
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਹਿਮ ਖ਼ਬਰ-ਮਾਰਕੀਟ ਕਮੇਟੀ ਦਫ਼ਤਰ ਦੇ ਕੋਲ ਹੀ ਕੂੜੇ ਦੇ ਢੇਰ ਤੇ ਰੇਤ-ਬਜਰੀ ਦਾ ਕਬਜਾ

-ਕਰੋੜਾਂ ਦੀ ਮੰਡੀ 'ਤੇ ਧੂੜ-ਗੰਦਗੀ, ਅਧਿਕਾਰੀਆਂ ਦੀ ਅਣਦੇਖੀ 'ਤੇ ਸਵਾਲ
ਸੁਰੇਸ਼ ਕੁਮਾਰ, ਪੰਜਾਬੀ ਜਾਗਰਣ ਲੁਧਿਆਣਾ
ਸਥਾਨਕ ਬਹਾਦਰ ਕੇ ਰੋਡ ਸਥਿਤ ਮਾਰਕੀਟ ਕਮੇਟੀ ਦੇ ਦਫ਼ਤਰ ਤੋਂ ਕੁੱਝ ਕਦਮਾਂ ਦੀ ਦੂਰੀ 'ਤੇ ਹੀ ਸਰਕਾਰੀ ਜ਼ਮੀਨ 'ਤੇ ਰੇਤ-ਬਜਰੀ ਮਾਫੀਆ ਦਾ ਕਬਜ਼ਾ ਨਜ਼ਰ ਆ ਰਿਹਾ ਹੈ। ਉੱਥੇ ਹੀ ਕੂੜੇ ਦੇ ਵੱਡੇ-ਵੱਡੇ ਢੇਰ ਪਏ ਹਨ, ਜਿਨ੍ਹਾਂ ਦੀ ਬਦਬੂ ਕਾਰਨ ਲੋਕਾਂ ਦਾ ਲੰਘਣਾ ਵੀ ਮੁਸ਼ਕਲ ਹੋ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੇ ਮੰਡੀ ਲਈ ਬਣਾਈ ਗਈ ਇਹ ਥਾਂ ਅੱਜ ਬੇਕਾਰ ਪਈ ਹੈ। ਇਸ ਦੀ ਵਰਤੋਂ ਕਰਨ ਦੀ ਥਾਂ ਰੇਤ-ਬਜਰੀ ਦਾ ਕਾਰੋਬਾਰ ਕਰਨ ਵਾਲਿਆਂ ਨੇ ਬੇਖੌਫ ਆਪਣਾ ਕਾਰੋਬਾਰ ਜ਼ੋਰਾਂ ਨਾਲ ਸ਼ੁਰੂ ਕੀਤਾ ਹੋਇਆ ਹੈ।
ਸਵਾਲ ਇਹ ਹੈ ਕਿ ਕੀ ਇਹ ਥਾਂ ਖਾਸ ਤੌਰ 'ਤੇ ਰੇਤ-ਬਜਰੀ ਵਾਲਿਆਂ ਲਈ ਹੀ ਛੱਡੀ ਗਈ ਸੀ, ਜੋ ਕਈ ਸਵਾਲੀਆ ਨਿਸ਼ਾਨ ਖੜੇ ਕਰ ਰਹੀ ਹੈ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ 2 ਵਾਰ ਕਾਰਵਾਈ ਹੋਣ ਦੇ ਬਾਵਜੂਦ ਉਕਤ ਥਾਂ 'ਤੇ ਕਾਰੋਬਾਰ ਮੁੜ ਕਿਵੇਂ ਸ਼ੁਰੂ ਹੋ ਗਿਆ। ਕੀ ਪਹਿਲੀ ਕਾਰਵਾਈ ਸਿਰਫ਼ ਕਾਗਜ਼ੀ ਸੀ ਜਾਂ ਫਿਰ ਇਹ ਸਾਰਾ ਕਾਰੋਬਾਰ ਮਾਰਕੀਟ ਕਮੇਟੀ ਦੇ ਕਿਸੇ ਅਧਿਕਾਰੀ ਦੀ ਮਿਲੀਭੁਗਤ ਨਾਲ ਚੱਲ ਰਿਹਾ ਹੈ। ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਮਾਰਕੀਟ ਕਮੇਟੀ ਦੇ ਸਕੱਤਰ ਫੈਲੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ 'ਚ ਸਫਲ ਹੋਣਗੇ ਜਾਂ ਫਿਰ ਇਸੇ ਤਰ੍ਹਾਂ ਕਾਰੋਬਾਰ ਚੱਲਦਾ ਰਹੇਗਾ। ਲੋਕਾਂ ਦੀ ਮੰਗ ਹੈ ਕਿ ਜਲਦ ਤੋਂ ਜਲਦ ਇਸ ਜ਼ਮੀਨ ਨੂੰ ਕਬਜ਼ਾ ਮੁਕਤ ਕਰਕੇ ਇਸ ਦੀ ਵਰਤੋਂ ਮੰਡੀ ਲਈ ਕੀਤੀ ਜਾਵੇ।
-ਬਾਕਸ-
-ਨਾਜਾਇਜ਼ ਕਬਜ਼ਿਆਂ ਖ਼ਿਲਾਫ਼ 2 ਵਾਰ ਕਾਰਵਾਈ ਕੀਤੀ-ਖੰਗੂੜਾ
ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਸਕੱਤਰ ਗੁਰਦੀਪ ਸਿੰਘ ਖੰਗੂੜਾ ਨਾਲ ਗੱਲ ਕੀਤੀ, ਤਾਂ ਉਨ੍ਹਾਂ ਕਿਹਾ ਕਿ ਇਹ ਕਬਜ਼ੇ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਦੇ ਹਨ। ਕੂੜਾ ਨਗਰ ਨਿਗਮ ਵੱਲੋਂ ਸੁੱਟਿਆ ਗਿਆ ਹੈ, ਜਿਸ ਬਾਰੇ ਉਨ੍ਹਾਂ ਨੂੰ ਸੂਚਿਤ ਕਰਕੇ ਚੁੱਕਣ ਲਈ ਕਿਹਾ ਹੈ। ਰੇਤ ਦਾ ਕਾਰੋਬਾਰ ਕਰਨ ਵਾਲਿਆਂ 'ਤੇ ਕਰੀਬ 2 ਵਾਰ ਕਾਰਵਾਈ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਇਹਨਾਂ ਪਾਸੋਂ ਕੀਤਾ ਕਬਜ਼ਾ ਖਾਲੀ ਕਰਵਾਇਆ ਜਾਵੇਗਾ। ਟਿੱਪਰਾਂ ਦੀ ਪਾਰਕਿੰਗ ਬਾਰੇ ਪੁੱਛਣ 'ਤੇ ਸਕੱਤਰ ਨੇ ਕਿਹਾ ਕਿ ਉਨ੍ਹਾਂ ਪਾਸੋਂ ਪਾਰਕਿੰਗ ਵਸੂਲੀ ਜਾ ਰਹੀ ਹੈ।