ਮਾਛੀਵਾੜਾ-ਕੁਹਾੜਾ ਸੜਕ ’ਤੇ ਪਏ ਟੋਏ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ ਅਹਿਮ ਖ਼ਬਰ-ਮਾਛੀਵਾੜਾ-ਕੁਹਾੜਾ ਸੜਕ ਪੈਚ ਲਗਾਉਣ ਤੋਂ ਕੁੱਝ ਮਹੀਨੇ ਬਾਅਦ ਹੋਈ ਹੋਈ ਖੇਰੂ ਖੇਰੂ
Publish Date: Thu, 20 Aug 2026 06:40 PM (IST)
Updated Date: Fri, 21 Aug 2026 04:06 AM (IST)
-ਪੈੱਚ ਵਰਕ ਕਰਨ ਤੋਂ ਬਾਅਦ ਕੁਝ ਮਹੀਨਿਆਂ ਬਾਅਦ ਸੜਕ ਹੋਈ ਖੇਰੂੰ-ਖੇਰੂੰ ਫ਼ੋਟੋ ਨੰਬਰ-1, 2, 3, 4, 5, 6 ਰਵੀ ਭਾਟੀਆ, ਪੰਜਾਬੀ ਜਾਗਰਣ ਲੁਧਿਆਣਾ/ਸਾਹਨੇਵਾਲ ਕੁਹਾੜਾ ਤੋਂ ਸ੍ਰੀ ਮਾਛੀਵਾੜਾ ਸਾਹਿਬ ਨੂੰ ਜਾਂਦੀ ਸੜਕ ’ਤੇ ਪਏ ਵੱਡੇ-ਵੱਡੇ ਟੋਇਆ ਵਿੱਚੋਂ ਲੰਘਣ ਵਾਲੇ ਰਾਹਗੀਰਾਂ ਨੂੰ ਉਸ ਸਮੇਂ ਥੋੜੀ ਰਾਹਤ ਮਹਿਸੂਸ ਹੋਈ ਸੀ। ਜਦੋਂ ਵਿਭਾਗ ਵੱਲੋਂ ਇਸ ਸੜਕ ’ਤੇ ਕਰੀਬ ਤਿੰਨ ਮਹੀਨੇ ਪਹਿਲਾਂ ਪੈੱਚ ਵਰਕ ਕਰਵਾਉਣਾ ਸ਼ੁਰੂ ਕੀਤਾ ਸੀ, ਜਿਸ ਤੋਂ ਲੋਕਾਂ ਦੀ ਆਸ ਬੱਜੀ ਸੀ ਕਿ ਹੁਣ ਉਹਨਾਂ ਨੂੰ ਟੁੱਟੀ ਸੜਕ ਅਤੇ ਵੱਡੀਆਂ ਟੋਇਆਂ ਤੋਂ ਰਾਹਤ ਮਿਲੇਗੀ, ਪਰ ਲੋਕਾਂ ਦੀਆਂ ਆਸਾਂ ਬਹੁਤੀ ਦੇਰ ਨਹੀਂ ਟਿਕ ਸਕੀਆਂ, ਕਿਉਂਕਿ ਮਾੜੇ ਮਟੀਰੀਅਲ ਤੋਂ ਬਣੀ ਇਸ ਸੜਕ ਵਿੱਚ ਮੁੜ ਥਾਂ-ਥਾਂ ’ਤੇ ਟੋਏ ਪੈ ਚੁੱਕੇ ਹਨ ਅਤੇ ਸੜਕ ਖੇਰੂ ਖੇਰੂ ਹੁੰਦੀ ਨਜ਼ਰ ਆ ਰਹੀ ਹੈ। ਲੋਕਾਂ ਦਾ ਦੋਸ਼ ਹੈ ਕਿ ਕਈ ਸਾਲਾਂ ਬਾਅਦ ਇਹ ਸੜਕ ਦੇ ਉੱਪਰ ਵੱਡੇ-ਵੱਡੇ ਟੋਇਆ ਉੱਪਰ ਵਿਭਾਗ ਨੇ ਨਵੀਂ ਸੜਕ ਤਿਆਰ ਕਰਨ ਦੀ ਬਜਾਏ ਟਾਕੀਆਂ ਲਗਾਈਆਂ ਸਨ, ਪਰ ਸਰਕਾਰ ਤੇ ਵਿਭਾਗ ਦੀਆਂ ਲਗਾਈਆਂ ਇਹ ਟਾਕੀਆਂ ਬਹੁਤੀ ਦੇਰ ਨਹੀਂ ਚੱਲ ਸਕੀਆਂ। ਲੋਕਾਂ ਨੇ ਮੰਗ ਕੀਤੀ ਕਿ ਇਸ ਸੜਕ ਵਿੱਚ ਕੀਤੇ ਪੈਚ ਵਰਕ ਵਿੱਚ ਹੋਈਆਂ ਵੱਡੀਆਂ ਖਾਮੀਆਂ ਦੀ ਉੱਚ ਪੱਧਰੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਦੀ ਮੁੜ ਰਿਪੇਅਰ ਕਰਵਾਈ ਜਾਣੀ ਚਾਹੀਦੀ ਹੈ। -ਸੜਕ ਕੰਢੇ ਬਰਮਾਂ ’ਤੇ ਮਿੱਟੀ ਪਾਉਣੀ ਭੁੱਲਿਆ ਠੇਕੇਦਾਰ ਠੇਕੇਦਾਰ ਵੱਲੋਂ ਭਾਵੇਂ ਟੋਇਆ ਦੇ ਵਿੱਚ ਬਜਰੀ ਤੇ ਲੁੱਕ ਪਾ ਕੇ ਉਹਨਾਂ ਨੂੰ ਭਰ ਦਿੱਤਾ ਗਿਆ। ਪਰ ਸੜਕ ਦੇ ਦੋਵੇਂ ਕਿਨਾਰਿਆਂ ’ਤੇ ਬਰਮਾਂ ਦੇ ਉੱਤੇ ਠੇਕੇਦਾਰ ਇਉਂ ਜਾਪਦਾ ਹੈ ਜਿਵੇਂ ਮਿੱਟੀ ਪਾਉਣੀ ਹੀ ਭੁੱਲ ਗਿਆ। ਕਿਉਂਕਿ ਸੜਕ ਦੇ ਦੋਹਾਂ ਕਿਨਾਰਿਆਂ ’ਤੇ ਪਏ ਵੱਡੇ-ਵੱਡੇ ਟੋਇਆ ਅਤੇ ਉੱਚੇ-ਉੱਚੇ ਸੜਕ ਕਿਨਾਰਿਆਂ ਕਰਕੇ ਹਮੇਸ਼ਾ ਦੋ ਵਾਹਨ ਚਾਲਕਾਂ ਲਈ ਹਾਦਸੇ ਦਾ ਖਤਰਾ ਬਣਿਆ। ਆਸ-ਪਾਸ ਦੇ ਲੋਕਾਂ ਮੁਤਾਬਕ ਕਈ ਵਾਰ, ਤਾਂ ਹਾਦਸਿਆਂ ਦੇ ਵਿੱਚ ਰਾਹਗੀਰ ਜਖਮੀ ਵੀ ਹੋ ਚੁੱਕੇ ਹਨ। -ਲੋਕਾਂ ਨੇ ਸੜਕ ਕੰਢੇ ਖ਼ੁਦ ਇੱਟਾਂ ਸੁੱਟ ਕੇ ਭਰੇ ਟੋਏ ਸੜਕ ਦੇ ਕੰਢਿਆਂ ਦੀ ਹਾਲਾਤ ਟੋਇਆਂ ਨਾਲ ਇਸ ਕਦਰ ਖਰਾਬ ਹੋ ਚੁੱਕੀ ਸੀ ਕਿ ਭਾਵੇਂ ਵਿਭਾਗ ਅਤੇ ਠੇਕੇਦਾਰ ਨੇ ਤਾਂ ਇਹ ਟੋਏ ਭਰਨੇ ਜਰੂਰੀ ਨਹੀਂ ਸਮਝੇ, ਪਰ ਆਲੇ-ਦੁਆਲੇ ਦੇ ਲੋਕਾਂ ਨੇ ਰਾਹਗੀਰਾਂ ਦੀ ਮੁਸੀਬਤ ਨੂੰ ਵੇਖਦਿਆਂ ਖੁਦ ਹੀ ਇੱਟਾਂ ਨਾਲ ਟੋਏ ਭਰੇ। -ਸੜਕ ਦੇ ਨਿਰਮਾਣ ਕਾਰਜ ਦੀ ਹੋਵੇ ਨਿਰਪੱਖ ਜਾਂਚ : ਚੇਅਰਮੈਨ ਭਾਗਪੁਰ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਸਾਬਕਾ ਚੇਅਰਮੈਨ ਅਜਮੇਰ ਸਿੰਘ ਭਾਗਪੁਰ ਨੇ ਕਿਹਾ ਕਿ ਜਿਸ ਵੀ ਕੰਪਨੀ ਜਾਂ ਠੇਕੇਦਾਰ ਨੇ ਇਹ ਸੜਕ ਦਾ ਕੰਮ ਕੀਤਾ ਹੈ। ਉਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ, ਤਾਂ ਜੋ ਸੱਚਾਈ ਲੋਕਾਂ ਸਾਹਮਣੇ ਆਵੇ। ਕਿਉਂਕਿ ਇੰਨੀ ਜਲਦੀ ਸੜਕ ਟੁੱਟ ਗਈ ਹੈ, ਤਾਂ ਫਿਰ ਨਿਰਮਾਣ ਕਾਰਜਾਂ ਵਿੱਚ ਖਾਮੀਆਂ ਹੋ ਸਕਦੀਆਂ ਹਨ। -ਸਾਡਾ ਤਾਂ ਚਾਅ ਵੀ ਨਹੀਂ ਲੱਥਾ-ਸਰਪੰਚ ਰਾਏਪੁਰ ਬੇਟ ਪਿੰਡ ਰਾਜਪੁਰ ਬੇਟ ਦੇ ਸਾਬਕਾ ਸਰਪੰਚ ਗੁਰਜਿੰਦਰ ਸਿੰਘ ਗੋਗੀ ਨੇ ਕਿਹਾ ਕਿ ਲੰਮੇ ਇੰਤਜ਼ਾਰ ਤੋਂ ਬਾਅਦ ਸੜਕ ਦੀ ਰਿਪੇਅਰ ਦਾ ਕੰਮ ਸ਼ੁਰੂ ਹੋਇਆ ਸੀ, ਸਾਡਾ ਤਾਂ ਚਾਅ ਵੀ ਨਹੀਂ ਸੀ ਲੱਥਾ ਕਿ ਸੜਕ ਮੁੜ ਟੁੱਟਣੀ ਸ਼ੁਰੂ ਹੋ ਗਈ ਹੈ। -ਠੇਕੇਦਾਰ ਤੇ ਅਧਿਕਾਰੀਆਂ ਨੇ ਮਿਲ ਕੇ ਵਰਤਿਆ ਮਾੜਾ ਮਟੀਰੀਅਲ-ਪੰਚ ਗਰੇਵਾਲ ਪਿੰਡ ਭਾਗਪੁਰ ਦੀ ਮੈਂਬਰ ਪੰਚਾਇਤ ਬੀਬੀ ਮਨਜਿੰਦਰ ਕੌਰ ਗਰੇਵਾਲ ਨੇ ਕਿਹਾ ਕਿ ਜਿਸ ਤਰੀਕੇ ਨਾਲ ਐਨੀ ਜਲਦੀ ਸੜਕ ਟੁੱਟੀ ਹੈ, ਉਸ ਤੋਂ ਸਾਫ ਅੰਦਾਜ਼ਾ ਲੱਗਦਾ ਹੈ ਕਿ ਅਧਿਕਾਰੀਆਂ ਤੇ ਠੇਕੇਦਾਰਾ ਦੀ ਮਿਲੀ ਭੁਗਤ ਦੇ ਨਾਲ ਹੀ ਇਸ ਸੜਕ ’ਤੇ ਮਾੜਾ ਮਟੀਰੀਅਲ ਵਰਤਿਆ ਗਿਆ ਹੈ ਉਸ ਦੀ ਜਾਂਚ ਹੋਵੇ। -ਜਿੱਥੇ ਪੈ ਗਏ ਟੋਏ, ਉਸ ਦੀ ਦੁਬਾਰਾ ਕਰਾਵਾਂਗੇ ਰਿਪੇਅਰ : ਐੱਸਡੀਓ ਜਦੋਂ ਪੀਡਬਲਯੂਡੀ ਵਿਭਾਗ ਦੇ ਐੱਸਡੀਓ ਰਜਿੰਦਰ ਸਿੰਘ ਨਾਲ ਗੱਲ ਕੀਤੀ, ਤਾਂ ਉਨ੍ਹਾਂ ਕਿਹਾ ਕਿ ਜਿੱਥੇ ਵੀ ਟੋਏ ਪੈ ਗਏ ਹਨ ਜਲਦ ਉਹਨਾਂ ਟੋਇਆਂ ਦੀ ਰਿਪੇਅਰ ਕਰਵਾ ਦਿੱਤੀ ਜਾਵੇਗੀ।