- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਕੁਲ ਮੱਟੂ ਗਿਰੋਹ ਦਾ ਮੈਂਬਰ ਕਾਬੂ, ਪਾਕਿਸਤਾਨੀ ਪਿਸਤੌਲ ਸਮੇਤ ਦੋ ਨਾਜਾਇਜ਼ ਹਥਿਆਰ ਬਰਾਮਦ

-ਜੇਲ੍ਹ ਵਿੱਚ ਬੰਦ ਮੁਕੁਲ ਮੱਟੂ ਨੂੰ ਪੁੱਛਗਿੱਛ ਲਈ ਲਿਆਉਣ ਦੀ ਤਿਆਰੀ
57)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਲੁਧਿਆਣਾ ਪੁਲਿਸ ਨੇ ਗੈਂਗਸਟਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਮੁਕੁਲ ਮੱਟੂ ਗਿਰੋਹ ਦੇ ਇਕ ਮੈਂਬਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ ਦੋ ਨਾਜਾਇਜ਼ ਹਥਿਆਰ ਅਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਬਰਾਮਦ ਹਥਿਆਰਾਂ ਵਿੱਚ ਇਕ ਪਾਕਿਸਤਾਨ ਦਾ ਬਣਿਆ ਪਿਸਤੌਲ ਵੀ ਸ਼ਾਮਲ ਹੈ। ਕਾਬੂ ਕੀਤੇ ਮੁਲਜ਼ਮ ਦੀ ਪਛਾਣ ਕਰਾਬਾਰਾ ਚੌਕ ਵਾਸੀ ਕਿਸ਼ੂ ਉਰਫ਼ ਗੁਰੂ ਵਜੋਂ ਹੋਈ ਹੈ।
ਪੁਲਿਸ ਅਧਿਕਾਰੀ ਬੇਅੰਤ ਜੁਨੇਜਾ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਹਰਜਾਪ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਕਿਸ਼ੂ ਉਰਫ਼ ਗੁਰੂ ਨੂੰ ਕਾਬੂ ਕੀਤਾ। ਪੁਲਿਸ ਅਨੁਸਾਰ ਮੁਲਜ਼ਮ ਇਸ ਸਾਲ ਸਤੰਬਰ ਵਿੱਚ ਥਾਣਾ ਡਿਵੀਜ਼ਨ ਨੰਬਰ ਚਾਰ ਦੇ ਇਲਾਕੇ ਵਿੱਚ ਹੋਏ ਗੋਲੀਕਾਂਡ ਦੇ ਮਾਮਲੇ ਵਿੱਚ ਲੋੜੀਂਦਾ ਸੀ। ਪੁਲਿਸ ਨੇ ਉਸ ਕੋਲੋਂ ਇਕ ਵਿਦੇਸ਼ੀ ਬਣਿਆ ਤੀਹ ਬੋਰ ਦਾ ਪਿਸਤੌਲ, ਇਕ ਦੇਸੀ ਤੀਹ ਬੋਰ ਦਾ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਮੁਤਾਬਕ ਕਿਸ਼ੂ ਦਾ ਪਹਿਲਾਂ ਤੋਂ ਹੀ ਅਪਰਾਧਿਕ ਪਿਛੋਕੜ ਹੈ ਅਤੇ ਲੁਧਿਆਣਾ ਦੇ ਵੱਖ-ਵੱਖ ਥਾਣਿਆਂ ਵਿੱਚ ਉਸ ਖ਼ਿਲਾਫ਼ ਚਾਰ ਮਾਮਲੇ ਦਰਜ ਹਨ। ਉਹ ਨਵੰਬਰ 2025 ਵਿੱਚ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਆਇਆ ਸੀ।
ਪੁਲਿਸ ਅਨੁਸਾਰ ਮੁਕੁਲ ਮੱਟੂ ਗਿਰੋਹ ਅਤੇ ਵਿਰੋਧੀ ਮੋਵਿਸ਼ ਬੈਂਸ ਗਿਰੋਹ ਦੇ ਮੈਂਬਰਾਂ ਵਿਚਕਾਰ ਗੋਲੀਬਾਰੀ ਹੋਈ ਸੀ। ਇਸ ਦੌਰਾਨ ਮੋਵਿਸ਼ ਬੈਂਸ ਗਿਰੋਹ ਨਾਲ ਸਬੰਧਤ ਅਕਾਸ਼ ਮੱਟੂ ਨੂੰ ਗੋਲੀ ਲੱਗੀ ਸੀ। ਅਕਾਸ਼ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ ਹੈ। ਹਾਲਾਂਕਿ ਉਸ ਕੋਲੋਂ ਹਾਲੇ ਕੋਈ ਨਾਜਾਇਜ਼ ਹਥਿਆਰ ਬਰਾਮਦ ਨਹੀਂ ਹੋਇਆ। ਪੁਲਿਸ ਉਸ ਤੋਂ ਪੁੱਛਗਿੱਛ ਕਰਕੇ ਗੋਲੀਕਾਂਡ ਵਿੱਚ ਵਰਤੇ ਗਏ ਹਥਿਆਰਾਂ ਬਾਰੇ ਜਾਣਕਾਰੀ ਹਾਸਲ ਕਰੇਗੀ ਅਤੇ ਉਨ੍ਹਾਂ ਦੀ ਬਰਾਮਦਗੀ ਦੀ ਕੋਸ਼ਿਸ਼ ਕੀਤੀ ਜਾਵੇਗੀ।
ਪੁਲਿਸ ਮੁਤਾਬਕ ਮੁਕੁਲ ਮੱਟੂ ਪਹਿਲਾਂ ਲੁਧਿਆਣਾ ਨਗਰ ਨਿਗਮ ਵਿੱਚ ਨਲਕਾ ਚਲਾਉਣ ਵਾਲੇ ਕਰਮਚਾਰੀ ਵਜੋਂ ਕੰਮ ਕਰਦਾ ਸੀ ਅਤੇ ਉਸ ਖ਼ਿਲਾਫ਼ ਅੱਠ ਮਾਮਲਿਆਂ ਵਿੱਚ ਮੁਕੱਦਮੇ ਚੱਲ ਰਹੇ ਹਨ। ਉਸ ’ਤੇ ਇਕ ਵਪਾਰੀ ਨੂੰ ਨਸ਼ਿਆਂ ਸਬੰਧੀ ਸ਼ਿਕਾਇਤ ਤੋਂ ਪਿੱਛੇ ਹਟਣ ਲਈ ਕਥਿਤ ਤੌਰ ’ਤੇ ਪਿਸਤੌਲ ਦਿਖਾ ਕੇ ਧਮਕਾਉਣ ਦਾ ਦੋਸ਼ ਵੀ ਰਿਹਾ ਹੈ।
ਪੁਲਿਸ ਹੁਣ ਕੇਂਦਰੀ ਜੇਲ੍ਹ ਲੁਧਿਆਣਾ ’ਚ ਬੰਦ ਮੁਕੁਲ ਮੱਟੂ ਨੂੰ ਅਦਾਲਤੀ ਹੁਕਮਾਂ ਤਹਿਤ ਜੇਲ੍ਹ ਤੋਂ ਬਾਹਰ ਲਿਆ ਕੇ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ। ਪੁਲਿਸ ਅਨੁਸਾਰ ਪੁੱਛਗਿੱਛ ਦੌਰਾਨ ਗਿਰੋਹ ਦੇ ਹੋਰ ਸਰਗਰਮ ਮੈਂਬਰਾਂ ਅਤੇ ਹਥਿਆਰਾਂ ਦੀ ਸਪਲਾਈ ਕਰਨ ਵਾਲਿਆਂ ਬਾਰੇ ਅਹਿਮ ਜਾਣਕਾਰੀ ਮਿਲ ਸਕਦੀ ਹੈ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਬਰਾਮਦ ਕੀਤਾ ਵਿਦੇਸ਼ੀ ਪਿਸਤੌਲ ਸਰਹੱਦ ਪਾਰੋਂ ਤਸਕਰੀ ਰਾਹੀਂ ਲੁਧਿਆਣਾ ਤੱਕ ਤਾਂ ਨਹੀਂ ਪਹੁੰਚਿਆ। ਇਹ ਵੀ ਪਤਾ ਲੱਗਿਆ ਹੈ ਕਿ ਪਾਕਿਸਤਾਨ ਤੋਂ ਆਇਲਾ ਪਿਸਤੌਲ 1 ਲੱਖ ਰੁਪਏ ਅਤੇ ਦੂਸਰਾ ਦੇਸੀ ਪਿਸਤੌਲ ਯੂਪੀ ਤੋਂ 30 ਹਜ਼ਾਰ ਰੁਪਏ ’ਚ ਖ਼ਰੀਦਿਆ ਸੀ।