
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਹਿਮ ਖ਼ਬਰ-ਲੁਧਿਆਣਾ ਟੈਂਟ ਡੀਲਰਜ਼ ਵੈਲਫੇਅਰ ਐਸੋਸੀਏਸ਼ਨ ਦੀ ਜਨਰਲ ਹਾਊਸ ਮੀਟਿੰਗ ਤੇ ਮੀਟ ਐਂਡ ਗ੍ਰੀਟ ਕਰਵਾਈ

-ਟੈਂਟ ਡੀਲਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਮੀਟ ਐਂਡ ਗ੍ਰੀਟ ਕਰਵਾਈ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਲੁਧਿਆਣਾ ਟੈਂਟ ਡੀਲਰਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਜਨਰਲ ਹਾਊਸ ਮੀਟਿੰਗ ਅਤੇ ਮੀਟ ਐਂਡ ਗ੍ਰੀਟ ਸਮਾਗਮ ਕਰਵਾਇਆ। ਸਮਾਗਮ ਦੌਰਾਨ ਟੈਂਟ ਕਾਰੋਬਾਰ ਨਾਲ ਜੁੜੇ ਡੀਲਰਾਂ ਤੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਦਰਪੇਸ਼ ਸਮੱਸਿਆਵਾਂ, ਚੁਣੌਤੀਆਂ ਤੇ ਉਨ੍ਹਾਂ ਦੇ ਸੰਭਾਵਿਤ ਹੱਲਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਸਮਾਗਮ ਦੌਰਾਨ ਪਰਮਜੀਤ ਸਿੰਘ ਸਾਬਰਵਾਲ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ। ਖਾਸ ਤੌਰ ’ਤੇ ਜੀਐੱਸਟੀ ਅਤੇ ਐੱਮਐੱਸਐੱਮਈ ਰਜਿਸਟ੍ਰੇਸ਼ਨ ਨਾਲ ਸਬੰਧਤ ਮਸਲਿਆਂ ’ਤੇ ਚਰਚਾ ਕੀਤੀ। ਟੈਂਟ ਕਾਰੋਬਾਰ ਨਾਲ ਜੁੜੇ ਹੋਰ ਵਪਾਰਕ ਮੁੱਦਿਆਂ, ਮੈਂਬਰਾਂ ਦੇ ਹਿੱਤਾਂ, ਭਵਿੱਖ ਦੀਆਂ ਯੋਜਨਾਵਾਂ ਤੇ ਐਸੋਸੀਏਸ਼ਨ ਨੂੰ ਹੋਰ ਮਜ਼ਬੂਤ ਕਰਨ ਬਾਰੇ ਵੀ ਵਿਚਾਰ ਸਾਂਝੇ ਕੀਤੇ। ਪੰਜਾਬ ਟੈਂਟ ਡੀਲਰਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਮੀਟ ਐਂਡ ਗ੍ਰੀਟ ਸਮਾਗਮ ਵਿੱਚ ਪੰਜਾਬ ਟੈਂਟ ਡੀਲਰਜ਼ ਵੈਲਫੇਅਰ ਐਸੋਸੀਏਸ਼ਨ ਦੇ ਐਗਜ਼ੈਕਟਿਵ ਮੈਂਬਰਾਂ ਤੇ ਵੱਖ-ਵੱਖ ਇਲਾਕਿਆਂ ਤੋਂ ਪਹੁੰਚੇ ਟੈਂਟ ਡੀਲਰਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਮੀਟ ਐਂਡ ਗ੍ਰੀਟ ਦਾ ਮਕਸਦ ਮੈਂਬਰਾਂ ਨੂੰ ਆਪਸ ’ਚ ਮਿਲਣ, ਤਜਰਬੇ ਸਾਂਝੇ ਕਰਨ, ਨਵੇਂ ਵਪਾਰਕ ਸਬੰਧ ਬਣਾਉਣ ਤੇ ਜਥੇਬੰਦੀ ਦੀ ਏਕਤਾ ਤੇ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਦੇਣਾ ਸੀ।
ਸਮਾਗਮ ਦਾ ਸਭ ਤੋਂ ਯਾਦਗਾਰ ਪਲ ਉਸ ਵੇਲੇ ਆਇਆ ਜਦੋਂ ਪਟਿਆਲਾ ਦੇ ਪਰਮਜੀਤ ਸਿੰਘ ਸਾਬਰਵਾਲ ਨੂੰ ਟੈਂਟ ਡੀਲਰ ਭਾਈਚਾਰੇ ਲਈ ਲੰਮੇ ਸਮੇਂ ਤੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ, ਯੋਗਦਾਨ ਤੇ ਸਮਰਪਣ ਲਈ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਰਵਾਲ ਦੇ ਪਰਿਵਾਰਕ ਮੈਂਬਰ ਵੀ ਮੰਚ ’ਤੇ ਮੌਜੂਦ ਰਹੇ ਅਤੇ ਇਸ ਸਨਮਾਨਿਤ ਪਲ ਦੇ ਗਵਾਹ ਬਣੇ।
ਸਮਾਗਮ ਵਿੱਚ ਲੁਧਿਆਣਾ ਟੈਂਟ ਡੀਲਰਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਵ ਸ਼ੰਕਰ ਰਾਏ, ਜਨਰਲ ਸਕੱਤਰ ਅਸ਼ੋਕ ਸ਼ਰਮਾ, ਪੰਜਾਬ ਟੈਂਟ ਡੀਲਰਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਐੱਸ ਐੱਸ ਮੱਕੜ ਅਤੇ ਆਰਗੇਨਾਈਜ਼ਿੰਗ ਸਕੱਤਰ ਅਸ਼ੋਕ ਸ਼ਰਮਾ ਸਮੇਤ ਕਈ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ। ਇਸ ਤੋਂ ਇਲਾਵਾ ਵਿਜੈ ਸਿੰਗਲਾ, ਸ਼ਿਆਮ ਗੋਇਲ, ਤਰਸੇਮ ਗੋਇਲ, ਸੰਦੀਪ ਮਹਾਜਨ, ਹੈਪੀ ਨਰੂਲਾ, ਰਾਜੂ ਧਾਲੀਵਾਲ, ਅਨਿਲ ਅਗਰਵਾਲ ਅਤੇ ਲਾਡੂ ਜੀ ਸਮੇਤ ਹੋਰ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ।
ਲੁਧਿਆਣਾ ਐਸੋਸੀਏਸ਼ਨ ਟੀਮ ਵੱਲੋਂ ਰਾਜ ਅਗਰਵਾਲ, ਜੀਐੱਸ ਖੁਰਾਣਾ, ਓਮ ਭਾਟੀਆ, ਗੁਰਪ੍ਰੀਤ ਸਿੰਘ ਲੱਕੀ, ਡਿੰਪੀ ਮੱਕੜ, ਗੁਮੀਰਤ ਸਿੰਘ, ਰਾਜਨ ਮਲਹੋਤਰਾ, ਕਿਰਪਾਲ ਸਿੰਘ ਮਾਨ, ਹਰਹੀਤ ਸਿੰਘ, ਹਰਵਿੰਦਰ ਸਿੰਘ ਬੱਗਾ, ਪਵਨ ਕਪੂਰ, ਲੱਕੀ ਗੁਲਾਟੀ, ਪ੍ਰਿੰਸ, ਮਨਜੀਤ ਸਿੰਘ, ਡਿੰਪੀ ਸਰਗੋਧਾ ਅਤੇ ਰਾਜਿੰਦਰ ਅਗਰਵਾਲ ਸਮੇਤ ਹੋਰ ਮੈਂਬਰ ਵੀ ਮੌਜੂਦ ਰਹੇ। ਜ਼ੋਨਲ ਪ੍ਰਧਾਨ ਪਵਨ ਕਪੂਰ ਦੇ ਨਾਲ ਪਵਨ ਕੁਮਾਰ, ਦਬਿੰਦਰ ਸਿੰਘ, ਅਜੈ ਕੁਮਾਰ, ਮੋਹਿਤ ਸੂਦ, ਖੁਸ਼ਵੰਤ ਸਿੰਘ, ਇੰਦਰ ਸਿੰਘ, ਅਜੀਤ ਕੁਮਾਰ ਅਤੇ ਰਵੀ ਟੋਂਡਨ ਸਮੇਤ ਕਈ ਮੈਂਬਰਾਂ ਨੇ ਵੀ ਹਾਜ਼ਰੀ ਲਵਾਈ। ਮੀਟ ਐਂਡ ਗ੍ਰੀਟ ਸਮਾਗਮ ਵਿੱਚ ਕਰੀਬ 250 ਮੈਂਬਰਾਂ ਨੇ ਉਤਸ਼ਾਹਪੂਰਵਕ ਸ਼ਮੂਲੀਅਤ ਕੀਤੀ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਪਹੁੰਚੇ ਮੈਂਬਰਾਂ ਨੇ ਮੁਲਾਕਾਤ ਕੀਤੀ, ਤਜਰਬੇ ਸਾਂਝੇ ਕੀਤੇ ਅਤੇ ਵਪਾਰ ਨਾਲ ਸਬੰਧਤ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ।
-ਬਾਕਸ-
12 ਤੋਂ 14 ਸਤੰਬਰ ਤੱਕ ਲੁਧਿਆਣਾ ’ਚ ਟੈਂਟ-ਡੈਕੋਰ ਪ੍ਰਦਰਸ਼ਨੀ ਲਾਉਣ ਦਾ ਫ਼ੈਸਲਾ
ਮੈਂਬਰਾਂ ਨੇ ਭਵਿੱਖ ’ਚ ਆਪਸੀ ਸਹਿਯੋਗ ਵਧਾਉਣ ਤੇ ਟੈਂਟ ਡੀਲਰ ਭਾਈਚਾਰੇ ਦੀ ਏਕਤਾ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਵੀ ਲਿਆ। ਵੱਡੀ ਗਿਣਤੀ ਵਿੱਚ ਹੋਈ ਸ਼ਮੂਲੀਅਤ ਨੂੰ ਐਸੋਸੀਏਸ਼ਨ ਦੀ ਏਕਤਾ, ਭਾਈਚਾਰੇ ਅਤੇ ਸਾਂਝੀ ਤਾਕਤ ਦਾ ਪ੍ਰਤੀਕ ਦੱਸਿਆ। ਇਸ ਮੌਕੇ 12 ਤੋਂ 14 ਸਤੰਬਰ ਤੱਕ ਲੁਧਿਆਣਾ ਵਿੱਚ ਲੱਗਣ ਵਾਲੀ ਟੈਂਟ-ਡੈਕੋਰ ਦੀ ਹੈਮਟੈਕਸ ਪ੍ਰਦਰਸ਼ਨੀ ’ਚ ਟੈਂਟ, ਡੈਕੋਰ, ਕੈਟਰਿੰਗ, ਬੈਕੁਇੰਟ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ। ਪ੍ਰਰਦਰਸ਼ਨੀ ਵਿੱਚ 100 ਤੋਂ ਵੱਧ ਬ੍ਰਾਂਡਿਡ ਸਟਾਲ ਹੋਣਗੇ, ਜਿੱਥੇ ਦੇਸ਼ ਭਰ ਤੋਂ ਪ੍ਰਮੁੱਖ ਬ੍ਰਾਂਡ, ਨਿਰਮਾਤਾ ਤੇ ਸਪਲਾਇਰ ਆਪਣੇ ਉਤਪਾਦ, ਨਵੇਂ ਡਿਜ਼ਾਈਨ ਤੇ ਆਧੁਨਿਕ ਤਕਨਾਲੋਜੀ ਪੇਸ਼ ਕਰਨਗੇ। ਮੈਂਬਰਾਂ ਨੂੰ ਪ੍ਰਦਰਸ਼ਨੀ ਦੌਰਾਨ ਨਵੇਂ ਉਤਪਾਦਾਂ ਦੀ ਜਾਣਕਾਰੀ, ਪ੍ਰਮੁੱਖ ਬ੍ਰਾਂਡਾਂ ਤੇ ਸਪਲਾਇਰਾਂ ਨਾਲ ਸਿੱਧਾ ਸੰਪਰਕ, ਬਲਕ ਖ਼ਰੀਦ ’ਤੇ ਵਿਸ਼ੇਸ਼ ਛੋਟ, ਨਵੇਂ ਵਪਾਰਕ ਸਬੰਧ ਬਣਾਉਣ ਤੇ ਟੈਂਟ, ਡੈਕੋਰ, ਕੈਟਰਿੰਗ ਤੇ ਬੈਂਕੁਏਟ ਉਦਯੋਗ ਦੇ ਨਵੇਂ ਰੁਝਾਨਾਂ ਤੋਂ ਜਾਣੂੰ ਹੋਣ ਦਾ ਮੌਕਾ ਮਿਲੇਗਾ। ਐਸੋਸੀਏਸ਼ਨ ਵੱਲੋਂ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਅਤੇ ਜੰਮੂ-ਕਸ਼ਮੀਰ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਟੈਂਟ, ਡੈਕੋਰ, ਕੈਟਰਿੰਗ ਅਤੇ ਬੈਂਕੁਏਟ ਐਸੋਸੀਏਸ਼ਨਾਂ ਦੇ ਮੈਂਬਰਾਂ ਨੂੰ ਵੀ ਇਸ ਪ੍ਰਦਰਸ਼ਨੀ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ।