- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਨ ਲੀਡ 1 ਨੰਬਰ ਲੋਕਲ-ਹਰਜਿੰਦਰ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਹਾਈਵੇ ’ਤੇ ਧਰਨਾ, ਲੁਧਿਆਣਾ-ਦਿੱਲੀ ਮਾਰਗ ਜਾਮ

-ਧਰਨੇ ਦੌਰਾਨ ਦੋਵੇਂ ਪਾਸੇ ਲੱਗੀਆਂ ਵਾਹਨਾਂ ਦੀਆਂ ਕਤਾਰਾਂ, ਕਾਤਲਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਵੇਗਾ ਸਸਕਾਰ : ਪਰਿਵਾਰਕ ਮੈਂਬਰ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਸੁਤੰਤਰ ਨਗਰ ਇਲਾਕੇ ਵਿੱਚ ਸ਼ੁੱਕਰਵਾਰ ਦੇਰ ਰਾਤ ਗੋਲੀਆਂ ਮਾਰ ਕੇ 25 ਸਾਲਾ ਪ੍ਰਾਪਰਟੀ ਕਾਰੋਬਾਰੀ ਹਰਜਿੰਦਰ ਸਿੰਘ ਦੇ ਕਤਲ ਤੋਂ ਬਾਅਦ ਐਤਵਾਰ ਨੂੰ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਵਾਸੀਆਂ ਨੇ ਬਸਤੀ ਜੋਧੇਵਾਲ ਚੌਕ ਨੇੜੇ ਲੁਧਿਆਣਾ-ਦਿੱਲੀ ਹਾਈਵੇ ’ਤੇ ਜ਼ਬਰਦਸਤ ਢੰਗ ਨਾਲ ਧਰਨਾ ਲਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਧਰਨੇ ਕਾਰਨ ਹਾਈਵੇ ਦੇ ਦੋਵੇਂ ਪਾਸੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਅਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗਣ ਕਾਰਨ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪਈ। ਧਰਨੇ ਵਿੱਚ ਕਰੀਬ 200 ਲੋਕ ਸ਼ਾਮਲ ਹੋਏ। ਪਰਿਵਾਰਕ ਮੈਂਬਰਾਂ ਨੇ ਸਪੱਸ਼ਟ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਹਰਜਿੰਦਰ ਸਿੰਘ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਮ੍ਰਿਤਕ ਦਾ ਸਸਕਾਰ ਨਹੀਂ ਕਰਨਗੇ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਪੁਲਿਸ ਕਾਤਲਾਂ ਨੂੰ ਜਲਦ ਕਾਬੂ ਕਰਕੇ ਪਰਿਵਾਰ ਨੂੰ ਇਨਸਾਫ਼ ਦਿਵਾਏ।
-ਬਾਕਸ-
-ਦੋਸਤ ਨਾਲ ਪੁਰਾਣੀ ਰੰਜਿਸ਼ ਬਣੀ ਕਤਲ ਦੀ ਵਜਾ
ਪੁਲਿਸ ਮੁਤਾਬਕ ਹਰਜਿੰਦਰ ਸਿੰਘ ਸ਼ੁੱਕਰਵਾਰ ਰਾਤ ਸਰਾਭਾ ਨਗਰ ਇਲਾਕੇ ਵਿੱਚ ਦੋਸਤਾਂ ਨਾਲ ਖਾਣਾ ਖਾਣ ਤੋਂ ਬਾਅਦ ਘਰ ਵਾਪਸ ਜਾ ਰਿਹਾ ਸੀ। ਇਸ ਦੌਰਾਨ ਸੁਤੰਤਰ ਨਗਰ ਵਿੱਚ ਕਾਰ ਸਵਾਰ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ ਅਤੇ ਗੋਲੀਆਂ ਚਲਾ ਦਿੱਤੀਆਂ। ਹਰਜਿੰਦਰ ਦੇ ਸਰੀਰ ਵਿੱਚ ਕਰੀਬ ਪੰਜ ਗੋਲੀਆਂ ਲੱਗੀਆਂ। ਗੰਭੀਰ ਹਾਲਤ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਥਾਣਾ ਟਿੱਬਾ ਦੇ ਐੱਸਐੱਚਓ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਕਤਲ ਦੀ ਮੁੱਢਲੀ ਵਜ੍ਹਾ ਹਰਜਿੰਦਰ ਦੇ ਦੋਸਤ ਦੀ ਮੁਲਜ਼ਮ ਧਿਰ ਨਾਲ ਚੱਲ ਰਹੀ ਪੁਰਾਣੀ ਰੰਜਿਸ਼ ਸਾਹਮਣੇ ਆਈ ਹੈ। ਪੁਲਿਸ ਅਨੁਸਾਰ ਵਿਰੋਧੀ ਧਿਰ ਦੇ ਮੈਂਬਰਾਂ ਖ਼ਿਲਾਫ਼ ਮਈ ਮਹੀਨੇ ਵਿੱਚ ਵੀ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਹੋਇਆ ਸੀ ਅਤੇ ਇਸ ਮਾਮਲੇ ਵਿੱਚ ਮੁਲਜ਼ਮ ਅਮਨਦੀਪ ਕਾਕੂ ਨੂੰ ਕਰੀਬ ਇੱਕ ਹਫ਼ਤਾ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੁਲਿਸ ਮੁਤਾਬਕ ਹਰਜਿੰਦਰ ਨੇ ਇਸ ਮਾਮਲੇ ਵਿੱਚ ਵਿਚੋਲਗੀ ਕੀਤੀ ਸੀ। ਅਮਨਦੀਪ ਕਾਕੂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਵਿਰੋਧੀ ਧਿਰ ਨੂੰ ਸ਼ੱਕ ਸੀ ਕਿ ਉਸ ਦੀ ਗ੍ਰਿਫ਼ਤਾਰੀ ਹਰਜਿੰਦਰ ਦੀਆਂ ਕੋਸ਼ਿਸ਼ਾਂ ਨਾਲ ਸੰਭਵ ਹੋਈ ਹੈ। ਇਸੇ ਰੰਜਿਸ਼ ਕਾਰਨ ਬਦਲਾ ਲੈਣ ਦੀ ਨੀਅਤ ਨਾਲ ਹਰਜਿੰਦਰ ਨੂੰ ਨਿਸ਼ਾਨਾ ਬਣਾਇਆ ਗਿਆ।
-ਬਾਕਸ-
ਪੰਜ ਮੁਲਜ਼ਮਾਂ ਦੀ ਪਛਾਣ, ਦੋ ਹੋਰ ਸਾਥੀ ਅਜੇ ਅਣਪਛਾਤੇ
ਪੁਲਿਸ ਨੇ ਕਤਲ ਮਾਮਲੇ ਵਿੱਚ ਪੰਜ ਸ਼ੱਕੀ ਮੁਲਜ਼ਮਾਂ ਦੀ ਪਛਾਣ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ਵਿੱਚ ਰਵੀ, ਬੌਬੀ, ਮੋਹਿਤ, ਸਨੀ ਅਤੇ ਭੀਲੂ ਸ਼ਾਮਲ ਹਨ, ਜਦਕਿ ਦੋ ਹੋਰ ਕਥਿਤ ਸਾਥੀਆਂ ਦੀ ਪਛਾਣ ਅਜੇ ਨਹੀਂ ਹੋ ਸਕੀ। ਪੁਲਿਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ। ਧਰਨੇ ਦੀ ਸੂਚਨਾ ਮਿਲਣ ’ਤੇ ਥਾਣਾ ਟਿੱਬਾ ਅਤੇ ਥਾਣਾ ਬਸਤੀ ਜੋਧੇਵਾਲ ਦੀਆਂ ਪੁਲਿਸ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਕੇ ਮਾਹੌਲ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।
-ਬਾਕਸ-
-ਸੀਸੀਟੀਵੀ ’ਚ ਕੈਦ ਹੋਈ ਕਤਲ ਦੀ ਖੌਫਨਾਕ ਤਸਵੀਰ, ਪਰਿਵਾਰ ਨੇ ਕੀਤੀ ਐਨਕਾਊਂਟਰ ਦੀ ਮੰਗ
ਹਰਜਿੰਦਰ ਸਿੰਘ ਦੇ ਕਤਲ ਨਾਲ ਸਬੰਧਤ ਇੱਕ ਹੋਰ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਹਮਲਾਵਰਾਂ ਵੱਲੋਂ ਉਸ ’ਤੇ ਕੀਤੇ ਗਏ ਬੇਰਹਿਮ ਹਮਲੇ ਦੀਆਂ ਤਸਵੀਰਾਂ ਕੈਦ ਹੋਈਆਂ ਦੱਸੀਆਂ ਜਾ ਰਹੀਆਂ ਹਨ। ਵੀਡੀਓ ’ਚ ਦਿਖਾਈ ਦਿੰਦਾ ਹੈ ਕਿ ਹਮਲਾਵਰਾਂ ਨੇ ਪਹਿਲਾਂ ਹਰਜਿੰਦਰ ਨੂੰ ਗੋਲੀਆਂ ਮਾਰੀਆਂ ਅਤੇ ਉਸ ਦੇ ਡਿੱਗਣ ਤੋਂ ਬਾਅਦ ਵੀ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਰਹੇ। ਵੀਡੀਓ ਵਿੱਚ ਹਮਲਾਵਰਾਂ ਦੀਆਂ ਗੱਲਾਂ ਵੀ ਸੁਣਾਈ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਦਾ ਗੁੱਸਾ ਹੋਰ ਵਧ ਗਿਆ ਹੈ। ਪਰਿਵਾਰ ਨੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੇ ਨਾਲ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪਰਿਵਾਰਕ ਮੈਂਬਰਾਂ ਨੇ ਇੱਥੋਂ ਤੱਕ ਕਿਹਾ ਕਿ ਇਨ੍ਹਾਂ ਹਮਲਾਵਰਾਂ ਨੂੰ ਜਿਊਂਦੇ ਰਹਿਣ ਦਾ ਹੱਕ ਨਹੀਂ ਅਤੇ ਪੁਲਿਸ ਮੁਕਾਬਲੇ ਵਿੱਚ ਉਨ੍ਹਾਂ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ।
-ਬਾਕਸ-
-ਦੋਵੇਂ ਪਾਸੇ ਲੱਗੇ ਭਾਰੀ ਜਾਮ ਤੋਂ ਲੋਕ ਸਾਰਾ ਦਿਨ ਰਹੇ ਪਰੇਸ਼ਾਨ
ਬਸਤੀ ਜੋਧੇਵਾਲ ਚੌਕ ਨੇੜੇ ਲੁਧਿਆਣਾ-ਦਿੱਲੀ ਮੁੱਖ ਹਾਈਵੇ ’ਤੇ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਵਾਸੀਆਂ ਵੱਲੋਂ ਲਗਾਏ ਧਰਨੇ ਕਾਰਨ ਲੱਗੇ ਭਾਰੀ ਜਾਮ ਨੇ ਐਮਰਜੈਂਸੀ ਸੇਵਾਵਾਂ ਨੂੰ ਵੀ ਪ੍ਰਭਾਵਿਤ ਕਰ ਦਿੱਤਾ। ਹਾਈਵੇ ਦੇ ਦੋਵੇਂ ਪਾਸਿਆਂ ਆਵਾਜਾਈ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਆਕਸੀਜਨ ਲੱਗੇ ਇੱਕ ਮਰੀਜ਼ ਨੂੰ ਹਸਪਤਾਲ ਲੈ ਕੇ ਜਾ ਰਹੀ ਐਂਬੂਲੈਂਸ ਵੀ ਜਾਮ ਵਿਚ ਫਸ ਗਈ। ਦੱਸਿਆ ਜਾ ਰਿਹਾ ਹੈ ਕਿ ਐਂਬੂਲੈਂਸ ਡਰਾਈਵਰ ਨੇ ਕੁਝ ਸਮੇਂ ਤੱਕ ਰਾਹ ਖੁੱਲ੍ਹਣ ਦੀ ਉਡੀਕ ਕੀਤੀ ਪਰ ਜਦੋਂ ਅੱਗੇ ਜਾਣ ਲਈ ਰਸਤਾ ਨਹੀਂ ਮਿਲਿਆ ਤਾਂ ਉਸ ਨੂੰ ਐਂਬੂਲੈਂਸ ਵਾਪਸ ਮੋੜਨੀ ਪਈ। ਇਸ ਤੋਂ ਬਾਅਦ ਮਰੀਜ਼ ਨੂੰ ਕਿਸੇ ਹੋਰ ਰਸਤੇ ਰਾਹੀਂ ਹਸਪਤਾਲ ਲਿਜਾਂਦਾ ਗਿਆ। ਆਕਸੀਜਨ ’ਤੇ ਮਰੀਜ਼ ਹੋਣ ਕਾਰਨ ਪਰਿਵਾਰਕ ਮੈਂਬਰਾਂ ਵਿੱਚ ਵੀ ਚਿੰਤਾ ਦਾ ਮਾਹੌਲ ਬਣਿਆ ਰਿਹਾ। ਧਰਨੇ ਕਾਰਨ ਲੁਧਿਆਣਾ-ਦਿੱਲੀ ਹਾਈਵੇ ਦੇ ਦੋਵੇਂ ਪਾਸਿਆਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਇਸ ਦਾ ਅਸਰ ਆਲੇ-ਦੁਆਲੇ ਦੀਆਂ ਸੜਕਾਂ ਅਤੇ ਗਲੀਆਂ ’ਤੇ ਵੀ ਪਿਆ ਅਤੇ ਉੱਥੇ ਵੀ ਭਾਰੀ ਜਾਮ ਲੱਗ ਗਏ। ਆਮ ਲੋਕਾਂ ਦੇ ਨਾਲ-ਨਾਲ ਐਮਰਜੈਂਸੀ ਕੰਮ ਲਈ ਜਾਣ ਵਾਲੇ ਲੋਕਾਂ ਨੂੰ ਵੀ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।