ਕਬਜ਼ੇ ਖੁਦ ਹਟਾਓ, ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ : ਭਿੰਡਰ ਤਾਜਪੁਰ ਰੋਡ ’ਤੇ ਨਗਰ ਸੁਧਾਰ ਟਰੱਸਟ ਦੀ ਕਾਰਵਾਈ, ਨਾਜਾਇਜ਼ ਉਸਾਰੀ ਢਾਹ ਕੇ ਪਲਾਟ ਕਬਜ਼ੇ ’ਚ ਲਿਆ
Publish Date: Fri, 04 Sep 2026 08:57 PM (IST)
Updated Date: Sat, 05 Sep 2026 04:04 AM (IST)
-ਤਾਜਪੁਰ ਰੋਡ ’ਤੇ ਟਰੱਸਟ ਨੇ ਨਾਜਾਇਜ਼ ਉਸਾਰੀ ਢਾਹ ਕੇ ਪਲਾਟ ’ਤੇ ਕੀਤਾ ਕਬਜ਼ਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ ਤਾਜਪੁਰ ਰੋਡ ਸਥਿਤ ਨਗਰ ਸੁਧਾਰ ਟਰੱਸਟ ਦੀ ਡੇਅਰੀ ਸਕੀਮ ਵਿੱਚ ਟਰੱਸਟ ਵੱਲੋਂ ਨਾਜਾਇਜ਼ ਕਬਜ਼ੇ ਵਿਰੁੱਧ ਕਾਰਵਾਈ ਕਰਦਿਆਂ ਪਲਾਟ ਨੰਬਰ 33-ਐੱਮ ’ਤੇ ਕੀਤੀ ਗਈ ਨਾਜਾਇਜ਼ ਉਸਾਰੀ ਢਾਹ ਦਿੱਤੀ ਗਈ। ਟਰੱਸਟ ਦੀ ਤਕਨੀਕੀ ਸ਼ਾਖਾ ਨੇ ਕਾਰਵਾਈ ਤੋਂ ਬਾਅਦ ਉਕਤ ਪਲਾਟ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਨੇ ਦੱਸਿਆ ਕਿ ਪਲਾਟ ਦੇ ਮਾਲਕਾਂ ਵੱਲੋਂ ਪਲਾਟ ਦੀ ਬਣਦੀ ਰਕਮ ਟਰੱਸਟ ਕੋਲ ਜਮ੍ਹਾਂ ਨਹੀਂ ਕਰਵਾਈ ਗਈ ਸੀ। ਰਕਮ ਜਮ੍ਹਾਂ ਕਰਵਾਉਣ ਲਈ ਮਾਲਕਾਂ ਨੂੰ ਕਈ ਨੋਟਿਸ ਭੇਜੇ ਗਏ, ਪਰ ਇਸ ਦੇ ਬਾਵਜੂਦ ਰਕਮ ਜਮ੍ਹਾਂ ਨਾ ਹੋਣ ਕਾਰਨ ਟਰੱਸਟ ਵੱਲੋਂ ਪਲਾਟ ਨੂੰ ਰੱਦ ਕਰਕੇ ਜ਼ਬਤ ਕਰ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਪਲਾਟ ਖਾਲੀ ਕਰਨ ਲਈ ਵੀ ਮਾਲਕਾਂ ਨੂੰ ਕਈ ਪੱਤਰ ਜਾਰੀ ਕੀਤੇ ਗਏ, ਪਰ ਪਲਾਟ ਖਾਲੀ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਉੱਚ ਅਧਿਕਾਰੀਆਂ ਵੱਲੋਂ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ 4 ਸਤੰਬਰ ਨੂੰ ਟਰੱਸਟ ਦੀ ਤਕਨੀਕੀ ਸ਼ਾਖਾ ਨੇ ਕਾਰਵਾਈ ਕੀਤੀ ਅਤੇ ਪਲਾਟ ’ਤੇ ਹੋਈ ਨਾਜਾਇਜ਼ ਉਸਾਰੀ ਨੂੰ ਢਾਹ ਦਿੱਤਾ। ਚੇਅਰਮੈਨ ਭਿੰਡਰ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਵੱਲੋਂ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਮੁਹਿੰਮ ਲਗਾਤਾਰ ਜਾਰੀ ਹੈ। ਉਨ੍ਹਾਂ ਨਾਜਾਇਜ਼ ਕਬਜ਼ਾਧਾਰਕਾਂ ਨੂੰ ਚਿਤਾਵਨੀ ਦਿੱਤੀ ਕਿ ਟਰੱਸਟ ਦੀਆਂ ਜਾਇਦਾਦਾਂ ’ਤੇ ਕੀਤੇ ਗਏ ਕਬਜ਼ੇ ਤੁਰੰਤ ਖਾਲੀ ਕੀਤੇ ਜਾਣ। ਜੇਕਰ ਕਬਜ਼ਾਧਾਰਕ ਖੁਦ ਕਬਜ਼ੇ ਨਹੀਂ ਹਟਾਉਂਦੇ ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਦਿਆਂ ਟਰੱਸਟ ਵੱਲੋਂ ਕਬਜ਼ੇ ਛੁਡਵਾਏ ਜਾਣਗੇ। ਚੇਅਰਮੈਨ ਨੇ ਇਹ ਵੀ ਦੱਸਿਆ ਕਿ ਕਬਜ਼ੇ ਵਿੱਚ ਲਏ ਗਏ ਇਸ ਪਲਾਟ ਨੂੰ ਟਰੱਸਟ ਵੱਲੋਂ ਆਉਣ ਵਾਲੀ ਬੋਲੀ ਦੌਰਾਨ ਵੇਚਿਆ ਜਾਵੇਗਾ। ਕਾਰਵਾਈ ਦੌਰਾਨ ਨਗਰ ਸੁਧਾਰ ਟਰੱਸਟ ਦੇ ਕਾਰਜਕਾਰੀ ਇੰਜੀਨੀਅਰ ਵਿਕਰਮ ਭਾਰਦਵਾਜ, ਨਰਿੰਦਰ ਸਿੰਗਲਾ, ਸਹਾਇਕ ਟਰੱਸਟ ਇੰਜੀਨੀਅਰ ਬਲਜੀਤ ਸਿੰਘ, ਜਸਕਰਨ ਬੀਰ ਸਿੰਘ, ਸਮੂਹ ਜੇਈ ਅਤੇ ਫੀਲਡ ਸਟਾਫ ਮੌਕੇ ’ਤੇ ਮੌਜੂਦ ਸਨ।