- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਈਸੀਏਆਰ-ਸੀਆਈਪੀਐਚਈਟੀ ਦਾ ਯੋਗਦਾਨ ਕਾਬਿਲ-ਏ-ਤਾਰੀਫ਼-ਸਈਦ ਮੁਹੰਮਦ ਆਦਿਲ ਅਮੀਰ

-ਵਾਢੀ ਉਪਰੰਤ ਪ੍ਰਬੰਧਨ, ਫੂਡ ਪ੍ਰੋਸੈਸਿੰਗ ਤੇ ਤਕਨੀਕੀ ਵਪਾਰੀਕਰਨ ’ਚ ਸਹਿਯੋਗ ਦੇਣ 'ਤੇ ਚਰਚਾ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ, ਜਾਗਰਣ ਲੁਧਿਆਣਾ : ਉਦਯੋਗ, ਐੱਸਐੱਮਈ ਅਤੇ ਸਹਿਕਾਰਤਾ ਮੰਤਰੀ ਸਈਦ ਮੁਹੰਮਦ ਆਦਿਲ ਅਮੀਰ ਦੀ ਅਗਵਾਈ ਹੇਠ ਮਾਰੀਸ਼ਸ ਗਣਰਾਜ ਦੇ ਇੱਕ ਉੱਚ-ਪੱਧਰੀ ਵਫ਼ਦ ਨੇ ਦੁਵੱਲੀ ਸ਼ਮੂਲੀਅਤ ਪ੍ਰੋਗਰਾਮ ਤਹਿਤ ਆਈਸੀਏਆਰ.-ਸੈਂਟਰਲ ਇੰਸਟੀਚਿਊਟ ਆਫ਼ ਪੋਸਟ ਹਾਰਵੈਸਟ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਆਈਸੀਏਆਰ-ਸੀਆਈਪੀਐਚਈਟੀ), ਲੁਧਿਆਣਾ ਦਾ ਦੌਰਾ ਕੀਤਾ। ਇਸ ਦੌਰੇ ਦਾ ਮੁੱਖ ਉਦੇਸ਼ ਵਾਢੀ ਤੋਂ ਬਾਅਦ ਦੇ ਪ੍ਰਬੰਧਨ, ਫੂਡ ਪ੍ਰੋਸੈਸਿੰਗ, ਤਕਨਾਲੋਜੀ ਵਪਾਰੀਕਰਨ ਅਤੇ ਖੇਤੀਬਾੜੀ ਉੱਦਮਤਾ ਦੇ ਖੇਤਰ ਵਿੱਚ ਭਾਰਤ ਦੀਆਂ ਨਵੀਨਤਾਕਾਰੀ ਪ੍ਰਾਪਤੀਆਂ ਦਾ ਅਧਿਐਨ ਕਰਨਾ ਅਤੇ ਭਵਿੱਖੀ ਸਹਿਯੋਗ ਦੀਆਂ ਸੰਭਾਵਨਾਵਾਂ ਨੂੰ ਮਜ਼ਬੂਤ ਕਰਨਾ ਸੀ।
ਵਫ਼ਦ ਦਾ ਸਵਾਗਤ ਕਰਦਿਆਂ ਆਈਸੀਏਆਰ-ਸੀਆਈਪੀਐਚਈਟੀ ਦੇ ਡਾਇਰੈਕਟਰ ਡਾ. ਨਚੀਕੇਤ ਕੋਤਵਾਲੀਵਾਲੇ ਨੇ ਸੰਸਥਾ ਦੇ ਕਾਰਜ-ਖੇਤਰ ਅਤੇ ਉਪਲਬਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਵਾਢੀ ਤੋਂ ਬਾਅਦ ਦੇ ਪ੍ਰਬੰਧਨ, ਫੂਡ ਪ੍ਰੋਸੈਸਿੰਗ, ਮੁੱਲ ਵਾਧੇ, ਖੇਤੀਬਾੜੀ ਮਸ਼ੀਨੀਕਰਨ ਅਤੇ ਤਕਨਾਲੋਜੀ ਟ੍ਰਾਂਸਫਰ ਨਾਲ ਸਬੰਧਤ ਸੰਸਥਾ ਦੀਆਂ ਵਿਕਸਤ ਤਕਨਾਲੋਜੀਆਂ ਦਾ ਪ੍ਰਦਰਸ਼ਨ ਵੀ ਕੀਤਾ। ਉਨ੍ਹਾਂ ਕਿਹਾ ਕਿ ਸੰਸਥਾ ਨਵੀਨਤਾ, ਉੱਦਮਤਾ ਅਤੇ ਤਕਨਾਲੋਜੀ ਦੇ ਵਪਾਰੀਕਰਨ ਨੂੰ ਉਤਸ਼ਾਹਿਤ ਕਰਕੇ ਕਿਸਾਨਾਂ ਅਤੇ ਖੇਤੀ-ਆਧਾਰਿਤ ਉਦਯੋਗਾਂ ਨੂੰ ਮਜ਼ਬੂਤ ਬਣਾਉਣ ਲਈ ਨਿਰੰਤਰ ਯਤਨਸ਼ੀਲ ਹੈ।
ਸਈਦ ਮੁਹੰਮਦ ਆਦਿਲ ਅਮੀਰ ਨੇ ਸੰਸਥਾ ਵੱਲੋਂ ਵਿਕਸਤ ਕੀਤੀਆਂ ਨਵੀਨਤਾਕਾਰੀ ਤਕਨਾਲੋਜੀਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਵਾਢੀ ਤੋਂ ਬਾਅਦ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਅਤੇ ਖੇਤੀ ਉਤਪਾਦਾਂ ਵਿੱਚ ਮੁੱਲ ਵਾਧਾ ਕਰਨ ਲਈ ਆਈਸੀਏਆਰ-ਸੀਆਈਪੀਐਚਈਟੀ ਦਾ ਯੋਗਦਾਨ ਕਾਬਿਲ-ਏ-ਤਾਰੀਫ਼ ਹੈ। ਉਨ੍ਹਾਂ ਤਕਨਾਲੋਜੀ ਵਿਕਾਸ, ਸਮਰੱਥਾ ਨਿਰਮਾਣ, ਖੋਜ ਅਤੇ ਗਿਆਨ ਦੇ ਆਦਾਨ-ਪ੍ਰਦਾਨ ਦੇ ਖੇਤਰਾਂ ਵਿੱਚ ਮਾਰੀਸ਼ਸ ਗਣਰਾਜ ਅਤੇ ਆਈਸੀਏਆਰ-ਸੀਆਈਪੀਐਚਈਟੀ ਦਰਮਿਆਨ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਇੱਛਾ ਪ੍ਰਗਟਾਈ। ਇਸ ਮੌਕੇ ਕੋਫੇਮ ਦੇ ਪ੍ਰਧਾਨ ਗੁਰਵੰਤ ਸਿੰਘ ਨੇ ਸੰਸਥਾ ਵੱਲੋਂ ਤਕਨਾਲੋਜੀ ਅਪਣਾਉਣ, ਉੱਦਮਤਾ ਨੂੰ ਉਤਸ਼ਾਹਿਤ ਕਰਨ ਤੇ ਬਾਜ਼ਾਰ ਨਾਲ ਜੋੜ ਬਣਾ ਕੇ ਕਿਸਾਨਾਂ ਨੂੰ ਮਜ਼ਬੂਤ ਕਰਨ ਲਈ ਚਲਾਈਆਂ ਜਾ ਰਹੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ।
ਆਧੁਨਿਕ ਤਕਨਾਲੋਜੀ ਤੇ ਨਵੀਨਤਾਕਾਰੀ ਕਾਰੋਬਾਰੀ ਮਾਡਲਾਂ ਰਾਹੀਂ ਖੇਤੀਬਾੜੀ ਖੇਤਰ ਨੂੰ ਹੋਰ ਲਾਭਕਾਰੀ ਅਤੇ ਟਿਕਾਊ ਬਣਾਇਆ ਜਾ ਸਕਦਾ ਹੈ। ਡਾ. ਰਣਜੀਤ ਸਿੰਘ, ਮੁਖੀ, ਟੀਓਟੀ. ਡਿਵੀਜ਼ਨ, ਨੇ ਵਫ਼ਦ ਨੂੰ ਸੰਸਥਾ ਦੇ ਤਕਨਾਲੋਜੀ ਵਪਾਰੀਕਰਨ, ਇਨਕਿਊਬੇਸ਼ਨ ਅਤੇ ਸਟਾਰਟਅੱਪ ਸਹਾਇਤਾ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਇਸ ਦੌਰਾਨ ਵਫ਼ਦ ਨੇ ਸੰਸਥਾ ਦੇ ਇਨਕਿਊਬੇਟੀਜ਼ ਤੇ ਹੋਰ ਹਿੱਸੇਦਾਰਾਂ ਨਾਲ ਵੀ ਗੱਲ ਕੀਤੀ, ਜਿਨ੍ਹਾਂ ਨੇ ਤਕਨੀਕ ਅਪਣਾਉਣ ਤੇ ਸਫ਼ਲ ਉੱਦਮੀ ਬਣਨ ਦੇ ਅਨੁਭਵ ਸਾਂਝੇ ਕੀਤੇ। ਅੰਤ ’ਚ ਮਾਰੀਸ਼ਸ ਦੇ ਵਫ਼ਦ ਨੇ ਆਈਸੀਏਆਰ.-ਸੀਆਈਪੀਐੱਚਈਟੀ ਦੀਆਂ ਖੋਜ, ਨਵੀਨਤਾ ਤੇ ਤਕਨੀਕੀ ਵਪਾਰੀਕਰਨ ਨਾਲ ਸਬੰਧਤ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ ਅਤੇ ਟਿਕਾਊ ਖੇਤੀਬਾੜੀ ਵਿਕਾਸ ਲਈ ਦੋਵੇਂ ਦੇਸ਼ਾਂ ਵਿਚਕਾਰ ਭਵਿੱਖ ਵਿੱਚ ਸਾਂਝੇ ਖੋਜ ਪ੍ਰੋਜੈਕਟਾਂ, ਤਕਨਾਲੋਜੀ ਅਦਾਨ-ਪ੍ਰਦਾਨ ਅਤੇ ਸਮਰੱਥਾ ਨਿਰਮਾਣ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੀ ਆਸ ਪ੍ਰਗਟਾਈ। ਇਹ ਦੌਰਾ ਭਾਰਤ ਅਤੇ ਮਾਰੀਸ਼ਸ ਵਿਚਕਾਰ ਖੇਤੀਬਾੜੀ ਨਵੀਨਤਾ ਅਤੇ ਵਿਗਿਆਨਕ ਸਹਿਯੋਗ ਨੂੰ ਨਵੀਆਂ ਉਚਾਈਆਂ ਤੱਕ ਲਿਜਾਣ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਇਆ।