
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਡਾ.ਮਨਮੀਤ ਬਰਾੜ ਨੇ ਕੀਟ ਮਿਊਜ਼ੀਅਮ ਨੂੰ ਭੇਟ ਕੀਤੇ 25 ਲੱਖ ਰੁਪਏ

-ਪਿਤਾ ਦੀ ਯਾਦ ਨੂੰ ਸਾਂਭਣ ਲਈ ਕੀਤਾ ਭਾਵੁਕ ਉਪਰਾਲਾ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੀਏਯੂ. ਦੇ ਮੁੱਖ ਸੂਖਮ ਕੀਟ ਵਿਗਿਆਨੀ ਅਤੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਮਨਮੀਤ ਬਰਾੜ ਭੁੱਲਰ ਨੇ ਆਪਣੇ ਸਵ. ਪਿਤਾ ਇੰਜ. ਸਰਬਜੀਤ ਸਿੰਘ ਬਰਾੜ ਦੀ ਯਾਦ ’ਚ ਵਿਭਾਗ ਦੀ ਅਕਾਦਮਿਕ ਸਮਰੱਥਾ ਨੂੰ ਮਜ਼ਬੂਤ ਕਰਨ ਅਤੇ ਪੀਏਯੂ. ਦੇ ਰਾਸ਼ਟਰੀ ਕੀਟ ਮਿਊਜ਼ੀਅਮ ਵਿੱਚ ਸੋਧ ਤੇ ਵਿਕਾਸ ਲਈ 25 ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ। ਪੀਏਯੂ. ਦੇ ਕੀਟ ਮਿਊਜ਼ੀਅਮ ਦੇ ਵਿਕਾਸ ਨਾਲ ਕੀਟਾਂ ਦੀ ਸੰਭਾਲ, ਉਨ੍ਹਾਂ ਦੇ ਪ੍ਰਦਰਸ਼ਨ ਤੇ ਕੀਟ ਵਿਭਿੰਨਤਾ ਦੀ ਸਿੱਖਿਆ ਆਦਿ ਬਾਰੇ ਵਿਦਿਆਰਥੀਆਂ, ਖੋਜੀਆਂ ਤੇ ਅਧਿਆਪਕਾਂ ਨੂੰ ਭਰਪੂਰ ਜਾਣਕਾਰੀ ਹਾਸਲ ਹੋ ਸਕੇਗੀ।
ਇਸ ਤਰ੍ਹਾਂ ਕੀਟਾਂ ਦੀ ਰੋਕਥਾਮ, ਉਨ੍ਹਾਂ ਦੀ ਪਛਾਣ ਅਤੇ ਇਸ ਸਬੰਧੀ ਕਿਸਾਨਾਂ ਨੂੰ ਵਿਗਿਆਨਕ ਸਿਫ਼ਾਰਸ਼ਾਂ ਕਰਨ ਦੀ ਪਲਾਂਟ ਕਲੀਨਿਕ ਦੀ ਸਮਰੱਥਾ ਵਿਚ ਵੀ ਵਾਧਾ ਹੋਵੇਗਾ। ਪਲਾਂਟ ਕਲੀਨਿਕ ਨੂੰ ਪੀਏਯੂ. ਦੇ ਸੇਵਾਮੁਕਤ ਪ੍ਰੋਫੈਸਰ ਡਾ. ਅਮਰੀਕ ਸਿੰਘ ਸੋਹੀ ਨੂੰ ਸਮਰਪਿਤ ਹੋਵੇਗਾ। ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਡਾ. ਮਨਮੀਤ ਬਰਾੜ ਭੁੱਲਰ ਵੱਲੋਂ ਆਏ ਇਸ ਯੋਗਦਾਨ ਨੂੰ ਬੇਹੱਦ ਮੁੱਲਵਾਨ ਅਤੇ ਨੇਕ ਕਾਰਜ ਕਿਹਾ। ਉਨ੍ਹਾਂ ਕਿਹਾ ਕਿ ਇਸ ਨਾਲ ਭਵਿੱਖ ਦੇ ਖੋਜੀਆਂ ਨੂੰ ਵਧੇਰੇ ਖੋਜ ਸਰੋਤ ਹਾਸਲ ਹੋਣਗੇ ਅਤੇ ਕੀਟਾਂ ਦੀ ਖੋਜ ਬਾਰੇ ਦ੍ਰਿਸ਼ਟੀਕੋਣ ’ਚ ਵਾਧਾ ਹੋਵੇਗਾ, ਜਿਸ ਦਾ ਲਾਭ ਸਿੱਧੇ ਤੌਰ ’ਤੇ ਖੇਤੀ ਅਤੇ ਕਿਸਾਨੀ ਨੂੰ ਮਿਲ ਸਕੇਗਾ। ਉਨ੍ਹਾਂ ਕਿਹਾ ਕਿ ਇਸ ਯੋਗਦਾਨ ਨੂੰ ਆਪਣੀ ਸੰਸਥਾ ਦੀ ਬਿਹਤਰੀ ਲਈ ਕੀਤੇ ਜਾਣ ਵਾਲੇ ਕੰਮਾਂ ਦੇ ਆਦਰਸ਼ ਵਜੋਂ ਦੇਖਿਆ ਜਾਣਾ ਚਾਹੀਦਾ ਹੈ।
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਕੀਟ ਮਿਊਜ਼ੀਅਮ ਪੀਏਯੂ ਦੇ ਕੀਟ ਵਿਗਿਆਨੀਆਂ ਦੀ ਖੋਜ ਲਈ ਬੇਹੱਦ ਮਹੱਤਵਪੂਰਨ ਕੇਂਦਰ ਹੈ ਅਤੇ ਇਸ ਵਿੱਚ ਸੁਧਾਰ ਅਤੇ ਵਿਕਾਸ ਲਈ ਡਾ. ਭੁੱਲਰ ਦਾ ਯੋਗਦਾਨ ਭਵਿੱਖ ਨੂੰ ਸੰਵਾਰਨ ਦੀ ਦਿਸ਼ਾ ਵਿਚ ਬੇਹੱਦ ਮੁੱਲਵਾਨ ਹੈ। ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਨੇ ਵੀ ਡਾ. ਭੁੱਲਰ ਵੱਲੋਂ ਪਾਏ ਇਸ ਯੋਗਦਾਨ ਦੀ ਸ਼ਲਾਘਾ ਕੀਤੀ।