- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਿਰ ਮੰਡਰਾ ਰਿਹਾ ਹੜ੍ਹ ਦਾ ਖਤਰਾ! ਬੰਨਾਂ ਕੋਲ ਧੜੱਲੇ ਨਾਲ ਚੱਲ ਰਹੀ ਰੇਤ ਮਾਈਨਿੰਗ

-ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ 'ਤੇ ਉੱਠੇ ਗੰਭੀਰ ਸਵਾਲ
-ਜੇ ਬੰਨ੍ਹ ਟੁੱਟੇ ਤਾਂ ਸਰਕਾਰ ਹੋਵੇਗੀ ਜ਼ਿੰਮੇਵਾਰ : ਬੇਟ ਇਲਾਕਾ ਵਾਸੀ
ਜਗਦੀਪ, ਪੰਜਾਬੀ ਜਾਗਰਣ, ਭਾਮੀਆਂ ਕਲਾਂ
ਪਿਛਲੇ ਸਾਲ ਆਏ ਭਿਆਨਕ ਹੜ੍ਹ ਦੌਰਾਨ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਬੇਟ ਇਲਾਕੇ ਦੇ ਕਈ ਪਿੰਡਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ। ਬੰਨ੍ਹ ਟੁੱਟਣ ਕਾਰਨ ਘਰਾਂ, ਫ਼ਸਲਾਂ ਅਤੇ ਲੋਕਾਂ ਦੀ ਰੋਜ਼ੀ-ਰੋਟੀ 'ਤੇ ਗੰਭੀਰ ਅਸਰ ਪਿਆ ਸੀ। ਹੁਣ ਇੱਕ ਵਾਰ ਫਿਰ ਬਰਸਾਤੀ ਮੌਸਮ ਸ਼ੁਰੂ ਹੋਣ ਨਾਲ ਇਲਾਕੇ ਦੇ ਲੋਕਾਂ ਵਿੱਚ ਉਹੀ ਡਰ ਵਾਪਸ ਪੈਦਾ ਹੋ ਗਿਆ ਹੈ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਹਾਲਾਤ ਪਿਛਲੇ ਸਾਲ ਵਰਗੇ ਬਣ ਰਹੇ ਹਨ, ਪਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਕੋਈ ਪ੍ਰਭਾਵਸ਼ਾਲੀ ਕਦਮ ਨਹੀਂ ਚੁੱਕਿਆ ਗਿਆ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਬਰਸਾਤੀ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਮਾਈਨਿੰਗ ਵਿਭਾਗ ਨੇ ਦਰਿਆ ਵਿੱਚ ਰੇਤ ਦੀ ਖੁਦਾਈ 'ਤੇ ਪਾਬੰਦੀ ਲਗਾਈ ਹੋਈ ਹੈ, ਪਰ ਜਮਾਲਪੁਰ ਲੇਲੀ, ਕਾਸਾਬਾਦ, ਬੂਥਗੜ੍ਹ, ਸਸਰਾਲੀ ਕਾਲੋਨੀ, ਬੂਟਾ ਪਿੰਡ, ਮੰਡ ਚੌਂਤਾ, ਢੋਲਣਵਾਲ, ਬਲੀਏਵਾਲ ਅਤੇ ਹੋਰ ਬੇਟ ਇਲਾਕਿਆਂ ਦੇ ਬੰਨਾਂ ਕੋਲ ਕਥਿਤ ਤੌਰ 'ਤੇ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਬੇਰੋਕ-ਟੋਕ ਜਾਰੀ ਹੈ। ਪਿੰਡ ਵਾਸੀਆਂ ਅਨੁਸਾਰ ਉਹ ਇਸ ਸਬੰਧੀ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਦੇ ਚੁੱਕੇ ਹਨ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਉਨ੍ਹਾਂ ਦਾ ਦੋਸ਼ ਹੈ ਕਿ ਗੈਰ-ਕਾਨੂੰਨੀ ਮਾਈਨਿੰਗ ਕਾਰਨ ਬੰਨ੍ਹ ਕਮਜ਼ੋਰ ਹੋ ਰਹੇ ਹਨ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਹੜ੍ਹ ਦਾ ਖਤਰਾ ਹੋਰ ਵੱਧ ਸਕਦਾ ਹੈ।
ਜ਼ਿਲ੍ਹਾ ਪਰਿਸ਼ਦ ਮੈਂਬਰ ਤਾਜ ਪਰਮਿੰਦਰ ਸਿੰਘ ਸੋਨੂ ਨੇ ਕਿਹਾ ਕਿ ਸਸਰਾਲੀ ਕਾਲੋਨੀ ਨੇੜੇ ਬੰਨ੍ਹ ਤੋਂ ਹੀ ਮਿੱਟੀ ਅਤੇ ਰੇਤ ਕੱਢੀ ਜਾ ਰਹੀ ਹੈ, ਜਿਸ ਨਾਲ ਸੁਰੱਖਿਆ ਬੰਨ੍ਹ ਦੀ ਮਜ਼ਬੂਤੀ ਪ੍ਰਭਾਵਿਤ ਹੋ ਰਹੀ ਹੈ। ਪਿਛਲੇ ਇੱਕ ਸਾਲ ਦੌਰਾਨ ਸਰਕਾਰ ਵੱਲੋਂ ਬੰਨਾਂ ਨੂੰ ਮਜ਼ਬੂਤ ਕਰਨ ਲਈ ਕੋਈ ਢੁੱਕਵਾਂ ਕੰਮ ਨਹੀਂ ਕੀਤਾ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਇਸ ਵਾਰ ਵੀ ਬੰਨ੍ਹ ਟੁੱਟੇ ਤਾਂ ਬੇਟ ਇਲਾਕੇ ਵਿੱਚ ਵੱਡੀ ਤਬਾਹੀ ਆ ਸਕਦੀ ਹੈ, ਜਿਸ ਦੀ ਜ਼ਿੰਮੇਵਾਰੀ ਸਰਕਾਰ ਤੇ ਸਬੰਧਿਤ ਵਿਭਾਗਾਂ ਦੀ ਹੋਵੇਗੀ। ਪਿੰਡ ਵਾਸੀਆਂ ਨਛੱਤਰ ਸਿੰਘ, ਅਮੀਰ ਸਿੰਘ, ਜੋਰਾ ਸਿੰਘ, ਸ਼ੇਰ ਸਿੰਘ, ਗੁਰਬਚਨ ਸਿੰਘ, ਅਮਰ ਸਿੰਘ,ਦਰਬਾਰਾ ਸਿੰਘ ਅਤੇ ਹੋਰਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਥਿਤ ਗੈਰ-ਕਾਨੂੰਨੀ ਮਾਈਨਿੰਗ 'ਤੇ ਤੁਰੰਤ ਰੋਕ ਲਾਈ ਜਾਵੇ ਅਤੇ ਜੇਕਰ ਕਿਸੇ ਅਧਿਕਾਰੀ ਦੀ ਮਿਲੀਭੁਗਤ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇ।