- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਸ਼ਿਵ ਮੰਦਰ ਈਸ਼ਰ ਨਗਰ ਵਿਖੇ ਜਾਰੀ ਪੰਜ ਰੋਜਾ ਭਗਵਾਨ ਸ਼ਿਵ ਕਥਾ ਸਮਾਪਤ

-ਮੰਦਰ ਈਸ਼ਰ ਨਗਰ ’ਚ ਪੰਜ ਦਿਨਾ ਭਗਵਾਨ ਸ਼ਿਵ ਕਥਾ ਸਮਾਪਤ, ਸ਼ਰਧਾਲੂਆਂ ਨੇ ਮਾਣਿਆ ਅਨੰਦ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੁਆਰਾ ਸ਼੍ਰੀ ਸ਼ਿਵ ਮੰਦਰ ਈਸ਼ਰ ਨਗਰ ਵਿਖੇ ਜਾਰੀ ਪੰਜ ਦਿਨਾ ਭਗਵਾਨ ਸ਼ਿਵ ਕਥਾ ਦੇ ਅੰਤਿਮ ਦਿਨ ਸਾਧਵੀ ਗਰਿਮਾ ਭਾਰਤੀ ਨੇ ਮਹਾਸ਼ਿਵਰਾਤਰੀ ਤਿਉਹਾਰ ’ਤੇ ਗੱਲ ਕਰਦਿਆਂ ਕਿਹਾ ਕਿ ਇਹ ਤਿਉਹਾਰ ਸ਼ਵ ਤੱਤ ਤੋਂ ਉੱਪਰ ਉੱਠ ਕੇ ਸ਼ਿਵ ਤੱਤ ਨੂੰ ਪ੍ਰਾਪਤ ਕਰਨ ਦਾ ਸੁਨੇਹਾ ਦਿੰਦਾ ਹੈ। ਭਗਵਾਨ ਸ਼ਿਵ ਦਾ ਮਾਤਾ ਪਾਰਵਤੀ ਦੇ ਨਾਲ ਵਿਆਹ ਕੋਈ ਸਾਧਾਰਨ ਵਿਆਹ ਨਹੀਂ ਹੈ, ਸਗੋਂ ਆਤਮਾ ਦਾ ਪਰਮਾਤਮਾ ਨਾਲ ਮਿਲਣ ਹੈ। ਮਾਤਾ ਪਾਰਵਤੀ ਜੀਵਾਤਮਾ ਦਾ ਪ੍ਰਤੀਕ ਹਨ ਤੇ ਭਗਵਾਨ ਸ਼ਿਵ ਪਰਮਾਤਮਾ ਹਨ। ਹਰ ਜੀਵ ਆਤਮਾ ਪਰਮਾਤਮਾ ਨਾਲ ਪਾਰਵਤੀ ਦੀ ਤਰ੍ਹਾਂ ਮਿਲਣ ਲਈ ਵਿਆਕੁਲ ਹੈ। ਭਗਵਾਨ ਨੂੰ ਪਾਉਣ ਲਈ ਹਰੇਕ ਵਿਅਕਤੀ ਆਪਣੇ ਪੱਧਰ ’ਤੇ ਯਤਨ ਕਰ ਰਿਹਾ ਹੈ ਪਰ ਸਾਡੇ ਧਰਮ ਗ੍ਰੰਥ ਕਹਿੰਦੇ ਹਨ ਕਿ ਗੁਰੂ ਬਿਨਾਂ ਭਗਵਾਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦਾ ਮਿਲਨ ਮਹਾਰਿਸ਼ੀ ਨਾਰਦ ਰਾਹੀਂ ਸੰਭਵ ਹੋ ਸਕਿਆ। ਨਾਰਦ ਜੀ ਗੁਰੂ ਦੀ ਭੂਮਿਕਾ ਨੂੰ ਨਿਭਾਉਂਦੇ ਹਨ। ਸਾਡੇ ਹਰ ਧਰਮ ਗ੍ਰੰਥ ਵਿੱਚ ਗੁਰੂ ਦੀ ਮਹਿਮਾ ਦਾ ਵਿਆਖਿਆ ਕਰਦਿਆਂ ਕਿਹਾ ਕਿ ਗੁਰੂ ਇੱਕ ਮਾਧਿਅਮ ਹੈ ਜੋ ਆਤਮਾ ਦਾ ਮਿਲਨ ਪਰਮਾਤਮਾ ਨਾਲ ਕਰਵਾਉਂਦਾ ਹੈ। ਉਸ ਉਪਰੰਤ ਹੀ ਜੀਵਨ ਵਿੱਚ ਆਨੰਦ ਦੀ ਅਨੁਭੂਤੀ ਹੁੰਦੀ ਹੈ। ਜਿਵੇਂ ਸ਼ਿਵ ਤੇ ਪਾਰਵਤੀ ਦੇ ਮਿਲਣ ਉਪਰੰਤ ਕੈਲਾਸ਼ ’ਤੇ ਸਾਰੇ ਇਸ ਸ਼ੁਭ ਮੌਕੇ ’ਤੇ ਝੂਮ ਰਹੇ ਹਨ, ਨੱਚ ਰਹੇ ਹਨ। ਪਰ ਅੱਜ ਇਨਸਾਨ ਝੂਮਦਾ ਹੈ ਨਸ਼ੇ ’ਚ ਚੂਰ ਹੋ ਕੇ। ਅੱਜ ਨੌਜਵਾਨ ਹੋਵੇ, ਬਜ਼ੁਰਗ ਹੋਵੇ, ਹਰ ਵਰਗ ਦਾ ਵਿਅਕਤੀ ਨਸ਼ੇ ਦਾ ਸ਼ਿਕਾਰ ਹੋ ਗਿਆ ਹੈ। ਅੱਜ ਸਮਾਜ ਵਿੱਚ ਨੌਜਵਾਨ ਜੇਕਰ ਹਿੰਸਾ ਦੇ ਮਾਰਗ ’ਤੇ ਅਗਰਸਰ ਹੋ ਰਿਹਾ ਹੈ ਤਾਂ ਕਾਰਨ ਨਸ਼ਾ ਹੈ। ਸਮਾਜ ਵਿੱਚ ਨੈਤਿਕ ਮੁੱਲਾਂ ਦਾ ਅਭਾਵ ਹੈ, ਭ੍ਰਿਸ਼ਟਾਚਾਰ, ਵਿਭਚਾਰ, ਯੌਨ ਉਤਪੀੜਨ ਦੀ ਪ੍ਰਵਿਰਤੀ ਵਧਦੀ ਚਲੀ ਜਾ ਰਹੀ ਹੈ ਤਾਂ ਉਸ ਦਾ ਕਾਰਨ ਵੀ ਨਸ਼ਾ ਹੈ। ਨਸ਼ੇ ਦਾ ਅਰਥ ਹੀ ਹੈ ਜਿਸ ਵਿੱਚ ਛਿਣ ਮਾਤਰ ਦੀ ਵੀ ਸ਼ਾਂਤੀ ਨਹੀਂ ਹੈ। ਸ਼ਾਂਤੀ ਕੇਵਲ ਮਾਤਰ ਪ੍ਰਭੂ ਦੇ ਨਾਮ ਰੂਪੀ ਅੰਮ੍ਰਿਤ ਵਿੱਚ ਹੈ। ਭਗਵਾਨ ਸ਼ਿਵ ਦੇ ਵਿਆਹ ’ਚ ਨੰਦੀ, ਭੂਤ ਪ੍ਰੇਤ ਗਣ ਜੇਕਰ ਮਸਤੀ ’ਚ ਝੂਮੇ ਤਾਂ ਇਹੀ ਨਾਮ ਦਾ ਨਸ਼ਾ ਹੀ ਕੀਤਾ ਸੀ ਪਰ ਅੱਜ ਸ਼ਰਾਬ, ਸਿਗਰਟ, ਧਤੂਰੇ, ਭੰਗ ਦਾ ਨਸ਼ਾ ਸ਼ਿਵਰਾਤਰੀ ਵਰਗੇ ਪਵਿੱਤਰ ਤਿਉਹਾਰਾਂ ’ਤੇ ਵੀ ਕਰਕੇ ਲੋਕ ਇਸ ਨੂੰ ਅਪਵਿੱਤਰ ਕਰ ਰਹੇ ਹਨ। ਭਗਵਾਨ ਸ਼ਿਵ ਦੀ ਕਿਰਪਾ ਨੂੰ ਜੇਕਰ ਪਾਉਣਾ ਹੈ ਤਾਂ ਉਸ ਈਸ਼ਵਰ ਦੇ ਨਾਮ ਦੇ ਨਸ਼ੇ ਨੂੰ ਕਰਨਾ ਹੋਵੇਗਾ ਜੋ ਕਦੇ ਸੰਸਾਰਿਕ ਨਸ਼ੇ ਦੀ ਤਰ੍ਹਾਂ ਕੁਝ ਪਲਾਂ ਤੋਂ ਬਾਅਦ ਨਹੀਂ ਉਤਰਦਾ ਹੈ। ਅੰਤਿਮ ਦਿਨ ਸ਼ਿਵ ਮੰਦਰ ਕਮੇਟੀ ਦੇ ਮੈਂਬਰ ਰਾਜੇਸ਼ ਗੁਪਤਾ, ਰਵਿੰਦਰ ਕੁਮਾਰ, ਨਰੇਸ਼ ਰਾਣਾ, ਦੀਪਕ ਕੁਮਾਰ, ਲਲਿਤ ਕੁਮਾਰ, ਜਗਪ੍ਰੀਤ ਰਾਏ, ਹੀਰਾ, ਹੈਪੀ ਕੁਮਾਰ, ਰਾਧੇ ਸ਼ਿਆਮ ਸ਼ਰਮਾ, ਵਿਸ਼ਾਲ ਕਾਲਰਾ, ਰਜਨੀਸ਼ ਕੁਮਾਰ, ਜੈਰੀ, ਮਨੋਜ ਭੰਡਾਰੀ, ਬਵਨੀਤ ਅਤੇ ਧੀਮਾਨ ਦੁਆਰਾ ਸਾਧਵੀ ਭੈਣਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ।