- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਇਆ ਨਾਲ ਉੱਡ ਜਾਂਦੈ ਦਿਨ ਦਾ ਆਰਾਮ ਅਤੇ ਰਾਤਾਂ ਦੀ ਨੀਂਦ -ਸਾਧਵੀ ਗਰਿਮਾ ਭਾਰਤੀ

-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਭਗਵਾਨ ਸ਼ਿਵ ਕਥਾ ਜਾਰੀ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸ੍ਰੀ ਸ਼ਿਵ ਮੰਦਿਰ, ਈਸ਼ਰ ਨਗਰ ਵਿਖੇ ਜਾਰੀਪੰਜ ਰੋਜ਼ਾ ਭਗਵਾਨ ਸ਼ਿਵ ਕਥਾ ਦੇ ਚੌਥੇ ਦਿਨ ਸਾਧਵੀ ਗਰਿਮਾ ਭਾਰਤੀ ਨੇ ਭਗਵਾਨ ਸ਼ਿਵ ਦੇ ਸ਼ਿੰਗਾਰ ਦੇ ਪਿੱਛੇ ਛਿਪੇ ਅਧਿਆਤਮਿਕ ਭੇਦਾਂ ਨੂੰ ਪ੍ਰਗਟ ਕੀਤਾ। ਪ੍ਰਭੂ ਨੇ ਆਪਣੇ ਵਿਆਹ ਦੇ ਸਮੇਂ ਜੋ ਵੀ ਸ਼ਿੰਗਾਰ ਕੀਤਾ, ਉਹ ਅੱਜ ਮਨੁੱਖੀ ਜਾਤੀ ਲਈ ਇੱਕ ਸੰਦੇਸ਼ ਹੈ। ਸਾਧਵੀ ਨੇ ਕਿਹਾ ਕਿ ਅੱਜ ਦੁਨੀਆਂ ਵਿੱਚ ਵਿਆਹ ਸਮੇਂ ਲਾੜਾ ਸੋਨੇ-ਚਾਂਦੀ ਦੇ ਗਹਿਣੇ ਪਹਿਨਦੇ ਹਨ ਪਰ ਭਗਵਾਨ ਸ਼ਿਵ ਨੇ ਆਪਣੇ ਗਲ ਵਿੱਚ ਸੋਨਾ-ਚਾਂਦੀ ਨਹੀਂ, ਸਗੋਂ ਸੱਪਾਂ ਨੂੰ ਗਹਿਣੇ ਦੇ ਰੂਪ ਵਿੱਚ ਧਾਰਨ ਕੀਤਾ। ਜਿਸਦਾ ਭਾਵ ਇਹ ਹੈ ਕਿ ਜੇਕਰ ਇਨਸਾਨ ਸੋਨਾ-ਚਾਂਦੀ ਧਾਰਨ ਕਰਦਾ ਹੈ, ਤਾਂ ਇੱਕ ਦਿਨ ਇਹ ਸੱਪਾਂ ਵਾਂਗ ਮਨੁੱਖ ਨੂੰ ਡੰਗ ਲਵੇਗਾ। ਜਿਸਦੇ ਕੋਲ ਇਹ ਮਾਇਆ ਆਉਂਦੀ ਹੈ, ਉਸਦੀ ਰਾਤਾਂ ਦੀ ਨੀਂਦ ਅਤੇ ਦਿਨ ਦਾ ਆਰਾਮ ਉੱਡ ਜਾਂਦਾ ਹੈ। ਭਗਵਾਨ ਸ਼ਿਵ ਨੇ ਜਟਾਂ ਧਾਰਨ ਕੀਤੀਆਂ, ਜੋ ਕਿ ਇਨਸਾਨ ਦੀਆਂ ਉਲਝਣਾਂ ਅਤੇ ਝੰਜਟਾਂ ਵਿੱਚ ਉਲਝੇ ਮਨ ਦਾ ਪ੍ਰਤੀਕ ਹਨ। ਮਨ ਚੰਚਲ ਹੈ ਪਰ ਇਸਨੂੰ ਧਿਆਨ ਰਾਹੀਂ ਹੀ ਇਕਾਗਰ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਆਪਣੇ ਤਨ ਉੱਤੇ ਭਸਮ ਲੇਪਨ ਕੀਤੀ, ਜੋ ਕਿ ਸਰੀਰ ਦੀ ਨਾਸ਼ਮਾਨਤਾ ਵੱਲ ਇਸ਼ਾਰਾ ਕਰਦੀ ਹੈ। ਉਨ੍ਹਾਂ ਦੇ ਮੱਥੇ ਵਿੱਚ ਚੰਦਰਮਾ ਸੋਭ ਰਿਹਾ ਹੈ, ਜੋ ਪ੍ਰਕਾਸ਼ ਦਾ ਪ੍ਰਤੀਕ ਹੈ। ਉਨ੍ਹਾਂ ਦੇ ਹੱਥ ਵਿੱਚ ਡਮਰੂ ਹੈ, ਜੋ ਕਿ ਅਨਹਦ ਨਾਦ ਦਾ ਪ੍ਰਤੀਕ ਹੈ। ਤ੍ਰਿਸ਼ੂਲ ਤਿੰਨਾਂ ਤਾਪਾਂ ਨੂੰ ਕੱਟਣ ਵਾਲੇ ਪ੍ਰਭੂ ਦੇ ਨਾਮ ਦਾ ਪ੍ਰਤੀਕ ਹੈ। ਉਨ੍ਹਾਂ ਦੀਆਂ ਜਟਾਂ ਵਿੱਚ ਵਗਦੀ ਗੰਗਾ ਅੰਮ੍ਰਿਤ ਰਸ ਦਾ ਪ੍ਰਤੀਕ ਹੈ।
ਸਾਧਵੀ ਨੇ ਕਿਹਾ ਕਿ ਭੂਤ-ਪ੍ਰੇਤਾਂ ਨੂੰ ਆਪਣੀ ਸ਼ਰਨ ਵਿੱਚ ਲੈਣ ਕਾਰਨ ਭਗਵਾਨ ਭੋਲੇਨਾਥ ਪਸ਼ੂਪਤੀਨਾਥ ਕਹਿਲਾਏ। ਇਹ ਭੂਤ-ਪ੍ਰੇਤ ਅਸਲ ਵਿੱਚ ਮਨੁੱਖ ਦੀ ਦੂਸ਼ਿਤ ਸੋਚ, ਨਕਾਰਾਤਮਕ ਵਿਚਾਰ ਹੀ ਹਨ, ਜਿਸ ਕਾਰਨ ਅੱਜ ਮਨੁੱਖ ਇੱਕ ਮਨੁੱਖ ਦਾ ਹੀ ਅਹਿਤ ਕਰ ਰਿਹਾ ਹੈ। ਇਨਸਾਨ ਆਪਣੇ ਜੀਵਨ ਪ੍ਰਤੀ ਸੁਚੇਤ ਨਹੀਂ ਹੈ। ਉਹ ਇਸ ਗੱਲ ਤੋਂ ਲਗਭਗ ਅਣਜਾਣ ਹੋ ਚੁੱਕਿਆ ਹੈ ਕਿ ਉਸਦੇ ਜੀਵਨ ਦਾ ਸਿਰਫ ਇੱਕ ਹੀ ਉਦੇਸ਼ ਹੈ ਪ੍ਰਭੂ ਦੀ ਪ੍ਰਾਪਤੀ ਪਰ ਉਹ ਇਨ੍ਹਾਂ ਸਭ ਗੱਲਾਂ ਤੋਂ ਬਹੁਤ ਦੂਰ ਜਾ ਚੁੱਕਾ ਹੈ। ਇਨਸਾਨ ਨੇ ਆਪਣੇ ਜੀਵਨ ਨੂੰ ਕੇਵਲ ਖਾਣ-ਪੀਣ ਅਤੇ ਮੌਜ-ਮਸਤੀ ਕਰਨ ਦੇ ਸਾਧਨ ਵਜੋਂ ਹੀ ਸਵੀਕਾਰ ਕਰ ਲਿਆ ਹੈ ਜਦਕਿ ਸਾਡੇ ਸਾਰੇ ਧਾਰਮਿਕ ਗ੍ਰੰਥਾਂ ਵਿੱਚ ਇਸ ਮਨੁੱਖੀ ਤਨ ਨੂੰ ਦੁਰਲੱਭ ਕਿਹਾ ਗਿਆ ਹੈ। ਇਹ ਤਨ ਕੇਵਲ ਪਰਮਾਤਮਾ ਦੀ ਪ੍ਰਾਪਤੀ ਲਈ ਮਿਲਿਆ ਹੈ। ਕੇਵਲ ਪੂਰਨ ਸੰਤ ਹੀ ਇਨਸਾਨ ਦੇ ਅੰਦਰ ਉਸ ਪਰਮਾਤਮਾ ਦਾ ਸਾਕਸ਼ਾਤ ਦਰਸ਼ਨ ਕਰਵਾ ਸਕਦੇ ਹਨ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰਭੂ ਦੀ ਪਾਵਨ ਆਰਤੀ ਕੀਤੀ ਗਈ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਗੁੰਜਨ ਰੁਚੀ ਬਾਵਾ ਵਾਈਸ ਚੇਅਰਪਰਸਨ ਬਾਲ ਵਿਕਾਸ ਕਮਿਸ਼ਨਰ, ਰਿੰਕੂ ਬਾਵਾ, ਸੰਜੀਵ ਧੀਮਾਨ ਪ੍ਰਧਾਨ ਸਨਾਤਨ ਧਰਮ, ਰਾਜੀਵ ਸ਼ਾਸਤਰੀ, ਸ਼ਿਵ ਮੰਦਿਰ ਕਮੇਟੀ ਦੇ ਮੈਂਬਰ ਰਾਜੇਸ਼ ਗੁਪਤਾ ਪ੍ਰਧਾਨ, ਰਵਿੰਦਰ ਕੁਮਾਰ ਪ੍ਰਧਾਨ, ਨਰੇਸ਼ ਰਾਣਾ, ਦੀਪਕ ਕੁਮਾਰ, ਲਲਿਤ ਕੁਮਾਰ ਮੋਨੂੰ, ਜਗਪ੍ਰੀਤ ਰਾਏ, ਹੀਰਾ, ਹੈਪੀ ਕੁਮਾਰ, ਰਾਧੇ ਸ਼ਿਆਮ ਸ਼ਰਮਾ, ਵਿਸ਼ਾਲ ਕਾਲੜਾ, ਰਜਨੀਸ਼ ਕੁਮਾਰ, ਜੈਰੀ, ਮਨੋਜ ਭੰਡਾਰੀ ਅਤੇ ਬਵਨੀਤ ਧੀਮਾਨ ਮੌਜੂਦ ਰਹੇ।