
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

4 ਨੰਬਰ ਦੀ ਬੋਟਮ-ਕੂੰਮਕਲਾਂ ਪਿੰਡ ਦੇ ਬਜ਼ੁਰਗਾਂ ਦੀਆਂ ਯਾਦਾਂ ਵਿੱਚ ਅੱਜ ਵੀ ਛੱਲਾਂ ਮਾਰਦਾ ਬੁੱਢਾ ਦਰਿਆ

ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਤੇਜ਼ ਰਫ਼ਤਾਰ ਜ਼ਿੰਦਗੀ ਦੇ ਵਿੱਚ ਜਿੱਥੇ ਇਨਸਾਨ ਨੇ ਆਪਣਾ ਪੌਣ ਪਾਣੀ ਦੂਸ਼ਿਤ ਕਰ ਲਿਆ ਹੈ। ਉਸੇ ਦੇ ਨਾਲ ਹੀ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਦੇ ਲਈ ਬੁੱਢੇ ਦਰਿਆ ਨੂੰ ਵੀ ਗੰਦਲਾ ਕਰਕੇ ਗੰਦਾ ਨਾਲਾ ਬਣਾ ਦਿੱਤਾ ਹੈ। ਭਾਵੇਂ ਅੱਜ ਇਹ ਗੰਦਾ ਨਾਲਾ ਲੁਧਿਆਣਾ ਦੀ ਸਿਆਸਤ ਦਾ ਕੇਂਦਰ ਬਿੰਦੂ ਬਣ ਚੁੱਕਾ ਹੈ, ਪਰ ਅੱਜ ਵੀ ਕੂੰਮ ਕਲਾ ਦੇ ਬਜ਼ੁਰਗਾਂ ਦੀਆਂ ਯਾਦਾਂ ਵਿੱਚ ਬੁੱਢਾ ਦਰਿਆ ਛੱਲਾਂ ਮਾਰਦਾ ਹੈ
ਪੰਜਾਬੀ ਜਾਗਰਣ ਦੀ ਟੀਮ ਨੇ ਜਦੋਂ ਪਿੰਡ ਕੂੰਮਕਲਾਂ ’ਚ ਪਿੰਡ ਦੇ ਲੋਕਾਂ ਅਤੇ ਸੱਥ ’ਚ ਬੈਠੇ ਬਜ਼ੁਰਗਾਂ ਦੇ ਨਾਲ ਬੁੱਢੇ ਦਰਿਆ ਬਾਰੇ ਗੱਲ ਕੀਤੀ ਤਾਂ ਉਹਨਾਂ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਦੇਆਂ ਕਿਹਾ ਕਿ ਇਹ ਸੇਮ ਦਾ ਇਲਾਕਾ ਸੀ ਅਤੇ ਧਰਤੀ ਹੇਠਲਾ ਪਾਣੀ, ਪਹਾੜਾਂ ਤੇ ਪੈਂਦੀ ਬਰਸਾਤ ਤੇ ਜਦੋਂ ਕਦੇ ਸਤਲੁਜ ਦਰਿਆ ਟੁੱਟ ਜਾਣਾ ਤਾਂ ਉਸਦਾ ਪਾਣੀ ਇਸ ਬੁੱਢੇ ਦਰਿਆ ਵਿੱਚ ਪੈਂਦਾ ਸੀ ਤਾਂ ਇਹ ਬੁੱਢਾ ਦਰਿਆ ਉਸ ਸਮੇਂ ਪੂਰੇ ਜੋਬਨ ’ਤੇ ਆ ਜਾਂਦਾ ਸੀ। ਪਰ ਹੌਲੀ ਹੌਲੀ ਜਿਵੇਂ ਖੇਤੀ ਬਲਦਾਂ ਤੋਂ ਹੱਟ ਕੇ ਮਸ਼ੀਨੀ ਯੁਗ ਵੱਲ ਜਾਂਦੀ ਗਈ ਅਤੇ ਖੇਤਾਂ ਦੇ ਵਿੱਚ ਪਾਣੀ ਦੇ ਲਈ ਵੱਡੇ ਬੋਰ ਹੁੰਦੇ ਗਏ ਲੋਕ ਧਰਤੀ ਦੀ ਛਾਤੀ ਪਾੜ ਕੇ ਧਰਤੀ ਹੇਠਲਾ ਪਾਣੀ ਕੱਢਦੇ ਰਹੇ ਹੌਲੀ-ਹੌਲੀ ਧਰਤੀ ਹੇਠਲਾ ਪਾਣੀ ਵੀ ਨੀਵਾਂ ਹੁੰਦਾ ਗਿਆ। ਇਹ ਜਮੀਨ ਸੇਮ ਦੀ ਮਾਰ ਹੇਠਾਂ ਤੋਂ ਬਾਹਰ ਆ ਗਈ। ਫਿਰ ਹੌਲੀ-ਹੌਲੀ ਇਹ ਬੁੱਢਾ ਦਰਿਆ ਵੀ ਸੁੱਕ ਗਿਆ। ਹੁਣ ਕੁੱਝ ਸਾਲ ਪਹਿਲਾਂ ਹੀ ਇਸ ਵਿੱਚ ਮੁੜ ਨੀਲੋ ਨਹਿਰ ਦਾ ਪਾਣੀ ਛੱਡਿਆ ਹੈ, ਜਿਸ ਨਾਲ ਇਹ ਬੁੱਢਾ ਦਰਿਆ ਮੁੜ ਵਗਣ ਲੱਗਾ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਕੁੱਝ ਸਾਲ ਤੱਕ ਇਸ ਦਰਿਆ ਦਾ ਪਾਣੀ ਬਹੁਤ ਸਾਫ ਸੀ, ਪਰ ਜਦੋਂ ਤੋਂ ਪਿੰਡਾਂ ਦੇ ਅੰਦਰ ਕੱਪੜਾ ਰੰਗਾਈ ਵਾਲੀਆਂ ਫੈਕਟਰੀਆਂ ਲੱਗਣੀਆਂ ਸ਼ੁਰੂ ਹੋਈਆਂ ਹਨ। ਤਾਂ ਧਰਤੀ ਹੇਠਲਾ ਪਾਣੀ ਵੀ ਗੰਧਲਾ ਹੋ ਗਿਆ ਹੈ ਤੇ ਇਸ ਦਰਿਆ ਦਾ ਵੀ ਕਈ ਵਾਰ ਤਾਂ ਫੈਕਟਰੀਆਂ ਵਾਲੇ ਟੈਂਕਰ ਭਰ ਕੇ ਕੈਮੀਕਲ ਵਾਲੇ ਪਾਣੀ ਦਾ ਇਸ ਦਰਿਆ ਵਿੱਚ ਆ ਜਾਂਦੇ ਹਨ। ਬਜ਼ੁਰਗ ਦੱਸਦੇ ਹਨ ਕਿ ਸਤਲੁਜ ਦਰਿਆ ਕਿਸੇ ਸਮੇਂ ਪਾਇਲ ਦੇ ਕਿਲੇ ਤੱਕ ਚੱਲਦਾ ਸੀ। ਹੌਲੀ-ਹੌਲੀ ਸਤਲੁਜ ਸਿਮਟਦਾ ਗਿਆ ਅਤੇ ਇਹ ਦਰਿਆ ਵੀ ਸੁੱਕਣ ਲੱਗਿਆ। ਫਿਰ ਇਸ ਇਸ ਵਿੱਚ ਸੇਮ ਤੇ ਬਰਸਾਤ ਦਾ ਪਾਣੀ ਹੀ ਚੱਲਦਾ ਸੀ ਅਤੇ ਜਦੋਂ ਬਰਸਾਤਾਂ ਦੇ ਵਿੱਚ ਹੜ ਆ ਜਾਂਦੇ ਸੀ ਜਾਂ ਸਤਲੁਜ ਦਰਿਆ ਟੁੱਟ ਜਾਂਦਾ ਆਸੇ ਪਾਸੇ ਦੀਆਂ ਜਮੀਨਾਂ ਪਾਣੀ ਵਿੱਚ ਡੁੱਬ ਜਾਣੀਆ, ਤਾਂ ਲੋਕ ਕਹਿੰਦੇ ਸਨ ਕਿ ਬੁੱਢਾ ਦਰਿਆ ਜਵਾਨ ਹੋ ਗਿਆ।
-ਬਾਕਸ-
-ਕਾਰਖ਼ਾਨਿਆਂ ਨੇ ਕਰ ਦਿੱਤਾ ਪਾਣੀ ਗੰਧਲਾ : ਕਾਮਰੇਡ ਅਮਰਨਾਥ
39) ਕਾਮਰੇਡ ਅਮਰਨਾਥ ਕੂੰਮਕਲਾਂ।
ਪਿੰਡ ਕੂੰਮਕਲਾਂ ਵਿਖੇ ਨੀਲੋ ਡਰੇਨ, ਸ਼ੇਰੀਆਂ ਡਰੇਨ, ਰਜੂਲ ਡਰੇਨ ਦਾ ਪਾਣੀ ਆਉਂਦਾ ਸੀ, ਜਿਹੜਾ ਕੂੰਮਕਲਾਂ ਤੋਂ ਹੀ ਸ਼ੁਰੂ ਹੁੰਦੇ ਬੁੱਢੇ ਦਰਿਆ ਵਿੱਚ ਪੈ ਜਾਂਦਾ ਸੀ। ਇਹਨਾਂ ਡਰੇਨਾਂ ਦੇ ਵਿੱਚ ਬਰਸਾਤ ਤੇ ਸੇਮ ਦਾ ਪਾਣੀ ਆਉਂਦਾ ਸੀ। ਇਹ ਅੱਗੇ ਲੁਧਿਆਣਾ ਨੂੰ ਜਾਂਦਾ ਸੀ ਅਸੀਂ ਵੀ ਇਸ ਵਿੱਚ ਨਹਾਉਂਦੇ ਵੀ ਸੀ, ਪਸ਼ੂਆਂ ਨੂੰ ਪਾਣੀ ਵੀ ਪਿਲਾਉਂਦੇ ਸੀ ਅਤੇ ਲੋਕ ਕੱਪੜੇ ਵੀ ਧੋਂਦੇ ਸਨ। ਇਹ ਪਾਣੀ ਅੱਗੇ ਲੁਧਿਆਣਾ ਜਾਂਦਾ ਸੀ ਇਸ ਦਾ ਪਾਣੀ ਇਨਾ ਸਾਫ ਸੀ ਕਿ ਲੁਧਿਆਣਾ ਵਿੱਚ ਵੀ ਲੋਕ ਇਸ ਵਿੱਚ ਨਹਾਉਂਦੇ ਵੀ ਸੀ ਪਾਣੀ ਨੂੰ ਪੀਂਦੇ ਵੀ ਸੀ। ਇਲਾਕੇ ਵਿੱਚ ਕਾਰਖ਼ਾਲੇ ਲੱਗ ਜਾਣ ਕਾਰਨ ਇਹ ਪਾਣੀ ਗੰਧਲਾ ਹੋ ਗਿਆ ਹੈ।
-ਬਾਕਸ-
-ਕੱਪੜੇ ਨਾਲ ਛਾਣ ਕੇ ਪੀ ਲੈਂਦੇ ਸੀ ਪਾਣੀ : ਸੋਹਣ ਸਿੰਘ
40) ਸੋਹਣ ਸਿੰਘ।
ਪਿੰਡ ਦੇ ਬਜ਼ੁਰਗਾਂ ਸੋਹਣ ਸਿੰਘ ਨੇ ਯਾਦਾਂ ਤਾਜ਼ੀਆਂ ਕਰਦਿਆਂ ਕਿਹਾ ਇਸ ਦਰਿਆ ਦਾ ਪਾਣੀ ਅੰਮ੍ਰਿਤ ਵਰਗਾ ਸੀ, ਇਸ ਵਿੱਚ ਲੋਕ ਆਪਣੇ ਪਸ਼ੂ ਵੀ ਨਿਭਾਉਂਦੇ ਸੀ। ਜਦੋਂ ਪਿਆਸ ਲੱਗਣੀ, ਤਾਂ ਆਪਣੇ ਸਿਰ ਤੇ ਲਭੇਟੇ ਪਰਨੇ ਨਾਲ ਹੀ ਪਾਣੀ ਛਾਣ ਕੇ ਲੋਕ ਪੀ ਲੈਂਦੇ ਸੀ। ਲੋਕ ਬਲਦਾਂ ਦੇ ਨਾਲ ਖੇਤੀ ਕਰਦੇ ਸਨ ਅਤੇ ਖੇਤਾਂ ਵਿੱਚੋਂ ਹੀ ਰੇਤਾ ਪਾਸੇ ਕਰਕੇ ਜਾਂ ਤਾਂ ਪਾਣੀ ਪੀ ਲੈਂਦੇ ਸੀ ਜਾਂ ਫਿਰ ਦਰਿਆ ਵਿੱਚੋਂ ਕੈਨੀ ਆ ਭਰ ਕੇ ਲੈ ਜਾਂਦੇ ਸੀ, ਕਿਉਂਕਿ ਖੇਤਾਂ ਵਿੱਚ ਨਾ ਤਾਂ ਮੋਟਰਾਂ ਸਨ ਅਤੇ ਨਾ ਹੀ ਨਲਕੇ ਲੱਗੇ ਹੋਏ ਸਨ।
-ਬਾਕਸ-
-ਦਰਿਆ ਕੰਢੇ ਕਬੱਡੀ ਖੇਡਦੇ ਤੇ ਦਰਿਆ ’ਚ ਨਹਾਉਂਦੇ ਸੀ : ਅਵਤਾਰ ਸਿੰਘ
41) ਅਵਤਾਰ ਸਿੰਘ।
ਪਿੰਡ ਦੇ ਵਾਸੀ ਅਵਤਾਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਉਮਰ 72 ਸਾਲ ਦੀ ਹੈ। ਉਹ ਇਸ ਦਰਿਆ ਦੇ ਕਿਨਾਰੇ ਦੇ ਉੱਤੇ ਆਪਣੇ ਦੋਸਤਾਂ ਦੇ ਨਾਲ ਕਬੱਡੀ ਖੇਡਦੇ ਸਨ। ਖੇਡਣ ਤੋਂ ਬਾਅਦ ਇਸੇ ਦਰਿਆ ਵਿੱਚ ਨਹਾਅ ਲੈਣਾ ਅਤੇ ਜਦੋਂ ਖੇਡਦਿਆਂ ਨੂੰ ਪਿਆਸ ਲੱਗਣੀ, ਤਾਂ ਦਰਿਆ ਦੇ ਵਿੱਚੋਂ ਹੀ ਪਾਣੀ ਪੀ ਲੈਣਾ। ਪਾਣੀ ਇੰਨਾ ਸਾਫ ਸੀ ਕਿ ਥੱਲੇ ਰੇਤਾਂ ਨਜ਼ਰ ਆਉਂਦਾ ਸੀ ਇੱਥੇ ਹੀ ਪਸ਼ੂ ਤੇ ਪੰਛੀ ਪਾਣੀ ਪੀਂਦੇ ਸਨ!
-ਪਾਕਿਸਤਾਨ ਤੋਂ ਆ ਕੇ ਬੁੱਢੇ ਦਰਿਆ ਵਿੱਚ ਖੇਡਦੇ ਹੀ ਮੇਰਾ ਬਚਪਨ ਬੀਤਿਆ : ਦੇਵ ਸਿੰਘ
42) ਦੇਵ ਸਿੰਘ
ਪਿੰਡ ਦੇ ਬਜ਼ੁਰਗ ਦੇਵ ਸਿੰਘ ਨੇ ਕਿਹਾ ਜਦੋਂ ਦੇਸ਼ ਦੀ ਵੰਡ ਹੋਈ, ਤਾਂ ਮੇਰੀ ਉਮਰ ਛੇ ਮਹੀਨੇ ਦੀ ਸੀ। ਸਾਡਾ ਪਰਿਵਾਰ ਪਹਿਲਾਂ ਜੋਧਾ ਮਨਸੂਰਾਂ ਆਇਆ ਅਤੇ ਉਸ ਤੋਂ ਬਾਅਦ ਕੂਮਕਲਾਂ ਛੋਟੇ ਹੁੰਦੇ ਅਸੀਂ ਇਸ ਦਰਿਆ ਵਿੱਚ ਨਹਾਉਂਦੇ ਰਹੇ ਆਂ ਅਤੇ ਇਸਦਾ ਪਾਣੀ ਪੀਂਦੇ ਰਹੇ ਆ। ਇਸ ਦਰਿਆ ਕੰਢੇ ਖੇਡਦੇ ਹੀ ਅਸੀਂ ਜਵਾਨ ਅਤੇ ਬੁੱਢੇ ਹੋਏ ਹਾਂ। ਬੁੱਢਾ ਦਰਿਆ ਇਲਾਕੇ ਦੇ ਲੋਕਾਂ ਦੀਆਂ ਯਾਦਾਂ ਅਤੇ ਵਿਰਸੇ ਵਿਰਾਸਤ ਨਾਲ ਜੁੜਿਆ ਹੋਇਆ ਹੈ।
-ਚਮਕੌਰ ਸਾਹਿਬ ਦੀ ਨਦੀ ਦੇ ਹੇਠੋਂ ਆਉਂਦਾ ਸੀ ਇੱਥੇ ਪਾਣੀ : ਜਸਵਿੰਦਰ ਸਿੰਘ
43) ਜਸਵਿੰਦਰ ਸਿੰਘ
ਜਸਵਿੰਦਰ ਸਿੰਘ ਨੇ ਕਿਹਾ ਇਹ ਬਰਸਾਤੀ ਪਾਣੀ ਦਾ ਚੋਆ ਸੀ, ਜਦੋਂ ਬਰਸਾਤਾਂ ਦੇ ਵਿੱਚ ਪਹਾੜਾਂ ਦੇ ਅੰਦਰ ਬਹੁਤੀਆਂ ਬਰਸਾਤਾਂ ਆ ਜਾਂਦੀਆਂ ਸੀ। ਤਾਂ ਚਮਕੌਰ ਸਾਹਿਬ ਤੋਂ ਨਦੀ ਦੇ ਹੇਠਾਂ ਤੋਂ ਸਾਰਾ ਪਾਣੀ ਬਰਸਾਤੀ ਚੋਆਂ ਰਾਹੀਂ ਇਸੇ ਬੁੱਢੇ ਦਰਿਆ ਵਿੱਚ ਆ ਜਾਂਦਾ ਸੀ ਅਤੇ ਸਾਰੀਆਂ ਫਸਲਾਂ ਪਾਣੀ ਪਾਣੀ ਹੋ ਜਾਂਦੀਆਂ ਸਨ। ਜਦੋਂ ਸਤਲੁਜ ਦਰਿਆ ਘੁਮਾਣਾ ਤੋਂ ਟੁੱਟ ਜਾਂਦਾ ਸੀ, ਤਾਂ ਸਾਰੇ ਪਾਣੀ ਨੂੰ ਬੁੱਢਾ ਦਰਿਆ ਆਪਣੇ ਵਿੱਚ ਸੰਭਾਲ ਲੈਂਦਾ ਸੀ ਇਹ ਚਾਰ ਪੰਜ ਬਰਸਾਤੀ ਦਰਿਆਵਾਂ ਦਾ ਬਰਸਾਤੀ ਪਾਣੀ ਸੰਭਾਲਦਾ ਸੀ
-ਪਿੰਡ ਕੂੰਮ ਕਲਾਂ ਦੇ 80-85 ਫ਼ੀਸਦੀ ਲੋਕ ਬੁੱਢੇ ਦਰਿਆ ’ਚ ਹੀ ਨਹਾਉਂਦੇ ਸਨ : ਡਾ. ਚਰਨਜੀਤ
44) ਡਾ. ਚਰਨਜੀਤ ਸਿੰਘ
ਪਿੰਡ ਦੇ ਹੀ ਰਹਿਣ ਵਾਲੇ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਕੂੰਮਕਲਾਂ ਦੇ 80 ਤੋਂ 85 ਫ਼ੀਸਦੀ ਲੋਕ ਬੁੱਢੇ ਦਰਿਆ ਦੇ ਵਿੱਚ ਖੁਦ ਵੀ ਨਹਾਉਂਦੇ ਸੀ ਅਤੇ ਆਪਣੇ ਪਸ਼ੂਆਂ ਨੂੰ ਨਿਭਾਉਂਦੇ ਸੀ। ਬੁੱਢੇ ਦਰਿਆ ਦੇ ਵਿੱਚੋਂ ਹੀ ਪਸ਼ੂ ਪੀਂਦੇ ਸਨ। ਸੰਨ 2000 ਤਕ ਪਾਣੀ ਬਿਲਕੁਲ ਸਾਫ ਸੁਥਰਾ ਵੱਗਦਾ ਸੀ, ਪਰ ਉਸ ਤੋਂ ਬਾਅਦ ਇੱਥੇ ਪਾਣੀ ਆਉਣਾ ਬੰਦ ਹੋ ਗਿਆ।