- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਉਦਘਾਟਨ ਤੋਂ ਪਹਿਲਾਂ ਹੀ ਜੰਗਲ ਬਣਿਆ ਕਟਾਣੀ ਕਲਾ ਦਾ ਖੇਡ ਮੈਦਾਨ

ਉਦਘਾਟਨ ਤੋਂ ਪਹਿਲਾਂ ਹੀ ਜੰਗਲ ਬਣਿਆ ਕਟਾਣੀ ਕਲਾ ਦਾ ਖੇਡ ਮੈਦਾਨ
- ਠੇਕੇਦਾਰ ਵੱਲੋਂ ਭੇਜੇ ਬੈਂਚ ਕੁੱਝ ਦਿਨਾਂ ਬਾਅਦ ਹੀ ਹੋਏ ਚੱਕਨਾ ਚੂਰ
ਰਵੀ ਭਾਟੀਆ, ਪੰਜਾਬੀ ਜਾਗਰਣ ਲੁਧਿਆਣਾ/ਸਾਹਨੇਵਾਲ
ਵਿਧਾਨ ਸਭਾ ਹਲਕਾ ਸਾਹਨੇਵਾਲ ਅੰਦਰ ਪੈਂਦੇ ਪਿੰਡ ਕਟਾਣੀ ਕਲਾਂ ’ਚ ਵੀ 19 ਲੱਖ ਦੀ ਲਾਗਤ ਨਾਲ ਖੇਡ ਮੈਦਾਨ ਤਿਆਰ ਕੀਤਾ ਹੈ, ਜੇਕਰ ਇਸ ਖੇਡ ਮੈਦਾਨ ਦੀ ਹਾਲਤ ਦੇਖੀ ਜਾਵੇ, ਤਾਂ ਉਦਘਾਟਨ ਤੋਂ ਪਹਿਲਾਂ ਹੀ ਇਸ ਖੇਡ ਮੈਦਾਨ ਦੀ ਹਾਲਤ ਤਰਸਯੋਗ ਹੋ ਚੁੱਕੀ ਹੈ ਅਤੇ ਖੇਡ ਮੈਦਾਨ ਜੰਗਲ ਦਾ ਰੂਪ ਧਰ ਕਰ ਚੁੱਕਾ ਹੈ। ਠੇਕੇਦਾਰ ਵੱਲੋਂ ਇਸ ਕਦਰ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਮਾੜਾ ਮਟੀਰੀਅਲ ਵਰਤਿਆ ਗਿਆ ਹੈ, ਜਿਸ ਦੀ ਮਿਸਾਲ ਠੇਕੇਦਾਰ ਵੱਲੋਂ ਭੇਜੇ ਬੈਂਚਾਂ ਤੋਂ ਲਗਾਈ ਜਾ ਸਕਦੀ ਹੈ। ਠੇਕੇਦਾਰ ਵੱਲੋਂ ਤਿੰਨ ਬੈਂਚ ਭੇਜੇ ਗਏ ਸਨ, ਜਿਹੜੇ ਇਸ ਕਦਰ ਮਾੜੇ ਮਟੀਰੀਅਲ ਨਾਲ ਤਿਆਰ ਕੀਤੇ ਹੋਏ ਸਨ ਕਿ ਕੁੱਝ ਦਿਨਾਂ ਬਾਅਦ ਹੀ ਤਿੰਨੋਂ ਬੈਂਚ ਚਕਨਾ ਚੂਰ ਹੋ ਗਏ। ਖੇਡ ਮੈਦਾਨ ਵਿੱਚ ਖੇਡ ਰਹੇ ਕੁੱਝ ਬੱਚਿਆਂ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਜਿਸ ਦਿਨ ਇਹ ਬੈਂਚ ਖੇਡ ਮੈਦਾਨ ਵਿੱਚ ਆਏ ਸਨ। ਤਾਂ ਉਸੇ ਦਿਨ ਜਦੋਂ ਇਸ ਬੈਂਚ ਤੇ ਤਿੰਨ ਲੋਕ ਬੈਠੇ ਤਾਂ ਇਹ ਬੈਂਚ ਤੁਰੰਤ ਹੀ ਟੁੱਟ ਗਿਆ। ਗਰਾਊਂਡ ’ਚ ਕ੍ਰਿਕਟ ਖੇਡ ਰਹੇ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀ ਜੇਬ ਖਰਚੀ ਵਿੱਚੋਂ ਥੋੜ੍ਹੇ-ਥੋੜ੍ਹੇ ਪੈਸੇ ਇਕੱਠੇ ਕਰਕੇ ਖੇਡਣ ਦੇ ਲਈ ਇੱਕ ਪਿਚ ਤਿਆਰ ਕੀਤੀ ਸੀ। ਠੇਕੇਦਾਰ ਵੱਲੋਂ ਕੋਈ ਨਵੀਂ ਅਤੇ ਚੰਗੀ ਪਿੱਚ ਤਿਆਰ ਕਰਨ ਦੀ ਬਜਾਏ ਠੇਕੇਦਾਰ ਤੱਕ ਉਹਨਾਂ ਦੀ ਵੀ ਪਿਚ ਤੋੜ ਗਿਆ, ਜਿਸ ਕਰਕੇ ਹੁਣ ਉਹਨਾਂ ਨੂੰ ਮਜਬੂਰਨ ਆਪਣੀ ਪਿਚ ਦੇ ਨਾਲ ਇੰਟਰਲੋਕ ਟਾਈਲਾਂ ਲਾ ਕੇ ਖੇਡਣਾ ਪੈ ਰਿਹਾ ਹੈ। ਉਸ ਦੇ ਨਾਲ ਹੀ ਪਿੰਡ ਦੇ ਕੁੱਝ ਲੋਕਾਂ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਉਹ ਹੈਰਾਨ ਹਨ ਕਿ ਸਰਕਾਰ ਵੱਲੋਂ ਖੇਡ ਮੈਦਾਨ ਤਿਆਰ ਕੀਤਾ ਜਾ ਰਿਹਾ ਹੈ। ਪਰ ਸਾਡੇ ਪਿੰਡ ਦੇ ਖੇਡ ਮੈਦਾਨ ਵਿੱਚ ਨੌਜਵਾਨਾਂ ਵੱਲੋਂ ਕ੍ਰਿਕਟ ਖੇਡਣ ਲਈ ਪੱਕੀ ਪਿਚ ਤਿਆਰ ਕੀਤੀ ਹੋਈ ਹੈ, ਪਰ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਸਰਕਾਰ ਵੱਲੋਂ ਜਿਹੜੀਆਂ ਲਾਈਟਾਂ ਲਗਾਈਆਂ ਜਾ ਰਹੀਆਂ ਹਨ ਇਸ ਖੇਡ ਮੈਦਾਨ ਵਿੱਚ ਖੇਡਿਆ ਕੀ ਜਾ ਸਕਦਾ ਕਿਉਂਕਿ ਨਾ ਤਾਂ ਹੁਣ ਇੱਥੇ ਫੁੱਟਬਾਲ ਖੇਡੀ ਜਾ ਸਕਦੀ ਹੈ ਅਤੇ ਨਾ ਹੀ ਹਾਕੀ ਸਰਕਾਰ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਆਖਰ ਇਹ ਖੇਡ ਮੈਦਾਨ ਕਿਸ ਖੇਡ ਲਈ ਤਿਆਰ ਕੀਤਾ ਜਾ ਰਿਹਾ ਹੈ।
-ਬਾਕਸ-
-ਵਾਲੀਬਾਲ ਖੇਡ ਮੈਦਾਨ ਵਿੱਚ ਨੈਟ ਲਾਉਣਾ ਭੁੱਲਿਆ ਠੇਕੇਦਾਰ
ਠੇਕੇਦਾਰ ਵੱਲੋਂ ਤਿਆਰ ਕੀਤੇ ਵਾਲੀਬਾਲ ਦੇ ਖੇਡ ਮੈਦਾਨ ਤੇ ਭਾਵੇਂ ਜਾਲੀਆਂ ਦੇ ਨਾਲ ਚਾਰ ਦੀਵਾਰੀ ਕੀਤੀ ਗਈ ਹੈ, ਪਰ ਇਉਂ ਜਾਪਦਾ ਹੈ ਕਿ ਖੇਡ ਮੈਦਾਨ ਦੇ ਅੰਦਰ ਕੰਮ ਕਰਨਾ ਠੇਕੇਦਾਰ ਭੁੱਲ ਗਿਆ ਹੋਵੇ। ਕਿਉਂਕਿ ਖੇਡ ਮੈਦਾਨ ਦੇ ਅੰਦਰ ਨਾ ਨੈੱਟ ਹੈ ਅਤੇ ਖੇਡ ਮੈਦਾਨ ਅੰਦਰ ਖੜਾ ਘਾ ਤੇ ਝਾੜੀਆਂ ਕਿਸੇ ਜੰਗਲ ਦਾ ਭੁਲੇਖਾ ਪਾਉਂਦੀਆਂ ਹਨ।
-ਬਾਕਸ-
-ਬਾਥਰੂਮ ਕੀਤੇ ਤਿਆਰ ਪਰ ਰਸਤਾ ਨਹੀਂ
ਠੇਕੇਦਾਰ ਵੱਲੋਂ ਖੇਡ ਮੈਦਾਨ ’ਚ ਦੋ ਬਾਥਰੂਮ ਤਿਆਰ ਕੀਤੇ ਗਏ ਹਨ, ਜਿਨਾਂ ਦੇ ਪਾਣੀ ਵਾਲੀ ਟੈਂਕੀ ਵੀ ਰੱਖੀ ਹੋਈ ਹੈ। ਪਰ ਠੇਕੇਦਾਰ ਬਾਥਰੂਮ ਅੰਦਰ ਜਾਣ ਲਈ ਰਸਤਾ ਬਣਾਉਣਾ ਸ਼ਾਇਦ ਭੁੱਲ ਗਿਆ, ਕਿਉਂ ਕਿ ਬਾਥਰੂਮ ਦੇ ਆਸੇ ਪਾਸੇ ਝਾੜੀਆਂ ਦਾ ਜੰਗਲ ਹੈ ਅਤੇ ਬਾਥਰੂਮ ਕੋਲ ਜਾਣ ਲਈ ਕੋਈ ਰਸਤਾ ਨਹੀਂ । ਇਸੇ ਤਰ੍ਹਾਂ ਹੀ ਖੇਡ ਮੈਦਾਨ ਦੇ ਅੰਦਰ ਠੇਕੇਦਾਰ ਨੇ ਵੱਡੀਆਂ ਲਾਈਟਾਂ ਤਾਂ ਲਗਾ ਦਿੱਤੀਆਂ, ਪਰ ਉਹਨਾਂ ਨੂੰ ਕਨੈਕਸ਼ਨ ਕਰਨਾ ਭੁੱਲ ਗਿਆ ਕਿਉਂਕਿ ਲਾਈਟਾਂ ਤਾਂ ਲੱਗੀਆਂ ਹੋਈਆਂ ਹਨ, ਪਰ ਉਹ ਲੋਕਾਂ ਦੇ ਮੁਤਾਬਕ ਕਦੇ ਨਹੀਂ ਚੱਲੀਆਂ।
-ਬਾਕਸ-
-ਪੁਰਾਣੇ ਠੇਕੇਦਾਰ ਦੀ ਇੱਟ ਤੇ ਬਜਰੀ ਵੀ ਕਰ ਦਿੱਤੀ ਖੁਰਦ ਬੁਰਦ
ਪਿੰਡ ਦੇ ਲੋਕਾਂ ਦੀ ਮੰਨੀਏ ਤਾਂ ਪਹਿਲੀ ਸਰਕਾਰ ਵੱਲੋਂ ਵੀ ਕਟਾਣੀ ਕਲਾ ਦੇ ਖੇਡ ਮੈਦਾਨ ਦੇ ਲਈ 17 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਸੀ। ਉਸ ਗਰਾਂਟ ਦੇ ਨਾਲ ਉਸ ਸਮੇਂ ਦੇ ਠੇਕੇਦਾਰ ਨੇ ਖੇਡ ਮੈਦਾਨ ਅੰਦਰ ਓਪਨ ਜਿਮ ਤਿਆਰ ਕੀਤਾ। ਕੁੱਝ ਰੇਲਿੰਗ ਲਾਈ ਤੇ ਖੇਡ ਮੈਦਾਨ ਦੇ ਆਸ ਪਾਸ ਸੈਰ ਕਰਨ ਦੇ ਲਈ ਇੱਕ ਫੁੱਟਪਾਥ ਤਿਆਰ ਕਰਨ ਦੇ ਲਈ ਕਰੀਬ 15 ਹਜਾਰ ਇਟ ਵੀ ਭੇਜੀ ਗਈ। ਭਾਵੇਂ ਉਹ ਇੱਕ ਲੇਬਰ ਨਾ ਹੋਣ ਕਰਕੇ ਫੁੱਟਪਾਥ ਤੇ ਤਾਂ ਨਹੀਂ ਲੱਗੀ, ਪਰ ਲੰਮੇ ਸਮੇਂ ਤੋਂ ਖੇਡ ਮੈਦਾਨ ਦੇ ਅੰਦਰ ਪਈ ਸੀ ਉਹ ਇੱਟ ਅਤੇ ਬਜਰੀ ਵੀ ਠੇਕੇਦਾਰ ਵੱਲੋਂ ਖੁਰਦ ਬੁਰਦ ਕਰ ਦਿੱਤੀ ਗਈ ਹੈ!
-ਬਾਕਸ-
-ਠੇਕੇਦਾਰ ਬਾਰੇ ਸਰਪੰਚ, ਪੰਚਾਇਤ ਸਕੱਤਰ ਤੇ ਚੇਅਰਮੈਨ ਨੂੰ ਨਹੀਂ ਪਤਾ
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਦੋਂ ਇਸ ਖੇਡ ਮੈਦਾਨ ਦੇ ਇਹਨਾਂ ਹਾਲਾਤਾਂ ਬਾਰੇ ਪਿੰਡ ਦੇ ਸਰਪੰਚ ਮਨਜੀਤ ਸਿੰਘ ਨਾਲ ਗੱਲ ਕੀਤੀ, ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਕਿਸ ਠੇਕੇਦਾਰ ਵੱਲੋਂ ਖੇਡ ਮੈਦਾਨ ਤਿਆਰ ਕੀਤਾ ਜਾ ਰਿਹਾ ਹੈ, ਕਿਉਂਕਿ ਠੇਕੇਦਾਰ ਨੂੰ ਇਸ ਖੇਡ ਮੈਦਾਨ ਦੀ ਵਿਭਾਗ ਵੱਲੋਂ ਸਿੱਧੀ ਅਦਾਇਗੀ ਕੀਤੀ ਜਾ ਰਹੀ ਹੈ। ਜਦੋਂ ਇਸ ਸਬੰਧੀ ਬਲਾਕ ਕੂਮਕਲਾਂ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ, ਤਾਂ ਉਹਨਾਂ ਕਿਹਾ ਕਿ ਇਹ ਕੰਮ ਜਿਲਾ ਪਰਿਸ਼ਦ ਵੱਲੋਂ ਕੀਤਾ ਜਾ ਰਿਹਾ ਹੈ, ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਜਦੋਂ ਕਿ ਪੰਚਾਇਤ ਸੈਕਟਰੀ ਮੱਖਣ ਸਿੰਘ ਨਾਲ ਗੱਲ ਕੀਤੀ, ਤਾਂ ਉਹਨਾਂ ਵੀ ਇਸ ਬਾਰੇ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਆਖੀ।
-ਬਾਕਸ-
-ਸ਼ਰਾਰਤੀ ਲੋਕਾਂ ਨੇ ਤੋੜੇ ਬੈਂਚ : ਜੇਈ ਵਿਪਨ ਕੁਮਾਰ
ਇਸ ਸਬੰਧੀ ਜੇਈ ਵਿਪਨ ਕੁਮਾਰ ਨਾਲ ਜਦੋਂ ਗੱਲ ਕੀਤੀ, ਤਾਂ ਉਹਨਾਂ ਕਿਹਾ ਕਿ ਉਹ ਕੱਲ ਹੀ ਖੇਡ ਮੈਦਾਨ ਵਿੱਚ ਜਾ ਕੇ ਆਏ ਹਨ ਅਤੇ ਉਹਨਾਂ ਨੇ ਪੰਚਾਇਤ ਨੂੰ ਆਖਿਆ ਹੈ ਕਿ ਘਾਹ ਸਾਫ ਕਰਾਇਆ ਜਾਵੇ। ਜਿਹੜੇ ਬੈਂਚ ਟੁੱਟੇ ਹਨ ਉਹ ਕੁਝ ਸ਼ਰਾਰਤੀ ਲੋਕਾਂ ਨੇ ਤੋੜੇ ਹਨ। ਉਸ ਦੀ ਵੀ ਜਾਂਚ ਕਰਵਾਈ ਜਾਵੇਗੀ।