
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਹਿਮ ਖ਼ਬਰ-ਵਿੱਤ ਤੇ ਠੇਕਾ ਕਮੇਟੀ ਦੇ ਮੈਂਬਰਾਂ ਦੀ ਚੋਣ ਲਈ ਸੱਦੀ ਨਗਰ ਨਿਗਮ ਜਨਰਲ ਹਾਊਸ ਦੀ ਮੀਟਿੰਗ ’ਚ ਜ਼ਬਰਦਸਤ ਹੰਗਾਮਾ

-ਦੋ ਕੌਂਸਲਰਾਂ ਵਿਚਾਲੇ ਹੋਈ ਹੱਥੋਪਾਈ, ਪੁਲਿਸ ਨੇ ਦਖ਼ਲ ਦੇ ਕੇ ਦੋਵੇਂ ਧਿਰਾਂ ਨੂੰ ਕਰਵਾਇਆ ਸ਼ਾਂਤ
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ ਲੁਧਿਆਣਾ
ਲੁਧਿਆਣਾ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੇ ਦੋ ਮੈਂਬਰਾਂ ਦੀ ਚੋਣ ਨੂੰ ਲੈ ਕੇ ਮੰਗਲਵਾਰ ਨੂੰ ਗੁਰੂ ਨਾਨਕ ਦੇਵ ਭਵਨ ਵਿਖੇ ਹੋਈ ਨਿਗਮ ਹਾਊਸ ਮੀਟਿੰਗ ਉਸ ਸਮੇਂ ਜੰਗ ਦਾ ਮੈਦਾਨ ਬਣ ਗਈ, ਜਦੋਂ ਚੋਣ ਦੀ ਤਾਰੀਖ ਅਤੇ ਵੋਟਿੰਗ ਪ੍ਰਕਿਰਿਆ ਨੂੰ ਲੈ ਕੇ ਸੱਤਾ ਧਿਰ ਤੇ ਵਿਰੋਧੀ ਧਿਰ ਆਹਮੋ-ਸਾਹਮਣੇ ਆ ਗਏ। ਤਿੱਖੀ ਬਹਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੌਂਸਲਰ ਅਸ਼ਵਨੀ ਸ਼ਰਮਾ ਅਤੇ ਭਾਜਪਾ ਕੌਂਸਲਰ ਗੌਰਵਜੀਤ ਗੋਰਾ ਵਿਚਕਾਰ ਹੱਥੋਪਾਈ ਹੋ ਗਈ। ਮੌਕੇ ’ਤੇ ਮੌਜੂਦ ਪੁਲਿਸ ਮੁਲਾਜ਼ਮਾਂ ਅਤੇ ਹੋਰ ਕੌਂਸਲਰਾਂ ਨੇ ਦਖਲ ਦੇ ਕੇ ਦੋਵਾਂ ਨੂੰ ਵੱਖ ਕੀਤਾ। ਹੰਗਾਮੇ ਕਾਰਨ ਮੀਟਿੰਗ ਕਰੀਬ 15 ਮਿੰਟ ਲਈ ਰੋਕਣੀ ਪਈ।
ਮੇਅਰ ਇੰਦਰਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਭਾਜਪਾ ਕੌਂਸਲਰਾਂ ਨੇ ਅੱਜ ਹੀ ਵੋਟਿੰਗ ਕਰਵਾਉਣ ਦੀ ਮੰਗ ’ਤੇ ਜ਼ੋਰ ਦਿੱਤਾ, ਜਦਕਿ ਨਿਗਮ ਪ੍ਰਸ਼ਾਸਨ ਵੱਲੋਂ ਚੋਣ ਪ੍ਰਕਿਰਿਆ ਨਿਯਮਾਂ ਮੁਤਾਬਕ ਅੱਗੇ ਵਧਾਉਣ ਦੀ ਗੱਲ ਕਹੀ ਗਈ। ਇਸ ਦੌਰਾਨ ਵਿਧਾਇਕ ਦਲਜੀਤ ਗਰੇਵਾਲ ਭੋਲਾ ਨਾਲ ਵੀ ਕੌਂਸਲਰਾਂ ਦੀ ਤਿੱਖੀ ਬਹਿਸ ਹੋਈ ਅਤੇ ਮਾਹੌਲ ਲਗਾਤਾਰ ਗਰਮ ਹੁੰਦਾ ਗਿਆ।
ਵਿਰੋਧੀ ਧਿਰ ਦੇ ਕੌਂਸਲਰਾਂ ਦਾ ਤਰਕ ਸੀ ਕਿ ਅਦਾਲਤੀ ਹੁਕਮਾਂ ਮੁਤਾਬਕ ਚੋਣ 25 ਅਗਸਤ ਨੂੰ ਹੀ ਕਰਵਾਈ ਜਾਣੀ ਚਾਹੀਦੀ ਹੈ। ਵਿਧਾਇਕ ਅਸ਼ੋਕ ਕੁਮਾਰ ਪਰਾਸ਼ਰ ਨੇ ਕਿਹਾ ਕਿ ਚੋਣ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਹੀ ਹੋਵੇਗੀ ਅਤੇ ਜੇਕਰ ਕਿਸੇ ਨੂੰ ਕੋਈ ਇਤਰਾਜ਼ ਹੈ, ਤਾਂ ਉਹ ਮੁੜ ਅਦਾਲਤ ਦਾ ਰੁਖ ਕਰ ਸਕਦਾ ਹੈ।
ਕਾਂਗਰਸੀ ਕੌਂਸਲਰ ਗੌਰਵ ਭੱਟੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਦੇ ਮਾਮਲੇ ਵਿੱਚ ਅਦਾਲਤ ਨੇ ਵਿੱਤ ਤੇ ਠੇਕਾ ਕਮੇਟੀ ਦੇ ਦੋ ਨਵੇਂ ਮੈਂਬਰਾਂ ਦੀ ਚੋਣ 25 ਅਗਸਤ ਨੂੰ ਕਰਵਾਉਣ ਦੇ ਹੁਕਮ ਦਿੱਤੇ ਹਨ। ਇਸ ਲਈ ਵੋਟਿੰਗ ਅੱਜ ਹੀ ਹੋਣੀ ਚਾਹੀਦੀ ਹੈ। ਮੀਟਿੰਗ ਵਿੱਚ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਵਿਧਾਇਕ ਮਦਨ ਲਾਲ ਬੱਗਾ, ਅਸ਼ੋਕ ਪਰਾਸ਼ਰ ਪੱਪੀ, ਦਲਜੀਤ ਸਿੰਘ ਭੋਲਾ ਗਰੇਵਾਲ, ਕੁਲਵੰਤ ਸਿੰਘ ਸਿੱਧੂ, ਰਾਜਿੰਦਰ ਪਾਲ ਕੌਰ ਛੀਨਾ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਡਿਪਟੀ ਮੇਅਰ ਪ੍ਰਿੰਸ ਜੌਹਰ ਸਮੇਤ ਹੋਰ ਕੌਂਸਲਰ ਮੌਜੂਦ ਸਨ।
-ਨਿਗਮ ਸਕੱਤਰ ਨੇ ਦਿੱਤਾ ਨਿਯਮਾਂ ਦਾ ਹਵਾਲਾ
ਦੂਜੇ ਪਾਸੇ ਨਿਗਮ ਸਕੱਤਰ ਵਿਵੇਕ ਵਰਮਾ ਨੇ ਸਪੱਸ਼ਟ ਕੀਤਾ ਕਿ ਉਮੀਦਵਾਰੀ ਦੇ ਫਾਰਮ ਸ਼ਾਮ 5 ਵਜੇ ਤੱਕ ਜਮ੍ਹਾਂ ਕਰਵਾਏ ਜਾ ਸਕਦੇ ਹਨ ਅਤੇ ਨਿਯਮਾਂ ਅਨੁਸਾਰ ਇਸ ਤੋਂ ਤਿੰਨ ਦਿਨ ਬਾਅਦ ਵੋਟਿੰਗ ਕਰਵਾਈ ਜਾਵੇਗੀ। ਮੇਅਰ ਇੰਦਰਜੀਤ ਕੌਰ ਨੇ ਕਿਹਾ ਕਿ ਚੋਣ ਬੈਲਟ ਪੇਪਰ ਰਾਹੀਂ ਹੋਵੇਗੀ। ਇਸ ’ਤੇ ਭਾਜਪਾ ਕੌਂਸਲਰਾਂ ਨੇ ਹੱਥ ਖੜ੍ਹੇ ਕਰਵਾ ਕੇ ਵੋਟਿੰਗ ਕਰਵਾਉਣ ਦੀ ਮੰਗ ਕੀਤੀ। ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਕਿਹਾ ਕਿ ਵਿੱਤ ਤੇ ਠੇਕਾ ਕਮੇਟੀ ਦੀ ਚੋਣ ਲਈ ਮੇਅਰ ਹੀ ਚੋਣ ਅਧਿਕਾਰੀ ਹੋਣਗੇ।
-ਹੰਗਾਮੇ ਤੋਂ ਬਾਅਦ ਫੈਸਲਾ, 29 ਅਗਸਤ ਨੂੰ ਹੋਵੇਗੀ ਚੋਣ
ਚੋਣ ਦੀ ਤਾਰੀਖ ਨੂੰ ਲੈ ਕੇ ਚੱਲੇ ਲੰਮੇ ਵਿਵਾਦ, ਤਿੱਖੀ ਬਹਿਸ ਅਤੇ ਦੋ ਕੌਂਸਲਰਾਂ ਵਿਚਕਾਰ ਹੋਈ ਹੱਥੋਪਾਈ ਤੋਂ ਬਾਅਦ ਵਿੱਤ ਤੇ ਠੇਕਾ ਕਮੇਟੀ ਦੇ ਦੋ ਮੈਂਬਰਾਂ ਦੀ ਚੋਣ 29 ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ। ਚੋਣ ਮੁਲਤਵੀ ਹੋਣ ਨਾਲ ਨਗਰ ਨਿਗਮ ਦੀ ਸਿਆਸਤ ਵਿੱਚ ਪਹਿਲਾਂ ਤੋਂ ਚੱਲ ਰਹੀ ਖਿੱਚਤਾਣ ਹੋਰ ਤੇਜ਼ ਹੋ ਗਈ ਹੈ ਅਤੇ ਹੁਣ 29 ਅਗਸਤ ਦੀ ਮੀਟਿੰਗ ’ਤੇ ਸਾਰਿਆਂ ਦੀਆਂ ਨਜ਼ਰਾਂ ਟਿਕ ਗਈਆਂ ਹਨ।
-45 ਕੌਂਸਲਰਾਂ ਦੀ ਮੰਗ ’ਤੇ ਹਾਊਸ ਨੇ ਗੁਪਤ ਮਤਦਾਨ ਕਰਵਾਉਣ ਦਾ ਲਿਆ ਫੈਸਲਾ
ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ (ਐੱਫ ਐਂਡ ਸੀਸੀ) ਦੇ ਦੋ ਮੈਂਬਰਾਂ ਦੀ ਚੋਣ ਲਈ ਹੁਣ 29 ਅਗਸਤ ਨੂੰ ਨਗਰ ਨਿਗਮ ਹਾਊਸ ਵਿੱਚ ਗੁਪਤ ਮਤਦਾਨ ਹੋਵੇਗਾ। ਗੁਰੂ ਨਾਨਕ ਦੇਵ ਭਵਨ ਵਿੱਚ ਮੰਗਲਵਾਰ ਨੂੰ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਜਨਰਲ ਹਾਊਸ ਮੀਟਿੰਗ ਵਿੱਚ ਇਹ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ। ਮੇਅਰ ਹੀ ਚੋਣ ਲਈ ਪ੍ਰੀਜ਼ਾਈਡਿੰਗ ਅਫਸਰ ਹੋਣਗੇ।
ਮੀਟਿੰਗ ਦੌਰਾਨ ਚੋਣ ਪ੍ਰਕਿਰਿਆ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਹੋਇਆ। ਕਾਂਗਰਸ ਅਤੇ ਭਾਜਪਾ ਸਮੇਤ ਵਿਰੋਧੀ ਧਿਰਾਂ ਦੇ ਕੌਂਸਲਰਾਂ ਨੇ ਵੀ ਗੁਪਤ ਮਤਦਾਨ ਦੇ ਫੈਸਲੇ ’ਤੇ ਸਹਿਮਤੀ ਦਿੱਤੀ। ਇਸ ਤੋਂ ਪਹਿਲਾਂ 45 ਕੌਂਸਲਰਾਂ ਵੱਲੋਂ ਗੁਪਤ ਵੋਟਿੰਗ ਕਰਵਾਉਣ ਦੀ ਮੰਗ ਨੂੰ ਲੈ ਕੇ ਮੇਅਰ ਦਫ਼ਤਰ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ। ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਮੰਗਲਵਾਰ ਦੀ ਹਾਊਸ ਮੀਟਿੰਗ ਦੀ ਵੀਡੀਓਗ੍ਰਾਫੀ ਕਰਵਾਈ ਗਈ। 29 ਅਗਸਤ ਨੂੰ ਹੋਣ ਵਾਲੀ ਚੋਣ ਪ੍ਰਕਿਰਿਆ ਦੀ ਵੀ ਪੂਰੀ ਵੀਡੀਓਗ੍ਰਾਫੀ ਕਰਵਾਈ ਜਾਵੇਗੀ, ਤਾਂ ਜੋ ਚੋਣ ਨੂੰ ਪਾਰਦਰਸ਼ੀ ਢੰਗ ਨਾਲ ਕਰਵਾਇਆ ਜਾ ਸਕੇ। ਮੇਅਰ ਨੇ ਕਿਹਾ ਕਿ ਗੁਪਤ ਮਤਦਾਨ ਰਾਹੀਂ ਚੋਣ ਕਰਵਾਉਣ ਦਾ ਫੈਸਲਾ ਹਾਊਸ ਨੇ ਸਰਬਸੰਮਤੀ ਨਾਲ ਲਿਆ ਹੈ। ਉਨ੍ਹਾਂ ਕਿਹਾ ਕਿ ਚੋਣ ਨਿਗਮ ਐਕਟ-1976, ਨਿਯਮਾਂ ਤੇ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਕਰਵਾਈ ਜਾਵੇਗੀ। ਉਹ ਨਿਰਪੱਖ ਤੇ ਪਾਰਦਰਸ਼ੀ ਚੋਣ ਕਰਵਾਉਣ ਲਈ ਵਚਨਬੱਧ ਹਨ।
-5 ਕੌਂਸਲਰਾਂ ਨੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾਏ
ਹਾਊਸ ਦੇ ਫੈਸਲੇ ਮੁਤਾਬਕ ਐੱਫ ਐਂਡ ਸੀਸੀ ਚੋਣ ਲਈ ਅੱਜ ਸ਼ਾਮ 5 ਵਜੇ ਤੱਕ ਅਮਨ ਬੱਗਾ ਖੁਰਾਣਾ, ਯੁਵਰਾਜ ਸਿੰਘ ਸਿੱਧੂ, ਗੌਰਵ ਭੱਟੀ, ਰੁਚੀ ਗੁਲਾਟੀ, ਮਨਿੰਦਰ ਕੌਰ ਘੁੰਮਣ ਨੇ ਮਾਤਾ ਰਾਣੀ ਚੌਕ ਨੇੜੇ ਨਿਗਮ ਦੇ ਜ਼ੋਨ-ਏ ਦਫ਼ਤਰ ਵਿੱਚ ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾਏ। ਉਮੀਦਵਾਰ 28 ਅਗਸਤ ਤੱਕ ਆਪਣੀ ਨਾਮਜ਼ਦਗੀ ਵਾਪਸ ਲੈ ਸਕਣਗੇ। ਇਸ ਤੋਂ ਬਾਅਦ 29 ਅਗਸਤ ਨੂੰ ਹੋਣ ਵਾਲੀ ਜਨਰਲ ਹਾਊਸ ਮੀਟਿੰਗ ਵਿੱਚ ਗੁਪਤ ਮਤਦਾਨ ਰਾਹੀਂ ਦੋ ਮੈਂਬਰਾਂ ਦੀ ਚੋਣ ਕੀਤੀ ਜਾਵੇਗੀ।