
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਲੁਧਿਆਣਾ ਦੇ ਦਰੇਸੀ ਮੈਦਾਨ ‘ਹਰ ਹਰ ਮਹਾਦੇਵ’ ਤੇ ‘ਬਮ ਬਮ ਭੋਲੇ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ

-ਕੈਲਾਸ਼ ਖੇਰ ਦੇ ਭਜਨਾਂ ਨਾਲ ਸ਼ਿਵ ਦੇ ਰੰਗ ’ਚ ਰੰਗੇ ਗਏ ਹਜ਼ਾਰਾਂ ਸ਼ਰਧਾਲੂ
-ਭਗਵਾਨ ਸ਼ਿਵ ਦੇ ਆਸ਼ੀਰਵਾਦ ਤੋਂ ਇਲਾਵਾ ਲੋਕ ‘ਆਪ’ ਦੇ ਨਾਲ : ਕੇਜਰੀਵਾਲ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਸ੍ਰੀ ਰਾਮਲੀਲਾ ਗਰਾਊਂਡ ਵਿੱਚ ਆਮ ਆਦਮੀ ਪਾਰਟੀ ਸਰਕਾਰ ਅਤੇ ਸਨਾਤਨ ਸੇਵਾ ਸਮਿਤੀ ਵੱਲੋਂ ਕਰਵਾਈ ਗਈ ‘ਇਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਭਜਨ ਸੰਧਿਆ ਵਿੱਚ ਇੱਕ ਸ਼ਰਧਾਲੂ ਵਾਂਗ ਹਾਜ਼ਰੀ ਭਰੀ। ਇਸ ਦੌਰਾਨ ਪੂਰਾ ਮਾਹੌਲ ‘ਹਰ ਹਰ ਮਹਾਦੇਵ’ ਤੇ ‘ਬਮ ਬਮ ਭੋਲੇ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਸਾਵਣ ਦੀ ਭਗਤੀ ਅਤੇ ਪ੍ਰਸਿੱਧ ਗਾਇਕ ਪਦਮਸ੍ਰੀ ਕੈਲਾਸ਼ ਖੇਰ ਦੀ ਬੁਲੰਦ ਆਵਾਜ਼ ਨੇ ਸ਼ੁੱਕਰਵਾਰ ਸ਼ਾਮ ਲੁਧਿਆਣਾ ਨੂੰ ਸ਼ਿਵਮਈ ਕਰ ਦਿੱਤਾ। ਕੈਲਾਸ਼ ਖੇਰ ਨੇ ਦੇਰ ਰਾਤ ਤੱਕ ਭਜਨਾਂ ਤੇ ਸੂਫ਼ੀਆਨਾ ਗੀਤਾਂ ਦੀ ਪੇਸ਼ਕਾਰੀ ਕੀਤੀ।
ਕਾਲੇ ਰੰਗ ਦਾ ਕੁੜਤਾ-ਪਜਾਮਾ ਪਹਿਨ ਕੇ ਮੰਚ ’ਤੇ ਪੁੱਜੇ ਕੈਲਾਸ਼ ਖੇਰ ਨੇ ਭਗਵਾਨ ਸ਼ਿਵ ਨੂੰ ਸਮਰਪਿਤ ਭਜਨ ‘ਜੋਗੀ ਤੇਰੇ ਨਾਮ’ ਨਾਲ ਆਪਣੀ ਪੇਸ਼ਕਾਰੀ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ਿਵ ਦੀ ਮਹਿਮਾ ਨਾਲ ਜੁੜੇ ਕਈ ਭਜਨ ਪੇਸ਼ ਕੀਤੇ। ਕੈਲਾਸ਼ ਖੇਰ ਦੀ ਬੁਲੰਦ ਆਵਾਜ਼ ਦੇ ਨਾਲ ਜਿਵੇਂ ਹੀ ਡਮਰੂ ਤੇ ਸੰਗੀਤ ਦੀਆਂ ਧੁਨਾਂ ਗੂੰਜੀਆਂ ਤਾਂ ਸ਼ਰਧਾਲੂ ਹੱਥ ਉੱਪਰ ਚੁੱਕ ਕੇ ਭਗਤੀ ਵਿੱਚ ਝੂਮਣ ਲੱਗੇ। ਕੈਲਾਸ਼ ਖੇਰ ਨੇ ‘ਜੈ ਜੈਕਾਰਾ’, ‘ਸਵਾਮੀ ਤੁਹਾਡਾ’, ‘ਜੋਗੀ’ ਅਤੇ ‘ਰੰਗ ਦੀਨੀ, ਰੰਗ ਦੀਨੀ, ਪੀਆ ਕੇ ਰੰਗ ਦੀਨੀ’ ਸਮੇਤ ਕਈ ਅਧਿਆਤਮਿਕ ਅਤੇ ਭਗਤੀ ਗੀਤ ਪੇਸ਼ ਕਰਕੇ ਮਾਹੌਲ ਨੂੰ ਹੋਰ ਭਗਤੀਮਈ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪ੍ਰਸਿੱਧ ਗੀਤ ‘ਤੇਰੀ ਦੀਵਾਨੀ’, ‘ਤੂਨੇ ਕਿਆ ਕਰ ਡਾਲਾ’ ਅਤੇ ‘ਕੈਸੇ ਬਤਾਏਂ, ਕਿਉਂ ਤੁਝਕੋ ਚਾਹੇਂ, ਯਾਰਾ ਬਤਾ ਨਾ ਪਾਏਂ’ ਵੀ ਸੁਣਾਏ। ਇਨ੍ਹਾਂ ਗੀਤਾਂ ’ਤੇ ਵੀ ਸ਼ਰਧਾਲੂ ਝੂਮਦੇ ਨਜ਼ਰ ਆਏ।
ਕੇਜਰੀਵਾਲ ਨੇ ਕਿਹਾ ਕਿ ਭਗਵਾਨ ਸ਼ਿਵ ਦੇ ਆਸ਼ੀਰਵਾਦ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਦਾ ਆਸ਼ੀਰਵਾਦ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਹੈ ਅਤੇ ਲੋਕ ਉਨ੍ਹਾਂ ਨੂੰ ਮੁੜ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਨ। ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ‘ਏਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਦਾ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਪੰਜਾਬ ਦੇ ਸਾਰੇ 23 ਸ਼ਹਿਰਾਂ ਵਿੱਚ ਇਹ ਸਮਾਗਮ ਕਰਵਾਏ ਜਾ ਰਹੇ ਹਨ, ਜਿੱਥੇ ਵੱਡੀ ਗਿਣਤੀ ਵਿੱਚ ਲੋਕ ਗਾਇਕ ਕੈਲਾਸ਼ ਖੇਰ ਨਾਲ ਭਜਨ ਗਾਇਨ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਨਾਲ ਪੂਰੇ ਪੰਜਾਬ ਵਿੱਚ ਭਗਤੀ ਵਾਲਾ ਮਾਹੌਲ ਬਣਿਆ ਹੋਇਆ ਹੈ।
ਇਸ ਮੌਕੇ ਅਮਨ ਅਰੋੜਾ ਪ੍ਰਧਾਨ ਆਪ ਪੰਜਾਬ ਤੇ ਕੈਬਨਿਟ ਮੰਤਰੀ, ਵਿਧਾਇਕ ਚੌਧਰੀ ਮਦਨ ਲਾਲ ਬੱਗਾ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਰਾਜਿੰਦਰਪਾਲ ਕੌਰ ਛੀਨਾ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਹੋਰ ਆਗੂ ਤੇ ਅਧਿਕਾਰੀ ਮੌਜੂਦ ਸਨ। ਸਮਾਗਮ ਦਾ ਸੰਚਾਲਨ ਪੰਜਾਬ ਸਰਕਾਰ ਦੇ ਸੱਭਿਆਚਾਰ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਕੀਤਾ। ਸਮਾਗਮ ਦੌਰਾਨ ਪਦਮਸ੍ਰੀ ਕੈਲਾਸ਼ ਖੇਰ ਨੇ ਆਪਣੇ ਧਾਰਮਿਕ ਭਜਨਾਂ ਨਾਲ ਸੰਗਤ ਨੂੰ ਸ਼ਿਵਮਈ ਕਰ ਦਿੱਤਾ। ਸਮਾਗਮ ਵਿੱਚ ਕਈ ਸੰਤ ਤੇ ਮਹਾਂਪੁਰਸ਼ ਵੀ ਹਾਜ਼ਰ ਸਨ।