
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਦੋਂ ਮਹੀਨੇ ਦੀ ਸੰਗਰਾਂਦ ਮੌਕੇ ਜਵੱਦੀ ਟਕਸਾਲ ਵਿਖੇ ਹੋਇਆ ਮਹੀਨਾਵਾਰ ਸਮਾਗਮ

-ਜਵੱਦੀ ਟਕਸਾਲ ’ਚ ਭਾਦੋਂ ਮਹੀਨੇ ਸੰਗਰਾਂਦ ਦੌਰਾਨ ਕਥਾ ਕੀਰਤਨ ਰਾਹੀਂ ਸੰਗਤ ਕੀਤੀ ਨਿਹਾਲ
ਫੋਟੋ ਨੰਬਰ-49
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਜਵੱਦੀ ਟਕਸਾਲ ਵਿਖੇ ਭਾਦੋਂ ਮਹੀਨੇ ਦੀ ਸੰਗਰਾਂਦ ਦੇ ਸ਼ੁੱਭ ਦਿਹਾੜੇ ਮੌਕੇ ਮਹੀਨਾਵਾਰ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਤੇ ਗੁਰਬਾਣੀ ਦੀ ਰੌਸ਼ਨੀ ਵਿੱਚ ਮਨੁੱਖੀ ਜੀਵਨ ਦੇ ਅਸਲ ਉਦੇਸ਼ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਸੰਤ ਬਾਬਾ ਅਮੀਰ ਸਿੰਘ ਨੇ ਭਾਦੋਂ ਮਹੀਨੇ ਦੇ ਸੰਦਰਭ ਵਿੱਚ ਮਨੁੱਖ ਮਾਤਰ ਨੂੰ ਮੌਤ ਦੀ ਅਟੱਲਤਾ, ਸੰਸਾਰਕ ਮੋਹ-ਮਾਇਆ ਤੇ ਪਰਿਵਾਰਕ ਰਿਸ਼ਤਿਆਂ ਦੀ ਅਸਥਿਰਤਾ ਬਾਰੇ ਸੁਚੇਤ ਕਰਦਿਆਂ ਕਿਹਾ ਕਿ ਗੁਰੂ ਸਾਹਿਬਾਨ ਨੇ ਮਨੁੱਖ ਨੂੰ ਪ੍ਰਭੂ-ਨਾਮ ਦੇ ਮੂਲ ਤੱਤ ਨੂੰ ਜਾਣਨ ਅਤੇ ਪਛਾਣਨ ਲਈ ਪ੍ਰੇਰਣਾ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਜਿਸ ਮਨੁੱਖ ਨੇ ਮਨੁੱਖਾ ਜੀਵਨ ਦੇ ਮਿਲੇ ਕੀਮਤੀ ਮੌਕੇ ਨੂੰ ਗਵਾ ਲਿਆ, ਉਸ ਦੀ ਹਾਲਤ ਭਾਦੋਂ ਮਹੀਨੇ ਨਾਲ ਕੀਤੀ ਗੁਰਬਾਣੀ ਦੀ ਉਪਮਾ ਵਾਂਗ ਭਰਮਾਊ ਗੇੜਾਂ ਵਿੱਚ ਫਸ ਜਾਣ ਵਾਲੀ ਹੋ ਜਾਂਦੀ ਹੈ। ਉਨ੍ਹਾਂ ਗੁਰਬਾਣੀ ਦੇ ਵੱਖ-ਵੱਖ ਸ਼ਬਦਾਂ ਦੇ ਹਵਾਲੇ ਦਿੰਦਿਆਂ ਸੰਗਤਾਂ ਨੂੰ ਜੀਵਨ ਦੇ ਸੁਖਮ ਰਮਜ਼ਾਂ ਅਤੇ ਆਚਰਣਕ ਗੁਣਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਸਰੀਰ ਨਾਸ਼ਵਾਨ ਹੈ ਤੇ ਇਕ ਦਿਨ ਹਰ ਜੀਵ ਨੇ ਇਸ ਸੰਸਾਰ ਤੋਂ ਰੁਖ਼ਸਤ ਹੋਣਾ ਹੈ। ਉਸ ਅੰਤਲੇ ਸਮੇਂ ਸੰਸਾਰਕ ਮੋਹ-ਮਾਇਆ ਅਤੇ ਰਿਸ਼ਤੇ ਮਨੁੱਖ ਦਾ ਸਾਥ ਨਹੀਂ ਨਿਭਾਅ ਸਕਦੇ।
ਸੰਤ ਬਾਬਾ ਅਮੀਰ ਸਿੰਘ ਨੇ ਕਿਹਾ ਕਿ ਮਨੁੱਖ ਆਪਣੇ ਜੀਵਨ ਦੌਰਾਨ ਸੰਸਾਰਕ ਮੋਹ ਵਿਚ ਇੰਨਾ ਗ੍ਰਸਤ ਹੋ ਜਾਂਦਾ ਹੈ ਕਿ ਉਹ ਆਪਣੇ ਜੀਵਨ ਦੇ ਅਸਲ ਉਦੇਸ਼ ਵੱਲ ਧਿਆਨ ਨਹੀਂ ਦੇ ਪਾਉਂਦਾ। ਜਦੋਂ ਅੰਤਲਾ ਸਮਾਂ ਆਉਂਦਾ ਹੈ ਤਾਂ ਉਸ ਨੂੰ ਆਪਣੇ ਗੁਆਏ ਹੋਏ ਮੌਕੇ ਦਾ ਅਹਿਸਾਸ ਹੁੰਦਾ ਹੈ, ਪਰ ਉਸ ਵੇਲੇ ਪਛਤਾਉਣ ਨਾਲ ਕੁੱਝ ਹਾਸਲ ਨਹੀਂ ਹੁੰਦਾ। ਇਸ ਲਈ ਮਨੁੱਖ ਨੂੰ ਜੀਵਨ ਰਹਿੰਦਿਆਂ ਹੀ ਗੁਰੂ ਦੀ ਸਿੱਖਿਆ ਅਨੁਸਾਰ ਆਪਣਾ ਜੀਵਨ ਸਫਲ ਬਣਾਉਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਰਮੇਸ਼ਰ ਵੱਲੋਂ ਮਿਲਿਆ ਮਨੁੱਖਾ ਸਰੀਰ ਇਕ ਅਜਿਹਾ ਖੇਤ ਹੈ, ਜਿਸ ਵਿੱਚ ਮਨੁੱਖ ਆਪਣੇ ਕਰਮਾਂ ਦੇ ਬੀਜ ਬੀਜਦਾ ਹੈ ਅਤੇ ਉਨ੍ਹਾਂ ਦੇ ਅਨੁਸਾਰ ਹੀ ਫਲ ਪ੍ਰਾਪਤ ਕਰਦਾ ਹੈ। ਇਸ ਲਈ ਮਨੁੱਖ ਨੂੰ ਆਪਣੇ ਕਰਮਾਂ ਪ੍ਰਤੀ ਸੁਚੇਤ ਰਹਿੰਦਿਆਂ ਨਾਮ ਸਿਮਰਨ, ਗੁਰਬਾਣੀ ਅਤੇ ਗੁਰਮਤਿ ਦੇ ਮਾਰਗ ’ਤੇ ਚੱਲਣਾ ਚਾਹੀਦਾ ਹੈ। ਸੰਤ ਬਾਬਾ ਅਮੀਰ ਸਿੰਘ ਨੇ ਜ਼ੋਰ ਦਿੰਦਿਆਂ ਕਿਹਾ ਕਿ ਗੁਰਬਾਣੀ ਦਾ ਸ਼ਬਦ ਹੀ ਸੰਸਾਰ-ਸਾਗਰ ਤੋਂ ਪਾਰ ਲੰਘਾਉਣ ਵਾਲਾ ਜਹਾਜ਼ ਹੈ। ਜਿਹੜਾ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸੱਚਾ ਰੂਹਾਨੀ ਪੱਥ-ਪ੍ਰਦਰਸ਼ਕ ਮੰਨ ਕੇ ਉਨ੍ਹਾਂ ਦੀ ਅਗਵਾਈ ਵਿੱਚ ਜੀਵਨ ਬਤੀਤ ਕਰਦਾ ਹੈ, ਉਹ ਭਰਮ ਅਤੇ ਮੋਹ-ਮਾਇਆ ਦੇ ਗੇੜਾਂ ਵਿੱਚ ਨਹੀਂ ਫਸਦਾ।
ਉਨ੍ਹਾਂ ਕਿਹਾ ਕਿ ਗੁਰੂ ਦੀ ਸਿੱਖਿਆ ਮਨੁੱਖ ਨੂੰ ਜੀਵਨ ਦੀ ਅਸਲੀਅਤ ਸਮਝਣ ਤੇ ਪਰਮਾਤਮਾ ਨਾਲ ਜੁੜਨ ਦਾ ਰਸਤਾ ਦਿਖਾਉਂਦੀ ਹੈ। ਮਿਲੀ ਜਾਣਕਾਰੀ ਅਨੁਸਾਰ ਮਹਾਂਪੁਰਖਾਂ ਦੀ 24ਵੀਂ ਸਾਲਾਨਾ ਯਾਦ ਨੂੰ ਸਮਰਪਿਤ ਰੋਜ਼ਾਨਾ ਸ਼ਾਮ 8 ਵਜੇ ਤੋਂ ਰਾਤ 9:15 ਵਜੇ ਤੱਕ ਨਾਮ ਸਿਮਰਨ ਸਮਾਗਮ ਕਰਵਾਇਆ ਜਾਂਦਾ ਹੈ। ਇਸ ਦੌਰਾਨ ਸੰਗਤਾਂ ਵੱਲੋਂ ਗੁਰਬਾਣੀ ਕੀਰਤਨ ਤੇ ਨਾਮ ਸਿਮਰਨ ਵਿੱਚ ਸ਼ਮੂਲੀਅਤ ਕੀਤੀ ਜਾਂਦੀ ਹੈ। ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਸੰਗਤਾਂ ਨੇ ਸ਼ਰਧਾ ਨਾਲ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।