂ ਵਿੱਚ ਵੀ ਚਿੰਤਾ ਪਾਈ ਜਾ ਰਹੀ ਹੈ। ਜਾਣਕਾਰੀ ਮੁਤਾਬਕ ਕਮਲਾ ਨਹਿਰੂ ਮਾਰਕੀਟ ਵਿਖੇ ਐੱਮਆਰ ਜੈਨ ਮੋਟਰਜ਼ ਦੇ ਨਾਂ ਨਾਲ ਮੋਟਰਾਂ ਤੇ ਕੰਬਾਈਨਾਂ ਦੇ ਸਪੇਅਰ ਪਾਰਟਸ ਦੀ ਦੁਕਾਨ ਹੈ। ਦੁਕਾਨ ਦੇ ਪਿਛਲੇ ਪਾਸੇ ਬਾਥਰੂਮ ਦੀ ਕੰਧ ਹੈ, ਜੋ ਅੱਗੇ ਰੇਲਵੇ ਦੀ ਉਜਾੜ ਥਾਂ ਵੱਲ ਪੈਂਦੀ ਹੈ। ਬੀਤੇ ਦਿਨੀਂ ਅਣਪਛਾਤੇ ਚੋਰਾਂ ਨੇ ਇਸੇ ਪਾਸੇ ਤੋਂ ਕੰਧ ਦੀਆਂ ਇੱਟਾਂ ਪੁੱਟ ਕੇ ਪਾੜ ਲਾ ਦਿੱਤਾ ਤੇ ਦੁਕਾਨ ’ਚ ਵੜ ਗਏ। ਸ਼ਾਤਰ ਚੋਰਾਂ ਨੇ ਕਾਊਂਟਰ ਦੇ ਦਰਾਜ਼ ਨੂੰ ਖੰਗਾਲਿਆ ਤੇ ਉਸ ’ਚ ਪਈ ਵੱਡੀ ਰਕਮ ਚੋਰੀ ਕਰ ਲਈ। ਘੁਮਾਰ ਮੰਡੀ ਦੇ ਰਹਿਣ ਵਾਲੇ ਕਾਰੋਬਾਰੀ ਸੰਜੀਵ ਜੈਨ ਅਨੁਸਾਰ ਉਹ ਸਵੇਰੇ ਜਦ ਦੁਕਾਨ ਦੇ ਅੰਦਰ ਵੜੇ ਤਾਂ ਦੁਕਾਨ ਦੀ ਬਾਥਰੂਮ ਵਾਲੀ ਕੰਧ ਨੂੰ ਸੰਨ੍ਹ ਲੱਗੀ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਜੈਨ ਨੂੰ ਦਰਾਜ਼ ਚੈੱਕ ਕਰਨ ’ਤੇ ਪਤਾ ਲੱਗਾ ਕਿ ਵਿੱਚੋਂ ਨਕਦੀ ਗਾਇਬ ਹੋ ਚੁੱਕੀ ਸੀ। ਥਾਣਾ ਕੋਤਵਾਲੀ ਦੀ ਪੁਲਿਸ ਨੇ ਦੁਕਾਨਦਾਰ ਸੰਜੀਵ ਜੈਨ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਤੇ ਚੋਰਾਂ ਦੀ ਵੱਖ-ਵੱਖ ਪਹਿਲੂਆਂ ਤੋਂ ਪੜਤਾਲ ਜਾਰੀ ਹੈ।