ਸਬਜ਼ੀ ਮੰਡੀ ’ਚ ਥਾਂ-ਥਾਂ ਕੂੜੇ ਦੇ ਢੇਰ, ਬਦਬੂ ਤੇ ਬਿਮਾਰੀਆਂ ਦਾ ਖਤਰਾ 4 ਨੰਬਰ ਦਾ ਬੌਟਮ:ਸਬਜ਼ੀ ਮੰਡੀ ’ਚ ਥਾਂ-ਥਾਂ ਕੂੜੇ ਦੇ ਢੇਰ, ਬਦਬੂ ਤੇ ਬਿਮਾਰੀਆਂ ਦਾ ਖਤਰਾ
Publish Date: Wed, 07 Oct 2026 09:04 PM (IST)
Updated Date: Thu, 08 Oct 2026 04:08 AM (IST)
-ਆੜ੍ਹਤੀਆਂ, ਪੱਲੇਦਾਰਾਂ ਤੇ ਖਰੀਦਦਾਰਾਂ ਦੀਆਂ ਮੁਸ਼ਕਲਾਂ ’ਚ ਵਾਧਾ -ਸ਼ਿਕਾਇਤਾਂ ਮਿਲਣ ਦੇ ਬਾਵਜੂਦ ਸਫ਼ਾਈ ਪ੍ਰਬੰਧਾਂ ’ਤੇ ਸਵਾਲ ਗੌਰਵ ਕੁਮਾਰ ਸਲੂਜਾ, ਪੰਜਾਬੀ ਜਾਗਰਣ ਲੁਧਿਆਣਾ ਲੁਧਿਆਣਾ ਦੀ ਹੋਲਸੇਲ ਸਬਜ਼ੀ ਮੰਡੀ ਵਿੱਚ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਕਾਰਨ ਆੜਤੀਆਂ, ਪੱਲੇਦਾਰਾਂ ਅਤੇ ਸਬਜ਼ੀ-ਫਲ ਖਰੀਦਣ ਲਈ ਆਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀ ਵਿੱਚ ਲੰਬੇ ਸਮੇਂ ਤੋਂ ਪਏ ਕੂੜੇ ਦੇ ਢੇਰਾਂ ਕਾਰਨ ਜਿੱਥੇ ਬਦਬੂ ਫੈਲ ਰਹੀ ਹੈ, ਉੱਥੇ ਹੀ ਮੌਸਮ ਬਦਲਣ ਨਾਲ ਕੀੜੇ-ਮਕੌੜਿਆਂ ਦੀ ਭਰਮਾਰ ਨੇ ਮੰਡੀ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਮੰਡੀ ਦੇ ਵੱਖ-ਵੱਖ ਹਿੱਸਿਆਂ ਵਿੱਚ ਕੂੜਾ ਇਕੱਠਾ ਹੋਣ ਕਾਰਨ ਹਾਲਾਤ ਅਜਿਹੇ ਬਣੇ ਹੋਏ ਹਨ ਕਿ ਆੜਤੀਆਂ ਅਤੇ ਪੱਲੇਦਾਰਾਂ ਨੂੰ ਰੋਜ਼ਾਨਾ ਇਸ ਗੰਦਗੀ ਵਿਚਕਾਰ ਕੰਮ ਕਰਨਾ ਪੈ ਰਿਹਾ ਹੈ। ਫੜਾਂ ’ਤੇ ਰਹਿਣ ਵਾਲੇ ਪੱਲੇਦਾਰਾਂ ਦਾ ਕਹਿਣਾ ਹੈ ਕਿ ਬੀਤੇ ਸਮੇਂ ਦੌਰਾਨ ਹੋਈ ਬਾਰਿਸ਼ ਤੋਂ ਬਾਅਦ ਕਈ ਥਾਵਾਂ ’ਤੇ ਗੰਦਗੀ ਤੇ ਪਾਣੀ ਇਕੱਠਾ ਹੋਣ ਕਾਰਨ ਮੱਛਰ ਅਤੇ ਹੋਰ ਕੀੜੇ-ਮਕੌੜੇ ਵਧ ਗਏ ਹਨ। ਇਸ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਮੰਡੀ ਨਾਲ ਜੁੜੇ ਆੜਤੀਆਂ ਅਤੇ ਸਮਾਜ ਸੇਵੀਆਂ ਵੱਲੋਂ ਸਮੇਂ-ਸਮੇਂ ’ਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਸਫ਼ਾਈ ਸਬੰਧੀ ਸ਼ਿਕਾਇਤਾਂ ਦੇਣ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਦੇ ਬਾਵਜੂਦ ਮੰਡੀ ਵਿੱਚ ਸਫ਼ਾਈ ਪ੍ਰਬੰਧਾਂ ਦੀ ਸਥਿਤੀ ’ਚ ਕੋਈ ਵੱਡਾ ਸੁਧਾਰ ਨਜ਼ਰ ਨਹੀਂ ਆ ਰਿਹਾ। ਲੋਕਾਂ ਦਾ ਦੋਸ਼ ਹੈ ਕਿ ਕਾਗਜ਼ਾਂ ਵਿੱਚ ਸਫ਼ਾਈ ਦੇ ਪ੍ਰਬੰਧ ਹੋਣ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਕੂੜਾ ਚੁੱਕਣ ਅਤੇ ਸਫ਼ਾਈ ਕਰਨ ਦੀ ਪ੍ਰਕਿਰਿਆ ਸਿਰਫ਼ ਖਾਨਾਪੂਰਤੀ ਤੱਕ ਸੀਮਤ ਦਿਖਾਈ ਦੇ ਰਹੀ ਹੈ। ਮੰਡੀ ਨਾਲ ਜੁੜੇ ਲੋਕਾਂ ਵੱਲੋਂ ਇਹ ਵੀ ਸਵਾਲ ਚੁੱਕੇ ਜਾ ਰਹੇ ਹਨ ਕਿ ਜੇਕਰ ਸਫ਼ਾਈ ਦਾ ਸਾਲਾਨਾ ਠੇਕਾ ਦਿੱਤਾ ਜਾਂਦਾ ਹੈ ਤਾਂ ਮੰਡੀ ਦੇ ਹਰ ਹਿੱਸੇ ਵਿੱਚ ਨਿਯਮਤ ਸਫ਼ਾਈ ਕਿਉਂ ਨਹੀਂ ਹੋ ਰਹੀ। ਉਨ੍ਹਾਂ ਮੰਗ ਕੀਤੀ ਕਿ ਠੇਕੇ ਦੀਆਂ ਸ਼ਰਤਾਂ ਅਨੁਸਾਰ ਸਫ਼ਾਈ ਦਾ ਕੰਮ ਹੋ ਰਿਹਾ ਹੈ ਜਾਂ ਨਹੀਂ, ਇਸ ਦੀ ਮਾਰਕੀਟ ਕਮੇਟੀ ਵੱਲੋਂ ਜਾਂਚ ਕਰਵਾਈ ਜਾਵੇ। ਮੰਡੀ ਵਿੱਚ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕਾਂ ਦੀ ਆਵਾਜਾਈ ਹੁੰਦੀ ਹੈ। ਅਜਿਹੇ ਵਿੱਚ ਗੰਦਗੀ ਦੇ ਢੇਰ ਨਾ ਸਿਰਫ਼ ਮੰਡੀ ਦੀ ਸਾਖ ਨੂੰ ਪ੍ਰਭਾਵਿਤ ਕਰ ਰਹੇ ਹਨ, ਸਗੋਂ ਸਿਹਤ ਸਬੰਧੀ ਗੰਭੀਰ ਖਤਰਾ ਵੀ ਪੈਦਾ ਕਰ ਸਕਦੇ ਹਨ। ਆੜਤੀਆਂ ਅਤੇ ਪੱਲੇਦਾਰਾਂ ਨੇ ਮਾਰਕੀਟ ਕਮੇਟੀ ਦੇ ਉੱਚ ਅਧਿਕਾਰੀਆਂ ਤੋਂ ਤੁਰੰਤ ਸਫ਼ਾਈ ਕਰਵਾਉਣ ਅਤੇ ਲਾਪਰਵਾਹੀ ਲਈ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ ਕੀਤੀ ਹੈ। - 15 ਤੋਂ 16 ਟਿੱਪਰ ਕੂੜਾ ਚੁਕਵਾਇਆ, ਬਾਕੀ ਵੀ ਜਲਦ ਹਟਾਵਾਂਗੇ-ਸਕੱਤਰ ਖੰਗੂੜਾ 54) ਸਕੱਤਰ ਗੁਰਦੀਪ ਸਿੰਘ ਖੰਗੂੜਾ। ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਸਕੱਤਰ ਗੁਰਦੀਪ ਸਿੰਘ ਖੰਗੂੜਾ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਮੰਡੀ ਵਿੱਚ ਭਾਰੀ ਮਾਤਰਾ ਵਿੱਚ ਇਕੱਠਾ ਹੋਇਆ ਕੂੜਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨਾਂ ਦੌਰਾਨ ਮੰਡੀ ਵਿੱਚੋਂ 15 ਤੋਂ 16 ਟਿੱਪਰ ਕੂੜਾ ਚੁਕਵਾਇਆ ਜਾ ਚੁੱਕਾ ਹੈ ਅਤੇ ਬਾਕੀ ਰਹਿੰਦੇ ਕੂੜੇ ਨੂੰ ਵੀ ਜਲਦ ਚੁਕਵਾ ਕੇ ਮੰਡੀ ਨੂੰ ਕੂੜਾ ਮੁਕਤ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਸਫ਼ਾਈ ਕਰਮਚਾਰੀਆਂ ਵੱਲੋਂ ਹੜਤਾਲ ਕੀਤੇ ਜਾਣ ਕਾਰਨ ਮੰਡੀ ਵਿੱਚ ਲੱਗੇ ਕੰਪੈਕਟਰ ਨਹੀਂ ਚੱਲ ਸਕੇ ਸਨ। ਇਸ ਕਾਰਨ ਮੰਡੀ ਵਿੱਚ ਕੂੜਾ ਇਕੱਠਾ ਹੁੰਦਾ ਗਿਆ। ਹੜਤਾਲ ਖ਼ਤਮ ਹੋਣ ਤੋਂ ਬਾਅਦ ਕੰਪੈਕਟਰ ਚਲਾਏ ਗਏ, ਪਰ ਲਗਾਤਾਰ ਕੰਮ ਕਰਨ ਕਾਰਨ ਕੁਝ ਕੰਪੈਕਟਰ ਖ਼ਰਾਬ ਹੋ ਗਏ, ਜਿਸ ਨਾਲ ਮੰਡੀ ਵਿੱਚ ਕੂੜਾ ਇਕੱਠਾ ਹੋਣ ਦੀ ਸਮੱਸਿਆ ਹੋਰ ਵਧ ਗਈ। 15 ਤੋਂ 20 ਦਿਨਾਂ ਚ ਮੰਡੀ ’ਚੋ ਚੁੱਕਾ ਦਿੱਤਾ ਜਾਵੇਗਾ ਸਾਰਾ ਕੂੜਾ : ਠੇਕੇਦਾਰ 55) ਪਵਨ ਗਰਗ। ਇਸ ਮਾਮਲੇ ਸਬੰਧੀ ਸਫ਼ਾਈ ਠੇਕੇਦਾਰ ਭਗਵਤੀ ਦੇਵੀ ਐਂਡ ਕੰਪਨੀ ਦੇ ਮਾਲਕ ਪਵਨ ਗਰਗ ਨਾਲ ਵੀ ਗੱਲਬਾਤ ਕੀਤੀ, ਤਾਂ ਉਹਨਾਂ ਨੇ ਦੱਸਿਆ ਕਿ ਕੈਮਪੇਕਟਰਾ ’ਚ ਦਿਕਤ ਆਉਣ ਕਾਰਨ ਮੰਡੀ ਚ ਭਾਰੀ ਮਾਤਰਾ ’ਚ ਕੂੜਾ ਇਕੱਠਾ ਹੋ ਗਿਆ ਹੈ। ਜਲਦ ਹੀ ਟਿੱਪਰਾ ਦੀ ਮਦਦ ਨਾਲ 15 ਤੋਂ 20 ਦਿਨਾਂ ਮੰਡੀ ਚ ਕੂੜਾ ਚੁਕਵਾ ਦਿੱਤਾ ਜਾਵੇਗਾ।