
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਿਖਲਾਈ ਪਿੱਛੋਂ ਜੈਵਿਕ ਖੇਤੀ ਤਕਨੀਕਾਂ ਅਪਨਾਉਣ ਕਿਸਾਨ-ਡਾ.ਵਾਲੀਆ

-ਪੀਏਯੂ ਨੇ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਲਈ ਲਾਇਆ ਟ੍ਰੇਨਿੰਗ ਕੈਂਪ
ਫੋਟੋ ਨੰਬਰ-10
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੀਏਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਦੀ ਅਗਵਾਈ ਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਦੀ ਨਿਗਰਾਨੀ ਹੇਠ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਦੇ ਕਲੱਬ ਨੇ ਤ੍ਰੈਮਾਸਿਕ ਸਿਖਲਾਈ ਕੈਂਪ ਲਾਇਆ। ਇਸ ’ਚ 105 ਜੈਵਿਕ ਖੇਤੀ ਕਿਸਾਨ ਸ਼ਾਮਿਲ ਹੋਏ। ਕਲੱਬ ਦੇ ਪ੍ਰਧਾਨ ਅੰਮ੍ਰਿਤ ਸਿੰਘ ਚਾਹਲ ਨੇ ਹਾਜ਼ਰ ਮਾਹਿਰਾਂ ਅਤੇ ਕਿਸਾਨਾਂ ਦਾ ਸਵਾਗਤ ਕੀਤਾ। ਇਸ ਪ੍ਰੋਗਰਾਮ ਦਾ ਉਦੇਸ਼ ਜੈਵਿਕ ਖੇਤੀ ਅਤੇ ਖੇਤੀ ਨਾਲ ਜੁੜੀਆਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦੇਣਾ ਸੀ। ਜੈਵਿਕ ਖੇਤੀ ਸਕੂਲ ਦੇ ਨਿਰਦੇਸ਼ਕ ਡਾ.ਸੋਹਨ ਸਿੰਘ ਵਾਲੀਆ ਨੇ ਵਿਭਾਗ ਵੱਲੋਂ ਖੋਜ ਤੇ ਪਸਾਰ ਦੀ ਮਦਦ ਨਾਲ ਕੁਦਰਤੀ ਖੇਤੀ ਲਈ ਕੀਤੇ ਜਾ ਰਹੇ ਯਤਨਾਂ ਦਾ ਹਵਾਲਾ ਦਿੱਤਾ। ਉਨਾਂ ਪੀਏਯੂ. ਵੱਲੋਂ ਇਸ ਦਿਸ਼ਾ ਵਿੱਚ ਕੀਤੇ ਜਾ ਰਹੇ ਕਾਰਜਾਂ ਉੱਪਰ ਜ਼ੋਰ ਦਿੰਦਿਆਂ ਕਿਸਾਨਾਂ ਨੂੰ ਸਿਖਲਾਈ ਲੈ ਕੇ ਜੈਵਿਕ ਖੇਤੀ ਤਕਨੀਕਾਂ ਅਪਨਾਉਣ ਲਈ ਪ੍ਰੇਰਿਆ। ਭੂਮੀ ਵਿਗਿਆਨੀ ਡਾ. ਸੰਦੀਪ ਸ਼ਰਮਾ ਨੇ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਸਾੜਨ ਦੀ ਬਜਾਏ ਇਸ ਤੋਂ ਜੈਵਿਕ ਖਾਦ ਤਿਆਰ ਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਪਰਾਲੀ ਦੀ ਢੁਕਵੇਂ ਢੰਗ ਨਾਲ ਸੰਭਾਲ ਅਤੇ ਖਾਦ ਵਿੱਚ ਤਬਦੀਲੀ ਕਰਨ ਨਾਲ ਇਸ ਦੀ ਰਹਿੰਦ-ਖੂੰਹਦ ਨੂੰ ਉਪਯੋਗੀ ਬਣਾਉਣ ਦੇ ਨਾਲ-ਨਾਲ ਮਿੱਟੀ ਵਿੱਚ ਜੈਵਿਕ ਪਦਾਰਥ ਅਤੇ ਪੋਸ਼ਕ ਤੱਤਾਂ ਦੀ ਉਪਲੱਬਧਤਾ ਵਧਾਈ ਜਾ ਸਕਦੀ ਹੈ। ਭੋਜਨ ਤੇ ਪੋਸ਼ਣ ਵਿਭਾਗ ਤੋਂ ਡਾ. ਨੀਰਜਾ ਸਿੰਗਲਾ ਨੇ ਦਾਲਾਂ ਦੀ ਵਰਤੋਂ ਕਰਕੇ ਨਮਕੀਨ ਤੇ ਹੋਰ ਮੁੱਲ-ਵਾਧਾ ਖਾਧ ਉਤਪਾਦ ਤਿਆਰ ਕਰਨ ਦੀ ਤਕਨੀਕ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦਾਲਾਂ ਨੂੰ ਪ੍ਰੋਸੈਸ ਕਰਕੇ ਤਿਆਰ ਕੀਤੇ ਜਾਣ ਵਾਲੇ ਅਜਿਹੇ ਉਤਪਾਦ ਕਿਸਾਨਾਂ ਅਤੇ ਪੇਂਡੂ ਉੱਦਮੀਆਂ ਲਈ ਖੇਤੀ ਉਤਪਾਦਾਂ ਦੀ ਪ੍ਰੋਸੈਸਿੰਗ ਰਾਹੀਂ ਵਾਧੂ ਆਮਦਨ ਦੇ ਮੌਕੇ ਪੈਦਾ ਕਰ ਸਕਦੇ ਹਨ। ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਵਿਭਾਗ ਤੋਂ ਮਨਜਿੰਦਰ ਸਿੰਘ ਨੇ ਖੇਤੀ ਸੈਰ-ਸਪਾਟਾ ਨੀਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਿਸਾਨ ਆਪਣੇ ਖੇਤਾਂ, ਬਾਗ਼ਾਂ ਤੇ ਪੇਂਡੂ ਜੀਵਨ ਨੂੰ ਸੈਰ-ਸਪਾਟੇ ਨਾਲ ਜੋੜ ਕੇ ਆਮਦਨ ਦੇ ਨਵੇਂ ਸਰੋਤ ਪੈਦਾ ਕਰ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਫਾਰਮ ਸਟੇਅ, ਪੇਂਡੂ ਜੀਵਨ ਦੇ ਤਜਰਬੇ ਅਤੇ ਸਥਾਨਕ ਖਾਣ-ਪੀਣ ਤੇ ਸੱਭਿਆਚਾਰ ਰਾਹੀਂ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦੇ ਮੌਕਿਆਂ ਬਾਰੇ ਜਾਣੂ ਕਰਵਾਇਆ। ਅਗਾਂਹਵਧੂ ਕਿਸਾਨ ਜੋਬਨਪ੍ਰੀਤ ਸਿੰਘ ਨੇ ਆਪਣੇ ਜੈਵਿਕ ਖੇਤੀ ਦੇ ਤਜਰਬੇ ਸਾਂਝੇ ਕੀਤੇ, ਜੋ ਹੋਰ ਕਿਸਾਨਾਂ ਲਈ ਪ੍ਰੇਰਣਾਦਾਇਕ ਸਾਬਤ ਹੋਏ। ਮੰਚ ਦਾ ਸੰਚਾਲਨ ਸੰਚਾਰ ਕੇਂਦਰ ਤੋਂ ਵਰਿੰਦਰ ਸਿੰਘ ਨੇ ਕੀਤਾ। ਡਾ. ਅਮਨਦੀਪ ਸਿੰਘ ਸਿੱਧੂ ਵੱਲੋਂ ਸਭ ਦਾ ਧੰਨਵਾਦ ਕੀਤਾ।