ਲੁਧਿਆਣਾ ਪੁਲਿਸ ਨੇ ਦਿਖਾਈ ਮੁਸਤੇਦੀ : ਜਨਤਕ ਤੇ ਸੁੰਨਸਾਨ ਥਾਵਾਂ ’ਤੇ ਨਸ਼ਾ ਕਰਨ ਵਾਲੇ ਚੜ੍ਹੇ ਪੁਲਿਸ ਅੜਿੱਕੇ
ਪੁਲਿਸ ਦੀ ਮੁਸਤੈਦੀ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਕਾਰਵਾਈ ਦੌਰਾਨ ਜਿੱਥੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਕਾਬੂ ਕੀਤਾ, ਉੱਥੇ ਹੀ ਜਨਤਕ ਤੇ ਸੁੰਨਸਾਨ ਥਾਵਾਂ ’ਤੇ ਨਸ਼ੇ ਦਾ ਸੇਵਨ ਕਰਨ ਵਾਲਿਆਂ ’ਤੇ ਵੀ ਸਖ਼ਤੀ ਕੀਤੀ। ਨਸ਼ਿਆਂ ਦੀ ਬਰਾਮਦਗੀ ਵਾਲੇ ਮਾਮਲਿਆਂ ਵਿੱਚ ਪੁਲਿਸ ਨੇ ਕੁੱਲ 133 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
Publish Date: Mon, 10 Aug 2026 07:42 PM (IST)
Updated Date: Tue, 11 Aug 2026 10:52 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ: ਸ਼ਹਿਰ ਨੂੰ ਨਸ਼ਿਆਂ ਦੀ ਲਾਹਨਤ ਤੋਂ ਮੁਕਤ ਕਰਨ ਲਈ ਲੁਧਿਆਣਾ ਪੁਲਿਸ ਵੱਲੋਂ ਲਗਾਤਾਰ ਕੀਤੀ ਜਾ ਰਹੀ ਕਾਰਵਾਈ ਕਾਰਨ ਪੁਲਿਸ ਨੇ ਇੱਕੋ ਦਿਨ ’ਚ ਨਸ਼ਿਆਂ ਖ਼ਿਲਾਫ਼ ਸ਼ਿਕੰਜਾ ਕੱਸਦਿਆਂ ਵੱਖ-ਵੱਖ ਥਾਣਿਆਂ ’ਚ ਐਨਡੀਪੀਐਸ ਐਕਟ ਤਹਿਤ ਅੱਠ ਮਾਮਲੇ ਦਰਜ ਕੀਤੇ ਹਨ। ਪੁਲਿਸ ਦੀ ਮੁਸਤੈਦੀ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਕਾਰਵਾਈ ਦੌਰਾਨ ਜਿੱਥੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਕਾਬੂ ਕੀਤਾ, ਉੱਥੇ ਹੀ ਜਨਤਕ ਤੇ ਸੁੰਨਸਾਨ ਥਾਵਾਂ ’ਤੇ ਨਸ਼ੇ ਦਾ ਸੇਵਨ ਕਰਨ ਵਾਲਿਆਂ ’ਤੇ ਵੀ ਸਖ਼ਤੀ ਕੀਤੀ। ਨਸ਼ਿਆਂ ਦੀ ਬਰਾਮਦਗੀ ਵਾਲੇ ਮਾਮਲਿਆਂ ਵਿੱਚ ਪੁਲਿਸ ਨੇ ਕੁੱਲ 133 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਜਮਾਲਪੁਰ ’ਚ 100 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਕਾਬੂ
ਥਾਣਾ ਜਮਾਲਪੁਰ ਦੀ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ 100 ਗ੍ਰਾਮ ਹੈਰੋਇਨ ਅਤੇ 20 ਲਿਫ਼ਾਫ਼ਿਆਂ ਸਮੇਤ ਕਾਬੂ ਕੀਤਾ। ਨਾਨਕਾ ਨੀ ਮੁਤਾਬਕ ਪੁਲਿਸ ਪਾਰਟੀ ਤਿੰਨ ਕੋਠੀਆਂ ਭਾਮੀਆਂ ਕਲਾਂ ਵੱਲ ਗਸ਼ਤ ਕਰ ਰਹੀ ਸੀ ਤਾਂ ਸਾਹਮਣੇ ਤੋਂ ਇੱਕ ਸ਼ੱਕੀ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ। ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਉਸ ਨੂੰ ਕਾਬੂ ਕਰਕੇ ਕਾਨੂੰਨੀ ਤਰੀਕੇ ਨਾਲ ਤਲਾਸ਼ੀ ਲਈ ਤਾਂ ਉਸ ਕੋਲੋਂ 100 ਗ੍ਰਾਮ ਹੈਰੋਇਨ ਅਤੇ 20 ਲਿਫ਼ਾਫ਼ੇ ਬਰਾਮਦ ਹੋਏ। ਪੁਲਿਸ ਨੇ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ।
ਸਾਹਨੇਵਾਲ ’ਚ 21 ਗ੍ਰਾਮ ਹੈਰੋਇਨ ਬਰਾਮਦ
ਇਸੇ ਤਰ੍ਹਾਂ ਥਾਣਾ ਸਾਹਨੇਵਾਲ ਪੁਲਿਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨੀਆਂ ਦੇ ਸਾਹਮਣੇ ਕਾਰਵਾਈ ਕਰਦਿਆਂ ਮਲੋਦ ਦੇ ਵਾਸੀ ਕਾਦਰ ਖਾਨ ਉਰਫ਼ ਸਹਿਜ ਨੂੰ ਕਾਬੂ ਕੀਤਾ। ਪੁਲਿਸ ਨਹੀਂ ਜਦ ਮੁਲਜਮ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 21 ਗ੍ਰਾਮ ਹੈਰੋਇਨ ਬਰਾਮਦ ਹੋਈ।
ਵਿਜੇ ਨਗਰ ਇਲਾਕੇ ਚੋਂ ਨੌਜਵਾਨ ਦੇ ਕਬਜ਼ੇ ਚੋਂ ਹੈਰੋਇਨ ਬਰਾਮਦ
ਥਾਣਾ-2 ਦੀ ਪੁਲਿਸ ਨੇ ਵਿਜੇ ਨਗਰ ਪਾਰਕ ਵਿੱਚੋਂ ਅਕਾਸ਼ ਕੁਮਾਰ ਉਰਫ਼ ਸੁੱਧੂ ਨੂੰ ਕਾਬੂ ਕਰਕੇ ਉਸ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਪਾਰਟੀ ਗਸ਼ਤ ਦੌਰਾਨ ਪਾਰਕ ਨੇੜੇ ਪੁੱਜੀ ਤਾਂ ਇੱਕ ਸ਼ੱਕੀ ਵਿਅਕਤੀ ਪਾਰਕ ਵਿੱਚ ਖੜ੍ਹਾ ਦਿਖਾਈ ਦਿੱਤਾ। ਸ਼ੱਕ ਦੇ ਆਧਾਰ ’ਤੇ ਉਸ ਨੂੰ ਕਾਬੂ ਕਰਕੇ ਤਲਾਸ਼ੀ ਲਈ ਗਈ, ਜਿਸ ਦੌਰਾਨ ਹੈਰੋਇਨ ਬਰਾਮਦ ਹੋਈ। ਇਸੇ ਤਰ੍ਹਾਂ ਥਾਣਾ ਸ਼ਿਮਲਾਪੁਰੀ ਪੁਲਿਸ ਨੇ ਨਿਊ ਸ਼ਿਮਲਾਪੁਰੀ ਦੀ ਗਲੀ ਨੰਬਰ 8-ਬੀ ਵਿੱਚ ਨਾਕਾਬੰਦੀ ਕਰਕੇ ਪਵਨ ਕੁਮਾਰ ਨਾਮ ਦੇ ਨੌਜਵਾਨ ਨੂੰ ਕਾਬੂ ਕੀਤਾ। ਤਲਾਸ਼ੀ ਲੈਣ ’ਤੇ ਉਸ ਕੋਲੋਂ 2 ਗ੍ਰਾਮ ਹੈਰੋਇਨ ਬਰਾਮਦ ਹੋਈ।
ਵੱਖ-ਵੱਖ ਇਲਾਕਿਆਂ ਵਿੱਚ ਨਸ਼ਾ ਕਰਦੇ ਨੌਜਵਾਨ ਕਾਬੂ
ਥਾਣਾ ਸਲੇਮ ਟਾਬਰੀ ਪੁਲਿਸ ਨੇ ਪੀਰੂ ਬੰਦਾ ਮੁਹੱਲੇ ਦੇ ਪਿਛਲੇ ਪਾਸੇ ਰੇਲਵੇ ਲਾਈਨਾਂ ਨੇੜੇ ਕਾਰਵਾਈ ਕਰਦਿਆਂ ਕਰਨ ਕੁਮਾਰ ਨੂੰ ਕਾਬੂ ਕੀਤਾ। ਪੁਲਿਸ ਮੁਤਾਬਕ ਮੁਲਜ਼ਮ ਨਸ਼ਾ ਕਰਨ ਦਾ ਆਦੀ ਹੈ ਅਤੇ ਰੇਲਵੇ ਲਾਈਨਾਂ ਨੇੜੇ ਲੁਕ ਕੇ ਨਸ਼ੇ ਦਾ ਸੇਵਨ ਕਰ ਰਿਹਾ ਸੀ। ਉਸ ਕੋਲੋਂ ਇੱਕ ਲਾਈਟਰ, ਸਿਲਵਰ ਪੰਨੀ ਅਤੇ 10 ਰੁਪਏ ਦਾ ਨੋਟ ਬਰਾਮਦ ਹੋਇਆ। ਇੱਕ ਹੋਰ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ-3 ਦੀ ਪੁਲਿਸ ਨੇ ਕਸ਼ਮੀਰ ਨਗਰ ਪੁੱਲੀ ਨੇੜੇ ਸ਼ਮਸ਼ਾਨਘਾਟ ਕੋਲੋਂ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੂੰ ਕਾਬੂ ਕੀਤਾ। ਪੁਲਿਸ ਮੁਤਾਬਕ ਉਹ ਸ਼ਮਸ਼ਾਨਘਾਟ ਦੀ ਕੰਧ ਕੋਲ ਬੈਠ ਕੇ ਨਸ਼ੇ ਦਾ ਸੇਵਨ ਕਰ ਰਿਹਾ ਸੀ। ਤਲਾਸ਼ੀ ਦੌਰਾਨ ਉਸ ਕੋਲੋਂ ਇੱਕ ਲਾਈਟਰ, ਸਿਲਵਰ ਪੰਨੀ ਅਤੇ 10 ਰੁਪਏ ਦਾ ਨੋਟ ਬਰਾਮਦ ਹੋਇਆ। -ਸ਼ਮਸ਼ਾਨਘਾਟ ’ਚ ਨਸ਼ਾ ਕਰਦਾ ਨੌਜਵਾਨ ਗ੍ਰਿਫਤਾਰ ਥਾਣਾ ਦੁੱਗਰੀ ਪੁਲਿਸ ਨੇ ਫੇਜ਼-2 ਦੇ ਸ਼ਮਸ਼ਾਨਘਾਟ ਨੇੜੇ ਪਾਰਕ ਕੋਲੋਂ ਧਰਮਪਾਲ ਸਿੰਘ ਉਰਫ਼ ਦੀਪ ਨੂੰ ਕਾਬੂ ਕੀਤਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਗਸ਼ਤ ਕਰਦੀ ਹੋਈ ਪੁਲਿਸ ਜਿਵੇਂ ਹੀ ਸ਼ਮਸ਼ਾਨ ਘਾਟ ਦੇ ਲਾਗੇ ਲੰਘੀ ਤਾਂ ਉਸਨੇ ਦੇਖਿਆ ਕਿ ਨੌਜਵਾਨ ਨਸ਼ਾ ਕਰ ਰਿਹਾ ਸੀ। ੜ ਪੁਲਿਸ ਨੇ ਉਸ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸ ਦੇ ਕੋਲੋਂ ਨਸ਼ਾ ਕਰਨ ਵਾਲੀ ਸਮੱਗਰੀ ਬਰਾਮਦ ਹੋਈ।
ਇਕ ਹੋਰ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ-8 ਦੀ ਪੁਲਿਸ ਨੇ ਚੰਦਰ ਨਗਰ ਪੁੱਲੀ ਤੋਂ ਬੈਕਸਾਈਡ ਸ਼ਮਸ਼ਾਨਘਾਟ ਨਾਲ ਬਣੀ ਸੜਕ ’ਤੇ ਕਾਰਵਾਈ ਕਰਦਿਆਂ ਸ਼ੁਭਮ ਡੋਗਰਾ ਨੂੰ ਕਾਬੂ ਕੀਤਾ। ਪੁਲਿਸ ਮੁਤਾਬਕ ਨੌਜਵਾਨ ਸੜਕ ਦੇ ਖੱਬੇ ਪਾਸੇ ਨਸ਼ੇ ਦਾ ਸੇਵਨ ਕਰ ਰਿਹਾ ਸੀ। ਉਸ ਨੂੰ ਕਾਬੂ ਕਰਕੇ ਤਲਾਸ਼ੀ ਲਈ ਗਈ ਤਾਂ ਇੱਕ ਲਾਈਟਰ, ਸਿਲਵਰ ਪੰਨੀ ਅਤੇ 10 ਰੁਪਏ ਦਾ ਨੋਟ ਬਰਾਮਦ ਹੋਇਆ। ਪੁਲਿਸ ਦੀ ਇਸ ਲਗਾਤਾਰ ਕਾਰਵਾਈ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਨਸ਼ਿਆਂ ਦੀ ਸਪਲਾਈ ’ਤੇ ਰੋਕ ਲਗਾਉਣ ਦੇ ਨਾਲ-ਨਾਲ ਨਸ਼ੇ ਦਾ ਸੇਵਨ ਕਰਨ ਵਾਲਿਆਂ ’ਤੇ ਵੀ ਪੁਲਿਸ ਦੀ ਨਜ਼ਰ ਹੈ। ਵੱਖ-ਵੱਖ ਇਲਾਕਿਆਂ ਵਿੱਚ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਰਾਹੀਂ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਕਾਰਵਾਈ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ।