- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੁਧਿਆਣਾ-ਮਲੇਰਕੋਟਲਾ ਰੋਡ 'ਤੇ ਭਿਆਨਕ ਸੜਕ ਹਾਦਸਾ

-ਸਕੂਟਰ ਨੂੰ ਲੱਗੀ ਅੱਗ, ਬੁਲੇਟ ਸਵਾਰ ਹੋਇਆ ਗੰਭੀਰ ਜ਼ਖ਼ਮੀ
ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ : ਲੁਧਿਆਣਾ-ਮਾਲੇਰਕੋਟਲਾ ਰੋਡ 'ਤੇ ਸਥਿਤ ਰਣਜੀਤ ਐਵਨਿਊ-2 ਦੇ ਸਾਹਮਣੇ ਇਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ ਇਕ ਸਕੂਟਰ ਨੂੰ ਅੱਗ ਲੱਗ ਗਈ, ਜਦਕਿ ਬੁਲੇਟ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਮੌਕੇ 'ਤੇ ਹਫੜਾ-ਦਫੜੀ ਮਚ ਗਈ ਅਤੇ ਰਾਹਗੀਰਾਂ ਨੇ ਤੁਰੰਤ ਦੋਵੇਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਚਸ਼ਮਦੀਦ ਰਾਹਗੀਰਾਂ ਦੇ ਮੁਤਾਬਕ ਬੁਲੇਟ ਮੋਟਰਸਾਈਕਲ ਕਾਫ਼ੀ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ। ਇਸ ਦੌਰਾਨ ਇਕ ਅਲਟੋ ਕਾਰ ਡਿਵਾਈਡਰ ਤੋਂ ਯੂ-ਟਰਨ ਲੈਣ ਜਾਂ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਬੁਲੇਟ ਸਵਾਰ ਨੇ ਅਚਾਨਕ ਆਪਣਾ ਮੋਟਰਸਾਈਕਲ ਖੱਬੇ ਪਾਸੇ ਮੋੜਿਆ, ਜਿੱਥੇ ਅੱਗੇ ਜਾ ਰਹੇ ਇਕ ਬਜ਼ੁਰਗ ਦੀ ਸਕੂਟਰ ਨਾਲ ਉਸ ਦੀ ਜ਼ੋਰਦਾਰ ਟੱਕਰ ਹੋ ਗਈ।
ਜਾਣਕਾਰੀ ਅਨੁਸਾਰ ਸਕੂਟਰ ਸਵਾਰ ਗੁਰਮੀਤ ਸਿੰਘ ਰਣਜੀਤ ਐਵਨਿਊ ਤੋਂ ਆਲਮਗੀਰ ਸਾਹਿਬ ਵੱਲ ਮੁੜੇ ਸਨ, ਜਦੋਂ ਇਹ ਹਾਦਸਾ ਵਾਪਰਿਆ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨ ਕਰੀਬ 20 ਤੋਂ 25 ਫੁੱਟ ਤੱਕ ਸੜਕ 'ਤੇ ਘਿਸੜਦੇ ਹੋਏ ਅੱਗੇ ਨਿਕਲ ਗਏ। ਘਿਸੜਨ ਕਾਰਨ ਸਕੂਟਰ ਨੂੰ ਅੱਗ ਲੱਗ ਗਈ। ਰਾਹਗੀਰਾਂ ਨੇ ਦੱਸਿਆ ਕਿ ਬਜ਼ੁਰਗ ਟੱਕਰ ਤੋਂ ਬਾਅਦ ਸੜਕ 'ਤੇ ਡਿੱਗ ਗਏ ਸਨ ਅਤੇ ਉਸ ਤੋਂ ਬਾਅਦ ਐਕਟਿਵਾ ਨੂੰ ਅੱਗ ਲੱਗੀ। ਚਸ਼ਮਦੀਦਾਂ ਅਨੁਸਾਰ ਬੁਲੇਟ ਦੀ ਰਫ਼ਤਾਰ ਕਾਫ਼ੀ ਜ਼ਿਆਦਾ ਸੀ। ਹਾਦਸੇ ਵਿੱਚ ਬੁਲੇਟ ਸਵਾਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ, ਜਦਕਿ ਸਕੂਟਰ ਸਵਾਰ ਬਜ਼ੁਰਗ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਹਾਦਸੇ ਤੋਂ ਤੁਰੰਤ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖ਼ਮੀਆਂ ਨੂੰ ਚੁੱਕ ਕੇ ਨੇੜੇ ਮੈਸ ਪ੍ਰੋਲਾਈਫ ਹਸਪਤਾਲ ਵਿਖੇ ਇਲਾਜ ਲਈ ਭੇਜਿਆ। ਮੁੱਢਲੀ ਜਾਣਕਾਰੀ ਅਨੁਸਾਰ ਐਕਟਿਵਾ ਸਵਾਰ ਦੀ ਪਛਾਣ ਬਚਿੱਤਰ ਨਗਰ ਵਾਸੀ ਗੁਰਮੀਤ ਸਿੰਘ ਵਜੋਂ ਹੋਈ ਹੈ, ਜਦਕਿ ਬੁਲੇਟ ਸਵਾਰ ਦੀ ਪਛਾਣ ਜਸ਼ਨ ਪੁੱਤਰ ਲਵਲੀ ਅਮੁਲ ਕਲਰ ਲੈਬ ਵਾਲੇ ਵਾਸੀ ਜਨਤਾ ਨਗਰ ਵਜੋਂ ਦੱਸੀ ਜਾ ਰਹੀ ਹੈ। ਮੌਕੇ 'ਤੇ ਮੌਜੂਦ ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਸੜਕ 'ਤੇ ਅਕਸਰ ਵਾਹਨ ਚਾਲਕ ਡਿਵਾਈਡਰ ਤੋਂ ਗੈਰ-ਕਾਨੂੰਨੀ ਢੰਗ ਨਾਲ ਸੜਕ ਪਾਰ ਕਰਦੇ ਹਨ, ਜਦਕਿ ਨਜ਼ਦੀਕੀ ਰਣੀਆਂ ਪਿੰਡ ਕੋਲ ਯੂ-ਟਰਨ ਦੀ ਸੁਵਿਧਾ ਮੌਜੂਦ ਹੈ। ਇਸ ਦੇ ਬਾਵਜੂਦ ਕਈ ਲੋਕ ਕੁਝ ਦੂਰੀ ਤੈਅ ਕਰਨ ਦੀ ਬਜਾਏ ਡਿਵਾਈਡਰ ਤੋਂ ਹੀ ਗੱਡੀਆਂ ਕੱਢ ਲੈਂਦੇ ਹਨ, ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਡਿਵਾਈਡਰ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਸੜਕ ਪਾਰ ਕਰਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ, ਤਾਂ ਜੋ ਭਵਿੱਖ ’ਚ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ। ਇਸ ਸਬੰਧੀ ਮਰਾਡੋ ਚੌਂਕੀ ਦੇ ਇੰਚਾਰਜ ਸਬ-ਇੰਸਪੈਕਟਰ ਤਰਸੇਮ ਸਿੰਘ ਬਰਾੜ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਣ ਉਪਰੰਤ ਪੁਲਿਸ ਟੀਮ ਤੁਰੰਤ ਮੌਕੇ 'ਤੇ ਪਹੁੰਚ ਗਈ ਸੀ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਪੂਰੀ ਹੋਣ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।