- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਨੂੰ ਸ਼ਰਧਾਂਜਲੀ ਦੇਣ ਵਾਲੇ ਭਾਜਪਾ ਆਗੂਆਂ ਖ਼ਿਲਾਫ਼ ਆਪ ਵੱਲੋਂ ਰੋਸ ਪ੍ਰਦਰਸ਼ਨ

-‘ਆਪ’ ਆਗੂਆਂ ਨੇ ਭਾਜਪਾ ਤੇ ਕਾਂਗਰਸ ’ਤੇ ਸਿੱਖ ਦੰਗਾ ਪੀੜਤਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਦਾ ਲਾਇਆ ਦੋਸ਼
27,28,29, 31, 32
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਤਿੰਨ ਸੰਸਦ ਮੈਂਬਰਾਂ ਰਾਮਵੀਰ ਬਿਧੂੜੀ, ਯੋਗੇਂਦਰ ਚੰਦੋਲੀਆ ਅਤੇ ਕਮਲਜੀਤ ਸਹਿਰਾਵਤ ਵੱਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਦੀ ਸ਼ਰਧਾਂਜਲੀ ਸਭਾ ਵਿੱਚ ਸ਼ਮੂਲੀਅਤ ਕਰਨ ਦੇ ਵਿਰੋਧ ’ਚ ਮੰਗਲਵਾਰ ਨੂੰ ਲੁਧਿਆਣਾ ’ਚ ‘ਆਪ’ ਵੱਲੋਂ ਜ਼ਬਰਦਸਤ ਪ੍ਰਦਰਸ਼ਨ ਕੀਤਾ। ਲੁਧਿਆਣਾ ਸ਼ਹਿਰੀ ਪ੍ਰਧਾਨ ਤੇ ਵਿੱਤ ਕਮੇਟੀ ਦੇ ਚੇਅਰਮੈਨ ਜਤਿੰਦਰ ਖੰਗੂੜਾ ਦੀ ਅਗਵਾਈ ਵਿੱਚ ਭਾਜਪਾ ਦਫ਼ਤਰ ਵੱਲ ਮਾਰਚ ਕੱਢ ਕੇ ਰੋਸ ਮੁਜ਼ਾਹਰਾ ਕੀਤਾ ਅਤੇ ਵਰਕਰਾਂ ਨੇ ਭਾਜਪਾ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਭਾਜਪਾ ਦਫ਼ਤਰ ਦਾ ਘੇਰਾਓ ਕਰਨ ਲਈ ਜਾਣ ਸਮੇਂ ਆਪ ਆਗੂਆਂ ਤੇ ਵਰਕਰਕਾਂ ਦੀ ਪੁਲਿਸ ਨਾਲ ਝੜਪ ਹੋ ਗਈ। ਆਪ ਵਰਕਰਾਂ ਤੇ ਪੁਲਿਸ ਅਧਿਕਾਰੀਆਂ ਦੀ ਆਪਸ ਵਿੱਚ ਕਾ਼ਤੀ ਧੱਕਾਮੁੱਕੀ ਹੋਈ। ਆਪ ਵਰਕਰ ਪੁਲਿਸ ਵੱਲੋਂ ਲਾਈਆਂ ਰੋਕਾਂ ਨੂੰ ਤੋੜ ਕੇ ਭਾਜਪਾ ਦਫ਼ਤਰ ਦੇ ਬਾਹਰ ਪੁੱਜਣ ਵਿੱਚ ਕਾਮਯਾਬ ਹੋ ਗਏ। ਭਾਜਪਾ ਖਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਅੱਜ ਸਵੇਰ ਤੋਂ ਹੀ ‘ਆਪ’ ਦੇ ਆਗੂ ਤੇ ਵਰਕਰ ਗਿੱਲ ਰੋਡ ਦਾਣਾ ਮੰਡੀ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ। ਪੁਲਿਸ ਵੱਲੋਂ ਭਾਜਪਾ ਦਫ਼ਤਰ ਦੇ ਆਸ-ਪਾਸ ਬੈਰੀਕੇਡਿੰਗ ਕਰਕੇ ਰੋਕਾਂ ਲਾਈਆਂ ਗਈਆਂ ਸਨ। ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪਾਣੀ ਦੀਆਂ ਬੁਛਾੜਾ ਕਰਨ ਵਾਲੀ ਵਜ਼ਰਾ ਵੈਨ ਤੇ ਹੋਰ ਅਮਲਾ ਫੈਲਾ ਵੀ ਤਾਇਨਾਤ ਕੀਤਾ ਗਿਆ ਸੀ। ਦਾਦਾ ਮੰਡੀ ਵਿੱਚ ਇਕੱਠੇ ਹੋਏ ਆਪ ਆਗੂ ਤੇ ਵਰਕਰਾਂ ਨੇ ਭਾਜਪਾ ਦਫ਼ਤਰ ਵੱਲ ਵਧਣਾ ਸ਼ੁਰ
ਕਰ ਦਿੱਤਾ। ਜਿੰਨ੍ਹਾਂ ਨੂੰ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਰੋਕਣ ਲਈ ਕੋਸ਼ਿਸ਼ ਜੱਦੋ ਜ਼ਹਿਦ ਕੀਤੀ ਅਤੇ ਕਾਫ਼ੀ ਸਮਾਂ ਆਪ ਵਰਕਰਾਂ ਤੇ ਪੁਲਿਸ ਦਰਮਿਆਨ ਝੜਪ ਵੀ ਹੁੰਦੀ ਰਹੀ। ਆਖਰ ਆਪ ਆਗੂ ਤੇ ਵਰਕਰ ਪੁਲਿਸ ਨਾਲ ਧੱਕਾਮੁੱਕੀ ਕਰਦੇ ਭਾਜਪਾ ਦਫ਼ਤਰ ਦੇ ਬਾਹਰ ਪੁੱਜਣ ਵਿੱਚ ਕਾਮਯਾਬ ਹੋ ਗਏ। ਭਾਜਪਾ ਦਫ਼ਤਰ ਦੇ ਬਾਹਰ ਆਪ ਵਰਕਰਾਂ ਨੇ ਭਾਜਪਾ ਦੇ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਿਸ ਦੇ ਜਵਾਬ ਵਿੱਚ ਭਾਜਪਾ ਦਫ਼ਤਰ ਦੇ ਅੰਦਰ ਹਾਜ਼ਰ ਭਾਜਪਾਈਆਂ ਨੇ ਵੀ ਆਪ ਖਿਲਾਫ਼ ਖਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੁੂ ਕਰ ਦਿੱਤੀ। ਨਾਅਰੇਬਾਜ਼ੀ ਦਰਮਿਆਨ ਦੋਵੇਂ ਧਿਰਾਂ ਵੱਲੋਂ ਇੱਕ ਦੂਸਰੇ ਨੂੰ ਲਾਲਕਾਰੇ ਵੀ ਮਾਰੇ ਗਏ। ਸਥਿਤੀ ਕਾਫ਼ੀ ਤਣਾਅਪੂਰਨ ਬਣ ਗਈ। ਭਾਜਪਾਈਆਂ ਨੂੰ ਦਫ਼ਤਰ ਤੋਂ ਬਾਹਰ ਆਉਣ ਤੋਂ ਰੋਕਣ ਲਈ ਅਤੇ ਆਪ ਨੂੰ ਦਫ਼ਤਰ ਦੇ ਗੇਟ ਕੋਲ ਜਾਣ ਤੋਂ ਰੋਕਣ ਲਈ ਪੁਲਿਸ ਨੂੰ ਕਾਫ਼ੀ ਜੱਦੋ ਜ਼ਹਿਦ ਕਰਨੀ ਪਈ।
ਭਾਜਪਾ ਸੰਸਦ ਮੈਂਬਰਾਂ ਦੀ ਇਸ ਸ਼ਮੂਲੀਅਤ ਦੀ ਕਰੜੀ ਨਿੰਦਾ ਕਰਦਿਆਂ 'ਆਪ' ਆਗੂਆਂ ਨੇ ਕਿਹਾ ਕਿ 1984 ਦਾ ਕਤਲੇਆਮ ਸਿੱਖ ਪਰਿਵਾਰਾਂ ਲਈ ਇੱਕ ਕਦੇ ਨਾ ਭਰਣ ਵਾਲਾ ਜ਼ਖ਼ਮ ਹੈ ਅਤੇ ਸੱਜਣ ਕੁਮਾਰ ਨੂੰ ਸ਼ਰਧਾਂਜਲੀ ਦੇਣ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ। 'ਆਪ' ਨੇ ਮੰਗ ਕੀਤੀ ਕਿ ਭਾਜਪਾ ਆਪਣੇ ਤਿੰਨਾਂ ਸੰਸਦ ਮੈਂਬਰਾਂ ਖ਼ਿਲਾਫ਼ ਕਾਰਵਾਈ ਕਰੇ। ਪਾਰਟੀ ਨੇ ਸਵਾਲ ਕੀਤਾ ਕਿ ਜ਼ਿੰਮੇਵਾਰ ਜਨਤਕ ਅਹੁਦਿਆਂ 'ਤੇ ਬੈਠੇ ਚੁਣੇ ਹੋਏ ਨੁਮਾਇੰਦੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਵਿਅਕਤੀ ਦੇ ਘਰ ਜਾ ਕੇ ਉਸ ਨੂੰ ਸ਼ਰਧਾਂਜਲੀ ਕਿਵੇਂ ਦੇ ਸਕਦੇ ਹਨ। 'ਆਪ' ਆਗੂਆਂ, ਵਿਧਾਇਕਾਂ, ਕੌਂਸਲਰਾਂ, ਚੇਅਰਮੈਨਾਂ, ਡਾਇਰੈਕਟਰਾਂ ਅਤੇ ਪਾਰਟੀ ਅਹੁਦੇਦਾਰਾਂ ਨੇ ਸੱਜਣ ਕੁਮਾਰ ਦੇ ਅੰਤਿਮ ਸੰਸਕਾਰ/ਸ਼ਰਧਾਂਜਲੀ ਸਮਾਗਮ ਵਿੱਚ ਤਿੰਨ ਭਾਜਪਾ ਸੰਸਦ ਮੈਂਬਰਾਂ ਦੀ ਸ਼ਮੂਲੀਅਤ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ, ਲੁਧਿਆਣਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰ ਪਾਲ ਕੌਰ ਛੀਨਾ, ਹਲਕਾ ਸਮਰਾਲਾ ਤੋਂ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਅਤੇ ਹਲਕਾ ਦਾਖਾ ਦੇ ਹਲਕਾ ਇੰਚਾਰਜ ਡਾ. ਕੇਐਨਐਸ ਕੰਗ ਸਮੇਤ ਲੁਧਿਆਣਾ ਦਿਹਾਤੀ ਪ੍ਰਧਾਨ ਤੇਜਪਾਲ ਗਿੱਲ, ਗੁਰਦਰਸ਼ਨ ਘੁੱਲੀ, ਲੁਧਿਆਣਾ ਦਿਹਾਤੀ ਸਕੱਤਰ ਵਿਜੇ ਬੈਕਟਰ ਅਤੇ ਲੁਧਿਆਣਾ ਸ਼ਹਿਰੀ ਸੀਨੀਅਰ ਸਕੱਤਰ ਨਿਧੀ ਗੁਪਤਾ ਵੀ ਮੌਜੂਦ ਸਨ।
ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਨੇ ਕਿਹਾ ਪੰਜਾਬ ਗੁਰੂਆਂ, ਸੰਤਾਂ ਅਤੇ ਸ਼ਹੀਦਾਂ ਦੀ ਧਰਤੀ ਹੈ। 1984 ਦੇ ਕਤਲੇਆਮ ਤੋਂ ਪੀੜਤ ਸਿੱਖ ਪਰਿਵਾਰਾਂ ਦੇ ਦਰਦ ਨੂੰ ਠੇਸ ਪਹੁੰਚਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਪੰਜਾਬੀ ਬਰਦਾਸ਼ਤ ਨਹੀਂ ਕਰਨਗੇ। ਗਰੇਵਾਲ ਨੇ ਕਿਹਾ ਸੱਜਣ ਕੁਮਾਰ ਨੂੰ ਸ਼ਰਧਾਂਜਲੀ ਦੇਣ ਵਿੱਚ ਭਾਜਪਾ ਸੰਸਦ ਮੈਂਬਰਾਂ ਦੀ ਸ਼ਮੂਲੀਅਤ ਨੇ ਪੀੜਤ ਪਰਿਵਾਰਾਂ ਦੇ ਹਿਰਦਿਆਂ ਨੂੰ ਹੋਰ ਵਲੂੰਧਰਿਆ ਹੈ। ਭਾਜਪਾ ਅਤੇ ਕਾਂਗਰਸ ਨੇ ਪੰਜਾਬ ਦੇ ਖ਼ਿਲਾਫ਼ ਸਿਆਸੀ ਹੱਥ ਮਿਲਾ ਲਿਆ ਹੈ, ਪਰ ਪੰਜਾਬ ਦੇ ਲੋਕ ਅਜਿਹੀ ਰਾਜਨੀਤੀ ਨੂੰ ਕਦੇ ਵੀ ਪ੍ਰਵਾਨ ਨਹੀਂ ਕਰਨਗੇ। 'ਆਪ' ਆਗੂਆਂ ਨੇ ਕਿਹਾ 1984 ਦੇ ਸਿੱਖ ਵਿਰੋਧੀ ਦੰਗੇ ਹਜ਼ਾਰਾਂ ਪਰਿਵਾਰਾਂ ਲਈ ਅਣਸੁੱਕੇ ਜ਼ਖ਼ਮ ਬਣੇ ਹੋਏ ਹਨ। ਆਮ ਆਦਮੀ ਪਾਰਟੀ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਇਨਸਾਫ਼ ਅਤੇ ਅਣਖ ਦੀ ਆਵਾਜ਼ ਬੁਲੰਦ ਕਰਦੀ ਰਹੇਗੀ। ਉਨ੍ਹਾਂ ਦੇ ਦਰਦ ਅਤੇ ਭਾਵਨਾਵਾਂ ਨੂੰ ਅਣਗੌਲਿਆ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਪੂਰਨ ਵਿਰੋਧ ਕੀਤਾ ਜਾਵੇਗਾ।
ਇਸ ਪ੍ਰਦਰਸ਼ਨ ਵਿੱਚ ਆਪ ਯੂਥ ਵਿੰਗ ਪੰਜਾਬ ਦੇ ਮੀਤ ਪ੍ਰਧਾਨ ਪਰਮਿੰਦਰ ਸਿੰਘ ਸੰਧੂ, ਯੂਥ ਵਿੰਗ ਸੂਬਾ ਸੰਯੁਕਤ ਸਕੱਤਰ ਵਿੱਕੀ ਚਾਹਲ, ਸੰਨੀ ਬੇਦੀ, ਗੁਰਵੀਰ ਬਾਜਵਾ ਗੋਲੂ, ਯੂਥ ਵਿੰਗ ਜ਼ਿਲ੍ਹਾ ਪ੍ਰਧਾਨ ਐੱਮਪੀ ਜਵੱਦੀ, ਕਰਨ ਸ਼ਿਓਰਾ, ਸੁਖਮਿੰਦਰ ਸੋਨੀ, ਮਨਜੀਤ ਗਿੱਲ, ਹਰਸਿਮਰਨ ਮਲਹੋਤਰਾ, ਮਾਲਵਾ ਜ਼ੋਨ ਦੀ ਪ੍ਰਧਾਨ ਆਜਿੰਦਰ ਪਾਲ ਕੌਰ, ਲੁਧਿਆਣਾ ਮਹਿਲਾ ਵਿੰਗ ਦੀ ਮੀਤ ਪ੍ਰਧਾਨ ਮਨੀਸ਼ਾ ਕਪੂਰ, ਡਾਇਰੈਕਟਰ ਰਵਿੰਦਰ ਪਾਲ ਸਿੰਘ ਪਾਲੀ, ਚੇਅਰਮੈਨ ਪਰਮਪਾਲ ਸਿੰਘ ਬਾਵਾ, ਮੀਡੀਆ ਇੰਚਾਰਜ ਪੁਨੀਤ ਸਾਹਨੀ, ਸੁਖਵਿੰਦਰ ਸਿੰਘ ਚੁੱਘ, ਪ੍ਰਭਜੀਤ ਸਿੰਘ ਕਰਨ, ਦਵਿੰਦਰ ਸਿੰਘ ਸੱਗੂ, ਚੇਅਰਮੈਨ ਗੁਰਜੀਤ ਸਿੰਘ ਗਿੱਲ, ਕਪਿਲ ਸਿੱਧੂ, ਰਾਜੀ ਸਾਹਨੇਵਾਲ, ਪ੍ਰਦੀਪ ਖਾਲਸਾ, ਚੇਤਨ ਥਾਪਰ, ਚੇਅਰਮੈਨ ਤਰਸੇਮ ਭਿੰਡਰ, ਰਾਜੂ ਕਨੌਜੀਆ, ਬਿੰਦੀਆ ਮੈਦਾਨ, ਜਗਰੂਪ ਸਿੰਘ ਸੇਹ, ਵਰਿੰਦਰ ਸਿੰਘ ਗਿੱਲ ਬਿਨੀ, ਸੰਦੀਪ ਮਿਸ਼ਰਾ, ਅਜੇ ਮਿੱਤਲ, ਬਲਬੀਰ ਚੌਧਰੀ ਤੇ ਕਈ ਹੋਰ ਸਾਥੀ ਮੌਜੂਦ ਸਨ।