- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਨ ਲੀਡ-ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦੇ ਰੋਸ ਵਜੋਂ ਅੱਜ ਲੁਧਿਆਣਾ ਬੰਦ ਰੱਖਣ ਦਾ ਐਲਾਨ, ਜ਼ਰੂਰੀ ਸੇਵਾਵਾਂ ਚਾਲੂ ਰਹਿਣਗੀਆਂ

-ਮੁਜ਼ਾਹਰਾਕਾਰੀਆਂ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਲਾਇਆ ਧਰਨਾ ਦੇਰ ਰਾਤ ਚੁੱਕਿਆ, ਅਣਪਛਾਤਿਆਂ ਦੀ ਭਾਲ ਸ਼ੁਰੂ
ਫ਼ੋਟੋ ਨੰਬਰ-50, 51, 52, 53
ਸੁਸ਼ੀਲ ਕੁਮਾਰ ਸ਼ਸ਼ੀ/ਵਿਸ਼ਾਲ/ਜਸਦੀਪ ਵਰਤੀਆ, ਪੰਜਾਬੀ ਜਾਗਰਣ, ਲੁਧਿਆਣਾ
ਮਹਾਂਨਗਰ ਲੁਧਿਆਣਾ ਜਲੰਧਰ ਬਾਈਪਾਸ ਚੌਕ ਵਿਖੇ ਅੱਜ ਸ਼ਾਮ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ। ਜਦੋਂ ਚੌਂਕ ’ਚ ਸਥਾਪਿਤ ਭਾਰਤੀ ਸੰਵਿਧਾਨ ਨਿਰਮਾਤਾ ਤੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਪ੍ਰਤਿਮਾ ਨਾਲ ਸ਼ਰਾਰਤੀ ਅਨਸਰਾਂ ਵੱਲੋਂ ਛੇੜਛਾੜ ਕਰਨ ਦੀ ਬੇਹੱਦ ਸ਼ਰਮਨਾਕ ਤੇ ਨਿੰਦਣਯੋਗ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਨਾਲ ਸ਼ਹਿਰ ਅੰਦਰ ਰੋਸ ਦੀ ਲਹਿਰ ਚੱਲ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਵਲੋਂ ਦੇਰ ਰਾਤ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਦੋਸ਼ੀਆਂ ਦੀ ਭਾਲ ਜਾਰੀ ਹੈ।
ਵਾਲਮੀਕਿ ਭਾਈਚਾਰੇ ਦੇ ਆਗੂ ਚੌਧਰੀ ਯਸ਼ਪਾਲ ਨੇ ਸਾਰੇ ਸਾਥੀਆਂ ਨਾਲ ਸਲਾਹ ਕਰਨ ਤੋਂ ਬਾਅਦ ਦੇਰ ਰਾਤ ਸੜਕ ਤੋਂ ਜਾਮ ਖੁੱਲ੍ਹਵਾ ਦਿੱਤਾ ਅਤੇ ਦੇਰ ਰਾਤ ਧਰਨਾ ਚੁੱਕ ਲਿਆ। ਆਗੂਆਂ ਨੇ ਐਲਾਨ ਕੀਤਾ ਕਿ ਰੋਸ ਵਜੋਂ ਬੁੱਧਵਾਰ 9 ਸਤੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲੁਧਿਆਣਾ ਮੁਕੰਮਲ ਬੰਦ ਰੱਖਿਆ ਜਾਵੇਗਾ। ਇਸ ਦਰਮਿਆਨ ਸਿਰਫ਼ ਸਕੂਲ, ਕਾਲਜ, ਹਸਪਤਾਲ, ਐਂਬੂਲੈਂਸ ਸਮੇਤ ਜ਼ਰੂਰੀ ਸੇਵਾਵਾਂ ਚਾਲੂ ਰਹਿਣਗੀਆਂ। ਉਨ੍ਹਾਂ ਨੇ ਸਨਅਤਕਾਰਾਂ, ਦੁਕਾਨਦਾਰਾਂ, ਵਪਾਰੀਆਂ, ਕਾਰੁੋਬਾਰੀਆਂ ਤੇ ਹੋਰਨਾਂ ਨੂੰ ਬੰਦ ਦੌਰਾਨ ਸਾਥ ਦੇਣ ਦੀ ਅਪੀਲ ਕੀਤੀ।
ਘਟਨਾ ਤੋਂ ਨਾਰਾਜ਼ ਵੱਖ-ਵੱਖ ਜਥੇਬੰਦੀਆਂ ਅਤੇ ਡਾ. ਭੀਮ ਰਾਓ ਅੰਬੇਦਕਰ ਜੀ ਨੂੰ ਮੰਨਣ ਵਾਲੇ ਲੋਕ ਵੱਡੀ ਗਿਣਤੀ ਵਿੱਚ ਜਲੰਧਰ ਬਾਈਪਾਸ ’ਤੇ ਇਕੱਠੇ ਹੋਏ ਅਤੇ ਕਥਿਤ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਧਰਨਾ ਲਗਾ ਦਿੱਤਾ। ਧਰਨੇ ਕਾਰਨ ਕੌਮੀ ਮਾਰਗ ’ਤੇ ਆਵਾਜਾਈ ਪ੍ਰਭਾਵਿਤ ਹੋਣ ਨਾਲ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।
ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਵਿੱਚ ਕੋਈ ਢਿੱਲ ਨਾ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਜੀ ਦੀ ਪ੍ਰਤਿਮਾ ਨਾਲ ਛੇੜਛਾੜ ਦੀ ਘਟਨਾ ਨੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਇਸ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ।
ਧਰਨਾਕਾਰੀਆਂ ਨੇ ਪੁਲਿਸ ਤੋਂ ਮੰਗ ਕੀਤੀ ਕਿ ਮੌਕੇ ਦੇ ਆਲੇ-ਦੁਆਲੇ ਲੱਗੇ ਨਿਗਰਾਨੀ ਕੈਮਰਿਆਂ ਦੀਆਂ ਤਸਵੀਰਾਂ ਅਤੇ ਹੋਰ ਸਬੂਤਾਂ ਦੀ ਬਾਰੀਕੀ ਨਾਲ ਜਾਂਚ ਕਰਕੇ ਘਟਨਾ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਜਿਹੀ ਘਟਨਾ ਨੂੰ ਸਿਰਫ਼ ਆਮ ਮਾਮਲਾ ਸਮਝ ਕੇ ਨਹੀਂ ਛੱਡਿਆ ਜਾ ਸਕਦਾ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਧਰਨੇ ਕਾਰਨ ਜਲੰਧਰ ਬਾਈਪਾਸ ਕੌਮੀ ਮਾਰਗ ’ਤੇ ਆਵਾਜਾਈ ਦੀ ਰਫ਼ਤਾਰ ਥੰਮ ਗਈ ਅਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਦੂਰ ਤੱਕ ਦਿਖਾਈ ਦਿੱਤੀਆਂ। ਰਾਹਗੀਰਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੌਕੇ ’ਤੇ ਪੁਲਿਸ ਮੁਲਾਜ਼ਮਾਂ ਨੇ ਪਹੁੰਚ ਕੇ ਸਥਿਤੀ ’ਤੇ ਨਜ਼ਰ ਰੱਖੀ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਪ੍ਰਬੰਧ ਕੀਤੇ। ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਕਰਕੇ ਮਾਮਲੇ ਵਿੱਚ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ, ਉਦੋਂ ਤੱਕ ਉਹ ਆਪਣਾ ਰੋਸ ਜਾਰੀ ਰੱਖਣਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਬਾਬਾ ਸਾਹਿਬ ਦੇ ਬੁੱਤ ਦੇ ਗਲ਼ ਵਿੱਚ ਜੁੱਤੀਆਂ ਦਾ ਹਾਰ ਪਾ ਦਿੱਤਾ ਗਿਆ। ਜਿਵੇਂ ਹੀ ਸਥਾਨਕ ਲੋਕਾਂ ਅਤੇ ਵੱਖ-ਵੱਖ ਜਥੇਬੰਦੀਆਂ ਨੂੰ ਇਸ ਘਟਨਾ ਦੀ ਸੂਚਨਾ ਮਿਲੀ, ਤਾਂ ਸਮੁੱਚੇ ਇਲਾਕੇ ਵਿੱਚ ਭਾਰੀ ਤਣਾਅ ਵਾਲਾ ਮਾਹੌਲ ਪੈਦਾ ਹੋ ਗਿਆ। ਇਸ ਨਿੰਦਣਯੋਗ ਕਾਰੇ ਕਾਰਨ ਵਾਲਮੀਕਿ ਭਾਈਚਾਰੇ ਸਮੇਤ ਸਮਾਜ ਦੇ ਵੱਖ-ਵੱਖ ਵਰਗਾਂ ਵਿੱਚ ਤਿੱਖਾ ਰੋਸ ਫੈਲ ਗਿਆ। ਗੁੱਸੇ ਵਿੱਚ ਆਏ ਲੋਕਾਂ ਨੇ ਤੁਰੰਤ ਜਲੰਧਰ ਬਾਈਪਾਸ ਚੌਕ ਵਿਖੇ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਅਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਕਰ ਦਿੱਤੀ। ਇਸ ਘਟਨਾ ਦੇ ਵਿਰੋਧ ਵਿੱਚ ਵਾਲਮੀਕਿ ਭਾਈਚਾਰੇ ਨੇ ਸੜਕਾਂ ‘ਤੇ ਉੱਤਰ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਧਰਨਾ ਲਗਾ ਦਿੱਤਾ। ਪ੍ਰਦਰਸ਼ਨਕਾਰੀਆਂ ਦਾ ਸਾਫ਼ ਕਹਿਣਾ ਹੈ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਨਿਰਾਦਰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਦੋਂ ਤੱਕ ਮੁਲਜ਼ਮਾਂ ਨੂੰ ਸਲਾਖ਼ਾਂ ਪਿੱਛੇ ਨਹੀਂ ਭੇਜਿਆ ਜਾਂਦਾ, ਉਦੋਂ ਤੱਕ ਤਿੱਖਾ ਵਿਰੋਧ ਜਾਰੀ ਰਹੇਗਾ। ਧਰਨੇ ਕਾਰਨ ਚੌਕ ਦੇ ਚਾਰੇ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਮਾਹੌਲ ਤਣਾਅਪੂਰਨ ਹੁੰਦਾ ਦੇਖ ਏਡੀਸੀਪੀ ਸਮੀਰ ਵਰਮਾ ਸਮੇਤ ਭਾਰੀ ਪੁਲਿਸ ਫ਼ੋਰਸ ਮੌਕੇ ‘ਤੇ ਪਹੁੰਚੀ ਅਤੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਵਾਉਂਦਿਆਂ ਦੋਸ਼ੀਆਂ ਦੀ ਜਲਦ ਗ੍ਰਿਫ਼ਤਾਰੀ ਦਾ ਭਰੋਸਾ ਦਿੱਤਾ। ਹਾਲਾਂਕਿ, ਇਸ ਭਰੋਸੇ ਦੇ ਬਾਵਜੂਦ ਵਾਲਮੀਕਿ ਸਮਾਜ ਦੇ ਲੋਕ ਆਪਣੀ ਮੰਗ ‘ਤੇ ਅੜੇ ਰਹੇ ਅਤੇ ਲਗਾਤਾਰ ਪ੍ਰਦਰਸ਼ਨ ਜਾਰੀ ਰੱਖਿਆ।
-ਬਾਕਸ-
ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ-ਵਰਮਾ
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਡੀਸੀਪੀ-1 ਸਮੀਰ ਵਰਮਾ ਨੇ ਕਿਹਾ “ਇਹ ਮਾਮਲਾ ਹੁਣੇ ਹੀ ਸਾਡੇ ਧਿਆਨ ਵਿੱਚ ਆਇਆ ਹੈ। ਇੱਥੇ ਜਲੰਧਰ ਬਾਈਪਾਸ ਵਿਖੇ ਸਥਿਤ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਬੁੱਤ ‘ਤੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਜੁੱਤੀਆਂ ਦਾ ਹਾਰ ਪਾਏ ਜਾਣ ਦੀ ਸੂਚਨਾ ਮਿਲੀ ਸੀ। ਪੁਲਿਸ ਵੱਲੋਂ ਇਸ ‘ਤੇ ਤੁਰੰਤ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।”
-ਬਾਕਸ-
-ਵਿਧਾਇਕ ਪੱਪੀ ਦੀਆਂ ਕੋਸ਼ਿਸ਼ਾਂ ਨੂੰ ਨਹੀਂ ਪਿਆ ਬੂਰ
ਲੁਧਿਆਣਾ ਦੇ ਜਲੰਧਰ ਬਾਈਪਾਸ ਚੌਂਕ ਵਿਖੇ ਡਾ.ਅੰਬੇਡਕਰ ਦੇ ਬੁੱਤ ਕੋਲ ਧਰਨਾ ਲਗਾ ਕੇ ਬੈਠੇ ਆਗੂਆਂ ਦੀ ਹਮਾਇਤ ’ਤੇ ਵੱਡੀ ਗਿਣਤੀ ਵਿਚ ਭਾਜਪਾ ਆਗੂ ਵੀ ਪੁੱਜ ਗਏ। ਹੋਰ ਵੀ ਕਈ ਆਗੂਆਂ ਵਲੋਂ ਸ਼ਿਰਕਤ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਆਪਣਾ ਸਮਰਥਨ ਦਿੱਤਾ ਗਿਆ ਅਤੇ ਦੇਰ ਰਾਤ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਪ੍ਰੰਤੂ ਪ੍ਰਦਰਸ਼ਨਕਾਰੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੱਕ ਸੜਕ ਜਾਮ ਕਰਨ ਦੀ ਮੰਗ ’ਤੇ ਅੜੇ ਰਹੇ। ਪ੍ਰਦਰਸ਼ਨਕਾਰੀਆਂ ਨੇ ਹਲਕਾ ਲੁਧਿਆਣਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਖਿਲਾਫ਼ ਦੀ ਜੰਮ ਕੇ ਭੜਾਸ ਕੱਢੀ।
-ਮੁਜ਼ਾਹਰਾਕਾਰੀਆਂ ਨੇ ਰੱਖੀਆਂ ਹਨ ਇਹ ਮੰਗਾਂ
ਪ੍ਰਦਰਸ਼ਨਕਾਰੀਆਂ ਨੇ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਦੇ ਬੁੱਤ ਦੇ ਆਸ ਪਾਸ 4 ਸੀਸੀਟੀਵੀ ਕੈਮਰੇ ਲਗਵਾਉਣ, ਪਹਿਲਾਂ ਵਾਅਦਾ ਕਰਕੇ ਕੈਮਰੇ ਨਾ ਲਗਵਾਉਣ ਲਈ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ, ਬੁੱਤ ਦੇ ਚਾਰੇ ਪਾਸੇ ਕੋਈ ਵੀ ਬੋਰਡ ਨਾ ਲੱਗਣ ਦੇਣ, ਹਦਾਇਤਾਂ ਵਾਲਾ ਬੋਰਡ ਲਗਾਉਣ ਅਤੇ ਬੇਅਦਬੀ ਕਰਨ ਵਾਲੇ ਨੂੰ ਗ੍ਰਿਫ਼ਤਾਰ ਕੀਤਾ ਜਾਵੇ।