
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਹਿਮ ਖ਼ਬਰ-ਹਲਕਾ ਸਾਹਨੇਵਾਲ ਦੇ ਸਰਕਾਰੀ ਸਕੂਲਾਂ ਵਿੱਚ ਪਹੁੰਚੇ ਸਾਬਕਾ ਕੇਂਦਰੀ ਮੰਤਰੀ ਬਿੱਟੂ

-ਦੌਰੇ ਦੌਰਾਨ ਸੂਬਾ ਸਰਕਾਰ ਦੀ ਸਿੱਖਿਆ ਨੀਤੀ ਨੂੰ ਦੱਸਿਆ ਮਹਿਜ਼ ਡਰਾਮਾ
32) ਹਲਕਾ ਸਾਹਨੇਵਾਲ ਦੇ ਚੌਂਤਾ ਸਕੂਲ ਦਾ ਦੌਰਾ ਕਰਨ ਸਮੇਂ ਅਧਿਆਪਕ ਨਾਲ ਗੱਲ ਕਰਦੇ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ।
ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਅਧੀਨ ਪੈਂਦੇ ਪਿੰਡ ਚੌਂਤਾ ਅਤੇ ਮਿਆਣੀ ਦੇ ਸਰਕਾਰੀ ਸਕੂਲਾਂ ਵਿੱਚ ਪਹੁੰਚੇ। ਸਕੂਲਾਂ ਦਾ ਦੌਰਾ ਕਰਨ ਸਮੇਂ ਉਨ੍ਹਾਂ ਨੇ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਪੋਲ ਖੋਲ੍ਹੀ।
ਬਿੱਟੂ ਨੇ ਸਰਕਾਰੀ ਸਕੂਲਾਂ ਦਾ ਦੌਰਾ ਕਰਨ ਉਪਰੰਤ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਨੂੰ ਪ੍ਰਚਾਰ ਕ੍ਰਾਂਤੀ ਦਾ ਨਾਮ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦੇ ਨਾਂ ’ਤੇ ਸਿਰਫ ਆਪਣਾ ਪ੍ਰਚਾਰ ਕਰ ਰਹੀ ਹੈ, ਜਦੋਂ ਕਿ ਪੰਜਾਬ ਦੇ ਸਰਕਾਰੀ ਸਕੂਲ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝੇ ਹਨ। ਉਹਨਾਂ ਕਿਹਾ ਕਿ ਅੱਜ ਉਹ ਹਲਕਾ ਸਾਹਨੇਵਾਲ ਦੇ ਦੋ ਪਿੰਡਾਂ ਦੇ ਸਕੂਲਾਂ ਦੇ ਵਿੱਚ ਆਏ ਹਨ। ਇਕ ਸਕੂਲ ਦੇ ਵਿੱਚ 90 ਵਿਦਿਆਰਥੀਆਂ ਨੂੰ ਸਿਰਫ ਇਕ ਅਧਿਆਪਕ ਪੜ੍ਹਾ ਰਿਹਾ ਹੈ, ਜੋ ਸਾਨੂੰ ਸੋਚਣ ਤੇ ਮਜਬੂਰ ਕਰ ਦਿੰਦਾ ਹੈ ਕਿ ਜੇ ਸਕੂਲ ਦੇ ਅੰਦਰ ਅਧਿਆਪਕ ਤੇ ਸਟਾਫ ਹੀ ਪੂਰਾ ਨਹੀਂ ਹੈ, ਤਾਂ ਸਾਡੇ ਸਰਕਾਰੀ ਸਕੂਲ ਦੁਨੀਆਂ ਦੇ ਨਕਸ਼ੇ ਤੇ ਕਿਵੇਂ ਉਭਰ ਸਕਦੇ ਹਨ। ਇਸੇ ਤਰ੍ਹਾਂ ਹੀ ਉਹਨਾਂ ਕਿਹਾ ਕਿ ਦੂਜੇ ਸਕੂਲ ਦੇ ਵਿੱਚ ਨਾ ਤਾਂ ਪੀਣ ਵਾਲਾ ਪਾਣੀ ਹੈ, ਨਾ ਬੱਚਿਆਂ ਦੇ ਬੈਠਣ ਲਈ ਚੰਗੇ ਕਮਰੇ ਅਤੇ ਨਾ ਹੀ ਬਾਥਰੂਮ ਹਨ। ਫਿਰ ਜਦੋਂ ਅਜਿਹੀਆਂ ਸਹੂਲਤਾਂ ਵੀ ਸਕੂਲਾਂ ਵਿੱਚ ਨਾ ਹੋਣ, ਤਾਂ ਅਸੀਂ ਕਿਵੇਂ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਸਕਦੇ ਹਾਂ।
ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਨੂੰ ਸਵਾਲ ਕੀਤਾ ਕਿ ਉਹ ਕੁੱਝ ਚੋਣਵੇਂ ਸਕੂਲਾਂ ਨੂੰ ਵਿਗਿਆਪਨਾ ਅਤੇ ਬੋਰਡਾਂ ਦੇ ਵਿੱਚ ਵਰਤ ਰਹੇ ਹਨ ਜਦਕਿ ਸਰਕਾਰੀ ਸਕੂਲਾਂ ਦੇ ਜਮੀਨੀ ਹਾਲਾਤ ਸਰਕਾਰ ਦੇ ਅੰਕੜਿਆਂ ਤੋਂ ਬਿਲਕੁਲ ਉਲਟ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਸਰਕਾਰ ਦੀ ਸਿੱਖਿਆ ਨੂੰ ਲੈ ਕੇ ਗੁੰਮਰਾਹ ਕਰਨ ਵਾਲੀ ਨੀਤੀ ਨੂੰ ਕਿਸੇ ਵੀ ਤਰੀਕੇ ਨਾਲ ਸਫਲ ਨਹੀਂ ਹੋਣ ਦੇਵੇਗੀ। ਉਹ ਪੰਜਾਬ ਦੇ ਹਰ ਪਿੰਡ ਦੇ ਸਕੂਲ ਵਿੱਚ ਜਾ ਕੇ ਸਰਕਾਰੀ ਸਕੂਲਾਂ ਦੀ ਅਸਲ ਤਸਵੀਰ ਸਰਕਾਰ ਸਾਹਮਣੇ ਅਤੇ ਦੁਨੀਆਂ ਸਾਹਮਣੇ ਲੈ ਕੇ ਆਉਣਗੇ। ਉਹਨਾਂ ਕਿਹਾ ਕਿ ਸਰਕਾਰ ਨੂੰ ਸਰਕਾਰੀ ਸਕੂਲ ਤੇ ਸਿੱਖਿਆ ਨੂੰ ਆਪਣੀ ਮਸ਼ਹੂਰੀ ਲਈ ਨਹੀਂ ਵਰਤਣਾ ਚਾਹੀਦਾ। ਕਿਉਂਕਿ ਇਹ ਸਾਡੇ ਬੱਚਿਆਂ ਦੇ ਭਵਿੱਖ ਨਾਲ ਜੁੜਿਆ ਹੋਇਆ ਮੁੱਦਾ ਹੈ ਤੇ ਇਹੀ ਬੱਚਿਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਅੰਦਰ ਆਪਣੀਆਂ ਸੇਵਾਵਾਂ ਦੇਣੀਆਂ ਹਨ।