
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਹਿਮ ਖ਼ਬਰ-ਰਾਹੋਂ ਰੋਡ ਦੀ ਬਦਹਾਲੀ ਖ਼ਿਲਾਫ਼ ਮਨੁੱਖੀ ਅਧਿਕਾਰ ਕਮਿਸ਼ਨਾਂ ਦਾ ਦਰਵਾਜ਼ਾ ਖੜਕਾਇਆ

ਸੁਰੇਸ਼ ਕੁਮਾਰ, ਪੰਜਾਬੀ ਜਾਗਰਣ, ਲੁਧਿਆਣਾ
ਇੱਥੋਂ ਰਾਹੋਂ ਰੋਡ ਦੀ ਲੰਬੇ ਸਮੇਂ ਤੋਂ ਚੱਲ ਰਹੀ ਬਦਹਾਲੀ ਤੇ ਇਸ ਕਾਰਨ ਰੋਜ਼ਾਨਾ ਵਾਪਰ ਰਹੇ ਹਾਦਸਿਆਂ 'ਤੇ ਲੋਕਾਂ ਨੂੰ ਗੰਭੀਰ ਸਮੱਸਿਆਵਾਂ ਨੂੰ ਲੈ ਕੇ ਐਡਵੋਕੇਟ ਲਵਪ੍ਰੀਤ ਅਹੀਰ ਨੇ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਚੰਡੀਗੜ੍ਹ ਅਤੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦਿੱਲੀ ਕੋਲ ਲਿਖਤੀ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਐਡਵੋਕੇਟ ਅਹੀਰ ਨੇ ਕਿਹਾ ਕਿ ਰਾਹੋਂ ਰੋਡ ਦੀ ਹਾਲਤ ਲੰਮੇ ਸਮੇਂ ਤੋਂ ਬੇਹੱਦ ਖ਼ਰਾਬ ਬਣੀ ਹੋਈ ਹੈ। ਸੜਕ ’ਤੇ ਥਾਂ-ਥਾਂ ਡੂੰਘੇ ਖੱਡੇ, ਸੀਵਰੇਜ ਤੇ ਡਰੇਨੇਜ ਦੀ ਸਮੱਸਿਆ ਤੇ ਸੜਕ ਦੀ ਢੁੱਕਵੀਂ ਸਾਂਭ-ਸੰਭਾਲ ਨਾ ਹੋਣ ਕਾਰਨ ਲੋਕਾਂ ਨੂੰ ਹਰ ਰੋਜ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸੜਕ ਦੀ ਬਦਹਾਲੀ ਹੁਣ ਸਿਰਫ਼ ਆਵਾਜਾਈ ਦੀ ਸਮੱਸਿਆ ਨਹੀਂ ਰਹੀ, ਸਗੋਂ ਇਹ ਲੋਕਾਂ ਦੀ ਜਾਨ ਅਤੇ ਸੁਰੱਖਿਆ ਲਈ ਗੰਭੀਰ ਖ਼ਤਰਾ ਬਣ ਚੁੱਕੀ ਹੈ। ਕੱਲ੍ਹ ਵਾਪਰਿਆ ਹਾਦਸਾ ਇਸ ਗੰਭੀਰ ਸਮੱਸਿਆ ਦੀ ਤਾਜ਼ਾ ਮਿਸਾਲ ਹੈ। ਇਕ ਮਹਿਲਾ ਹਸਪਤਾਲ ਤੋਂ ਨਵਜੰਮੇ ਬੱਚੇ ਸਮੇਤ ਡਿਸਚਾਰਜ ਹੋਣ ਉਪਰੰਤ ਈ-ਰਿਕਸ਼ਾ ਰਾਹੀਂ ਘਰ ਵਾਪਸ ਜਾ ਰਹੀ ਸੀ। ਰਾਹੋਂ ਰੋਡ ’ਤੇ ਪਏ ਖੱਡੇ ਕਾਰਨ ਈ-ਰਿਕਸ਼ਾ ਪਲਟ ਗਿਆ ਤੇ ਮਹਿਲਾ ਹਾਦਸੇ ਦਾ ਸ਼ਿਕਾਰ ਹੋ ਗਈ। ਹਸਪਤਾਲ ਤੋਂ ਨਵਜੰਮੇ ਬੱਚੇ ਨਾਲ ਘਰ ਪਰਤ ਰਹੀ ਮਾਂ ਨਾਲ ਇਸ ਤਰ੍ਹਾਂ ਦਾ ਹਾਦਸਾ ਵਾਪਰਨਾ ਬੇਹੱਦ ਚਿੰਤਾਜਨਕ ਹੈ। ਅਹੀਰ ਨੇ ਕਿਹਾ ਕਿ ਮਨੁੱਖੀ ਅਧਿਕਾਰ ਕਮਿਸ਼ਨਾਂ ਕੋਲ ਕੀਤੀਆਂ ਗਈਆਂ ਇਹ ਸ਼ਿਕਾਇਤਾਂ ਉਨ੍ਹਾਂ ਵੱਲੋਂ ਅਪਣਾਇਆ ਆਖਰੀ ਕਾਨੂੰਨੀ ਰਾਹ ਹਨ। ਹੁਣ ਤੱਕ ਉਹ ਸਰਕਾਰ ਅਤੇ ਪ੍ਰਸ਼ਾਸਨ ਤੱਕ ਲੋਕਾਂ ਦੀ ਆਵਾਜ਼ ਕਾਨੂੰਨੀ ਅਤੇ ਲੋਕਤੰਤਰਿਕ ਢੰਗ ਨਾਲ ਪਹੁੰਚਾਉਂਦੇ ਰਹੇ ਹਨ। ਉਨ੍ਹਾਂ ਸਪੱਸ਼ਟ ਚਿਤਾਵਨੀ ਦਿੱਤੀ ਕਿ ਜੇਕਰ ਫਿਰ ਵੀ ਪੰਜਾਬ ਸਰਕਾਰ ਤੇ ਸਬੰਧਤ ਵਿਧਾਇਕ ਵੱਲੋਂ ਰਾਹੋਂ ਰੋਡ ਦੀ ਸਮੱਸਿਆ ਦਾ ਕੋਈ ਠੋਸ ਤੇ ਸਥਾਈ ਹੱਲ ਨਾ ਕੀਤਾ ਤਾਂ ਲੋਕਾਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਰਾਹੋਂ ਰੋਡ ’ਤੇ ਰਹਿਣ ਵਾਲੇ ਤੇ ਇੱਥੋਂ ਲੰਘਣ ਵਾਲੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਤੇ ਉਨ੍ਹਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ।