
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਘੁਮਾਰ ਮੰਡੀ ’ਚ 21 ਮਿੰਟਾਂ ਵਿੱਚ ਚੋਰਾਂ ਦਾ ‘ਮੋਬਾਈਲ ਆਪ੍ਰੇਸ਼ਨ’

-ਦੁਕਾਨ ਦਾ ਸ਼ਟਰ ਵਿੰਗਾ ਕਰ ਕੇ 5 ਤੋਂ 80 ਮੋਬਾਈਲ ਚੋਰੀ, 5 ਨਕਾਬਪੋਸ਼ ਸੀਸੀਟੀਵੀ ’ਚ ਕੈਦ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ
ਸ਼ਹਿਰ ਦੇ ਪੌਸ਼ ਇਲਾਕੇ ਘੁਮਾਰ ਮੰਡੀ ਵਿੱਚ ਸੋਮਵਾਰ ਤੜਕੇ ਨਕਾਬਪੋਸ਼ ਚੋਰਾਂ ਦੇ ਇਕ ਸ਼ਾਤਰ ਗਿਰੋਹ ਨੇ ਮਸ਼ਹੂਰ ਅਤੇ ਵੱਡੀ ਕਲਾਸਿਕ ਗਿਫਟ ਸ਼ਾਪ ਨੂੰ ਨਿਸ਼ਾਨਾ ਬਣਾ ਕੇ ਸਨਸਨੀਖੇਜ਼ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਗਿਰੋਹ ਦੇ ਪੰਜ ਮੈਂਬਰ ਸਵੇਰੇ ਦੁਕਾਨ ਦੇ ਬਾਹਰ ਪਹੁੰਚੇ ਅਤੇ ਕਿਸੇ ਭਾਰੀ ਲੋਹੇ ਦੀ ਚੀਜ਼ ਨਾਲ ਸ਼ਟਰ ਨੂੰ ਥੋੜ੍ਹਾ ਜਿਹਾ ਵਿੰਗਾ ਕਰ ਦਿੱਤਾ। ਇਸ ਤੋਂ ਬਾਅਦ ਬਾਕੀ ਸਾਥੀ ਉੱਥੋਂ ਚਲੇ ਗਏ, ਜਦਕਿ ਇੱਕ ਨਕਾਬਪੋਸ਼ ਨੌਜਵਾਨ ਸ਼ਟਰ ਦੇ ਹੇਠਾਂ ਬਣੀ ਜਗ੍ਹਾ ਰਾਹੀਂ ਸ਼ੋਅਰੂਮ ਦੇ ਅੰਦਰ ਦਾਖਲ ਹੋ ਗਿਆ।
ਸੀਸੀਟੀਵੀ ਫੁਟੇਜ ਮੁਤਾਬਕ ਨੌਜਵਾਨ ਸਵੇਰੇ 4 ਵੱਜ ਕੇ 50 ਮਿੰਟ ’ਤੇ ਸ਼ੋਅਰੂਮ ਦੇ ਅੰਦਰ ਦਾਖਲ ਹੋਇਆ ਅਤੇ ਲਗਭਗ 21 ਮਿੰਟ ਤੱਕ ਅੰਦਰ ਰਹਿਣ ਤੋਂ ਬਾਅਦ 5 ਵੱਜ ਕੇ 11 ਮਿੰਟ ’ਤੇ ਬਾਹਰ ਨਿਕਲ ਗਿਆ। ਇਸ ਦੌਰਾਨ ਉਸ ਨੇ ਸ਼ੋਅਰੂਮ ਵਿੱਚੋਂ ਵੀਵੋ ਅਤੇ ਓਪੋ ਕੰਪਨੀਆਂ ਦੇ 75 ਤੋਂ 80 ਦੇ ਕਰੀਬ ਮੋਬਾਈਲ ਫੋਨ ਚੋਰੀ ਕਰ ਲਏ। ਦੁਕਾਨ ਮਾਲਕ ਯੋਗੇਸ਼ ਦੇ ਮੁਤਾਬਕ ਚੋਰੀ ਹੋਏ ਮੋਬਾਈਲਾਂ ਦੀ ਕੀਮਤ ਕਰੀਬ 32 ਲੱਖ ਰੁਪਏ ਬਣਦੀ ਹੈ। ਚੋਰ ਗੱਲੇ ਚੋਂ 15 ਹਜਾਰ ਰੁਪਏ ਦੀ ਰਕਮ ਵੀ ਲੈ ਗਿਆ। ਦੁਕਾਨ ਵਿੱਚ ਕੁਝ ਹੋਰ ਫੋਨ ਵੀ ਪਏ ਸਨ ਪਰ ਉਨ੍ਹਾਂ ਦਾ ਨਿਸ਼ਾਨਾ ਸਿਰਫ਼ ਮਹਿੰਗੇ ਮੋਬਾਈਲ ਫੋਨ ਹੀ ਸਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸ਼ੋਅਰੂਮ ਦੇ ਅੰਦਰ ਦਾਖਲ ਹੋਇਆ ਚੋਰ ਬਾਹਰ ਆਇਆ ਤਾਂ ਉਸ ਦੇ ਬਾਕੀ ਸਾਥੀ ਵੀ ਮੌਕੇ ’ਤੇ ਪਹੁੰਚ ਗਏ ਅਤੇ ਸਾਰੇ ਮੁਲਜ਼ਮ ਤੁਰੰਤ ਉੱਥੋਂ ਫਰਾਰ ਹੋ ਗਏ।
ਸ਼ੋਅਰੂਮ ਤੇ ਪਹੁੰਚੇ ਮਾਲਕ ਦੇ ਉਡੇ ਹੋਸ਼
ਸ਼ੋਅਰੂਮ ਦੇ ਮਾਲਕ ਯੋਗੇਸ਼ ਨੇ ਦੱਸਿਆ ਕਿ ਉਨਾਂ ਦੀ ਦੁਕਾਨ ਘੁਮਾਰ ਮੰਡੀ ਦੀ ਬਹੁਤ ਹੀ ਮਸ਼ਹੂਰ ਅਤੇ ਪੁਰਾਣੀ ਦੁਕਾਨ ਹੈ। ਸੋਮਵਾਰ ਸਵੇਰੇ ਜਦ ਹੋ ਰੋਜ਼ ਮਰਾ ਦੀ ਤਰ੍ਹਾਂ ਦੁਕਾਨ ਤੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਦੁਕਾਨ ਦੇ ਬਾਹਰ ਉਹਨਾਂ ਦੇ ਮੁਲਾਜ਼ਮ ਖੜੇ ਸਨ। ਉਹਨਾਂ ਦੇਖਿਆ ਕਿ ਸ਼ਟਰ ਦਾ ਕੁਝ ਹਿੱਸਾ ਥੋੜਾ ਜਿਹਾ ਵਿੰਗਾ ਹੋਇਆ ਸੀ। ਸ਼ੋਅਰੂਮ ਦੇ ਅੰਦਰ ਦਾਖਲ ਹੁੰਦੇ ਹੀ ਸਾਰਿਆਂ ਦੇ ਹੋਸ਼ ਉੱਡ ਗਏ। ਵੱਡੀ ਮਾਤਰਾ ਵਿੱਚ ਕੀਮਤੀ ਮੋਬਾਈਲ ਫੋਨ ਚੋਰੀ ਹੋ ਚੁੱਕੇ ਸਨ। ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 8 ਅਤੇ ਘੁਮਾਰ ਮੰਡੀ ਚੌਂਕੀ ਦੀ ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
-ਬਾਕਸ-
ਸੀਸੀਟੀਵੀ ਫੁਟੇਜ ਬਣੀ ਪੁਲਿਸ ਲਈ ਅਹਿਮ ਕੜੀ
ਵਾਰਦਾਤ ਸ਼ੋਅਰੂਮ ਦੇ ਅੰਦਰ ਅਤੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਫੁਟੇਜ ਵਿੱਚ ਪੰਜ ਨਕਾਬਪੋਸ਼ ਵਿਅਕਤੀ ਸ਼ੋਅਰੂਮ ਦੇ ਬਾਹਰ ਦਿਖਾਈ ਦੇ ਰਹੇ ਹਨ, ਜਦਕਿ ਇੱਕ ਵਿਅਕਤੀ ਸ਼ਟਰ ਵਿੰਗਾ ਹੋਣ ਤੋਂ ਬਾਅਦ ਅੰਦਰ ਦਾਖਲ ਹੁੰਦਾ ਨਜ਼ਰ ਆ ਰਿਹਾ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਕੇ ਮੁਲਜ਼ਮਾਂ ਦੀ ਪਛਾਣ ਅਤੇ ਉਨ੍ਹਾਂ ਦੇ ਆਉਣ-ਜਾਣ ਦੇ ਰਸਤੇ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
ਥਾਣਾ-8 ਦੇ ਇੰਚਾਰਜ ਅੰਮ੍ਰਿਤਪਾਲ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਟੀਮ ਵੱਲੋਂ ਮੁਲਜ਼ਮਾਂ ਦੀ ਪਛਾਣ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਫਰਾਰ ਹੋਣ ਵਾਲੇ ਰਸਤੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਨੂੰ ਜਲਦੀ ਹੱਲ ਕਰ ਲਵੇਗੀ।
-ਵਾਰਦਾਤ ਵਾਪਰਨ ਦਾ ਸਮਾਂ
4:50 ਵਜੇ ਸਵੇਰੇ: ਪੰਜ ਨਕਾਬਪੋਸ਼ ਵਿਅਕਤੀ ਕਲਾਸਿਕ ਗਿਫਟ ਸ਼ਾਪ ਦੇ ਬਾਹਰ ਪਹੁੰਚੇ।
4:52 ਤੋਂ ਬਾਅਦ: ਮੁਲਜ਼ਮਾਂ ਨੇ ਕਿਸੇ ਭਾਰੀ ਲੋਹੇ ਦੀ ਚੀਜ਼ ਨਾਲ ਸ਼ਟਰ ਨੂੰ ਵਿੰਗਾ ਕੀਤਾ।
4:56 ਤੇ ਚਾਰ ਸਾਥੀ ਮੌਕੇ ਤੋਂ ਦੂਰ ਹੋ ਗਏ, ਜਦਕਿ ਇੱਕ ਨਕਾਬਪੋਸ਼ ਨੌਜਵਾਨ ਸ਼ਟਰ ਦੇ ਹੇਠਾਂ ਬਣੀ ਜਗ੍ਹਾ ਰਾਹੀਂ ਅੰਦਰ ਦਾਖਲ ਹੋ ਗਿਆ।
4:58 ਤੋਂ 5:11 ਵਜੇ ਤੱਕ ਦੀ ਸੀਸੀਟੀਵੀ ਫੁਟੇਜ ਅਨੁਸਾਰ ਚੋਰ ਲਗਭਗ 21 ਮਿੰਟ ਸ਼ੋਅਰੂਮ ਦੇ ਅੰਦਰ ਰਿਹਾ ਅਤੇ ਵੀਵੋ ਤੇ ਓਪੋ ਦੇ 75 ਤੋਂ 80 ਦੇ ਕਰੀਬ ਮੋਬਾਈਲ ਫੋਨ ਚੋਰੀ ਕੀਤੇ।
5:11 ਵਜੇ ਚੋਰ ਸ਼ੋਅਰੂਮ ਤੋਂ ਬਾਹਰ ਨਿਕਲਿਆ। ਇਸ ਤੋਂ ਬਾਅਦ ਉਸ ਦੇ ਸਾਥੀ ਵੀ ਮੌਕੇ ’ਤੇ ਆਏ ਅਤੇ ਸਾਰੇ ਫਰਾਰ ਹੋ ਗਏ।
-ਬਾਕਸ-
-21 ਮਿੰਟਾਂ ’ਚ 32 ਲੱਖ ਦੇ ਮੋਬਾਈਲ ਲੈ ਗਏ ਚੋਰ
ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਕਲਾਸਿਕ ਗਿਫਟ ਸ਼ਾਪ ਵਿੱਚ ਹੋਈ ਚੋਰੀ ਦੀ ਵਾਰਦਾਤ ਨੂੰ ਬੇਹੱਦ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤਾ ਗਿਆ। ਪੰਜ ਨਕਾਬਪੋਸ਼ ਵਿਅਕਤੀਆਂ ਨੇ ਪਹਿਲਾਂ ਸ਼ਟਰ ਨੂੰ ਵਿੰਗਾ ਕੀਤਾ ਅਤੇ ਫਿਰ ਇੱਕ ਸਾਥੀ ਨੂੰ ਅੰਦਰ ਭੇਜ ਦਿੱਤਾ। ਸਵੇਰੇ 4:50 ਵਜੇ ਅੰਦਰ ਦਾਖਲ ਹੋਇਆ ਚੋਰ 5:11 ਵਜੇ ਬਾਹਰ ਨਿਕਲਿਆ। ਮਹਿਜ਼ 21 ਮਿੰਟਾਂ ਵਿੱਚ ਉਸ ਨੇ 75 ਤੋਂ 80 ਦੇ ਕਰੀਬ ਮੋਬਾਈਲ ਫੋਨ ਚੋਰੀ ਕਰ ਲਏ। ਦੁਕਾਨ ਮਾਲਕ ਯੋਗੇਸ਼ ਅਨੁਸਾਰ ਚੋਰੀ ਹੋਏ ਮਾਲ ਦੀ ਕੀਮਤ ਕਰੀਬ 32 ਲੱਖ ਰੁਪਏ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਮੁਲਜ਼ਮਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਜਾਂਚ ਤੇਜ਼ ਕਰ ਦਿੱਤੀ ਹੈ।