- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਦੀ ਬੌਟਮ:ਦਾਣਾ ਮੰਡੀ ਚ ਫ਼ਸਲ ਲੈ ਕੇ ਆਏ ਕਿਸਾਨਾਂ ਨੂੰ ਗੰਦਗੀ ਨੇ ਕੀਤਾ ਪਰੇਸ਼ਾਨ

-ਪਿਛਲੇ ਸੀਜ਼ਨ ਨਾਲੋਂ ਫ਼ਸਲ ਦਾ ਵਧਿਆ ਝਾੜ, ਮੰਡੀ ਦੇ ਪ੍ਰਬੰਧਾਂ ’ਤੇ ਉੱਠੇ ਸਵਾਲ
ਫ਼ੋਟੋ ਨੰਬਰ:54, 55, 56
ਗੌਰਵ ਕੁਮਾਰ ਸਲੂਜਾ, ਪੰਜਾਬੀ ਜਾਗਰਣ, ਲੁਧਿਆਣਾ
ਲੁਧਿਆਣਾ ਦੀਆ ਵੱਖ ਵੱਖ ਦਾਣਾ ਮੰਡੀਆ ਵਿੱਚ ਝੋਨੇ ਦੀ ਫਸਲ ਦੀ ਆਮਦ ਸ਼ੁਰੂ ਹੋਣ ਨਾਲ ਕਿਸਾਨਾਂ ਦੀ ਚਹਿਲ-ਪਹਿਲ ਵਧ ਗਈ ਹੈ। ਵੱਖ-ਵੱਖ ਪਿੰਡਾਂ ਤੋਂ ਕਿਸਾਨ ਟਰਾਲੀਆਂ ਵਿੱਚ ਆਪਣੀ ਫਸਲ ਲੈ ਕੇ ਮੰਡੀ ਪਹੁੰਚ ਰਹੇ ਹਨ। ਇਸ ਵਾਰ ਮੌਸਮ ਦੀ ਮਿਹਰ ਤੇ ਫਸਲ ਦੀ ਹਾਲਤ ਨੂੰ ਦੇਖਦਿਆਂ ਕਈ ਕਿਸਾਨ ਪਿਛਲੇ ਸੀਜ਼ਨ ਦੇ ਮੁਕਾਬਲੇ ਝੋਨੇ ਦਾ ਝਾੜ ਵਧੀਆ ਰਹਿਣ ਦੀ ਗੱਲ ਕਹਿ ਰਹੇ ਹਨ।
ਕਿਸਾਨਾਂ ਮੁਤਾਬਕ ਜੇਕਰ ਖਰੀਦ ਪ੍ਰਬੰਧ ਸੁਚੱਜੇ ਰਹੇ ਤਾਂ ਇਸ ਵਾਰ ਉਨ੍ਹਾਂ ਨੂੰ ਫਸਲ ਤੋਂ ਚੰਗੀ ਆਮਦਨ ਦੀ ਉਮੀਦ ਹੈ। ਹਾਲਾਂਕਿ ਫਸਲ ਦੀ ਆਮਦ ਨਾਲ ਮੰਡੀ ਦੇ ਪ੍ਰਬੰਧਾਂ ਦੀਆਂ ਕਮੀਆਂ ਵੀ ਸਾਹਮਣੇ ਆਉਣ ਲੱਗੀਆਂ ਹਨ। ਮਾਰਕੀਟ ਕਮੇਟੀ ਵੱਲੋਂ ਕਿਸਾਨਾਂ ਲਈ ਪੀਣ ਵਾਲੇ ਪਾਣੀ, ਪਖਾਨਿਆਂ ਅਤੇ ਸਫ਼ਾਈ ਸਮੇਤ ਹੋਰ ਬੁਨਿਆਦੀ ਸਹੂਲਤਾਂ ਦੇ ਪ੍ਰਬੰਧ ਕੀਤੇ ਜਾਣ ਦੀ ਗੱਲ ਕਹੀ ਜਾਂਦੀ ਹੈ, ਪਰ ਮੰਡੀ ਵਿੱਚ ਪਹੁੰਚੇ ਕਿਸਾਨਾਂ ਨੂੰ ਕਈ ਥਾਵਾਂ ’ਤੇ ਗੰਦਗੀ ਤੇ ਕੂੜੇ ਦੇ ਢੇਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੁਧਿਆਣਾ ਦੇ ਜਮਾਲਪੁਰ ਲੇਲੀ ਤੋਂ ਝੋਨੇ ਦੀ ਫਸਲ ਲੈ ਕੇ ਦਾਣਾ ਮੰਡੀ ਪਹੁੰਚੇ ਕਿਸਾਨ ਬਲਬੀਰ ਸਿੰਘ ਨੇ ਦੱਸਿਆ ਕਿ ਉਹ ਅੱਜ ਹੀ ਆਪਣੀ ਫਸਲ ਲੈ ਕੇ ਮੰਡੀ ਵਿੱਚ ਆਏ ਹਨ। ਉਨ੍ਹਾਂ ਕਿਹਾ ਕਿ ਫਸਲ ਰੱਖਣ ਲਈ ਜਦੋਂ ਜਗ੍ਹਾ ਦੇਖੀ ਤਾਂ ਉੱਥੇ ਕੂੜਾ ਪਿਆ ਹੋਇਆ ਸੀ। ਫਸਲ ਰੱਖਣ ਲਈ ਉਨ੍ਹਾਂ ਨੂੰ ਖੁਦ ਹੀ ਕੂੜਾ ਹਟਾ ਕੇ ਜਗ੍ਹਾ ਸਾਫ਼ ਕਰਨੀ ਪਈ। ਕਿਸਾਨ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਦੀ ਫਸਲ ਦਾ ਝਾੜ ਪਿਛਲੇ ਸੀਜ਼ਨ ਨਾਲੋਂ ਵਧੀਆ ਰਿਹਾ ਹੈ, ਜਿਸ ਕਾਰਨ ਉਹ ਖੁਸ਼ ਹਨ, ਪਰ ਮੰਡੀ ਵਿੱਚ ਪਹੁੰਚ ਕੇ ਜੇਕਰ ਸਫ਼ਾਈ ਵਰਗੀਆਂ ਮੁੱਢਲੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇ ਤਾਂ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਹੋਣੇ ਸੁਭਾਵਿਕ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀ ਵਿੱਚ ਫਸਲ ਲੈ ਕੇ ਆਉਣ ਤੋਂ ਬਾਅਦ ਉਨ੍ਹਾਂ ਦੀ ਸਭ ਤੋਂ ਵੱਡੀ ਉਮੀਦ ਹੁੰਦੀ ਹੈ ਕਿ ਫਸਲ ਦੀ ਤੋਲ ਅਤੇ ਖਰੀਦ ਸਮੇਂ ਸਿਰ ਹੋਵੇ, ਤਾਂ ਜੋ ਉਨ੍ਹਾਂ ਨੂੰ ਕਈ-ਕਈ ਘੰਟੇ ਜਾਂ ਦਿਨ ਮੰਡੀ ਵਿੱਚ ਨਾ ਬੈਠਣਾ ਪਵੇ। ਇਸ ਦੇ ਨਾਲ ਹੀ ਮੰਡੀ ਵਿੱਚ ਸਾਫ਼-ਸੁਥਰਾ ਵਾਤਾਵਰਨ, ਪੀਣ ਵਾਲਾ ਪਾਣੀ ਤੇ ਪਖਾਨਿਆਂ ਦੀ ਸਹੂਲਤ ਵੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਮੰਡੀ ਵਿੱਚ ਆਉਣ ਵਾਲੇ ਕਿਸਾਨਾਂ ਦੀ ਗਿਣਤੀ ਆਉਣ ਵਾਲੇ ਦਿਨਾਂ ਵਿੱਚ ਹੋਰ ਵਧਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਮੰਡੀ ਕਮੇਟੀ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੋਵੇਗੀ ਕਿ ਵਧਦੀ ਫਸਲ ਦੀ ਆਮਦ ਦੇ ਨਾਲ ਸਫ਼ਾਈ ਅਤੇ ਹੋਰ ਬੁਨਿਆਦੀ ਪ੍ਰਬੰਧ ਵੀ ਉਸੇ ਅਨੁਪਾਤ ਵਿੱਚ ਬਣੇ ਰਹਿਣ। ਕਿਸਾਨਾਂ ਦਾ ਕਹਿਣਾ ਹੈ ਕਿ ਫਸਲ ਦਾ ਝਾੜ ਵਧੀਆ ਹੋਣਾ ਉਨ੍ਹਾਂ ਲਈ ਰਾਹਤ ਦੀ ਗੱਲ ਹੈ, ਪਰ ਮੰਡੀ ਵਿੱਚ ਸੁਚੱਜੇ ਪ੍ਰਬੰਧ ਮਿਲਣ ਤਾਂ ਹੀ ਉਨ੍ਹਾਂ ਦੀ ਮਿਹਨਤ ਦਾ ਸਹੀ ਲਾਭ ਮਿਲ ਸਕੇਗਾ। ਇਸ ਲਈ ਹੁਣ ਲੋੜ ਹੈ ਕਿ ਮੰਡੀ ਵਿੱਚ ਪਏ ਕੂੜੇ ਦੇ ਢੇਰਾਂ ਨੂੰ ਤੁਰੰਤ ਹਟਾਇਆ ਜਾਵੇ, ਸਫ਼ਾਈ ਦਾ ਨਿਯਮਤ ਪ੍ਰਬੰਧ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਿੱਚ ਕੋਈ ਕਮੀ ਨਾ ਰਹੇ। ਨਾਲ ਹੀ ਖਰੀਦ ਪ੍ਰਕਿਰਿਆ ਨੂੰ ਤੇਜ਼ ਰੱਖਣਾ ਵੀ ਜ਼ਰੂਰੀ ਹੈ, ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਲੈ ਕੇ ਮੰਡੀ ਵਿੱਚ ਬੇਲੋੜੀ ਖੱਜਲ-ਖੁਆਰੀ ਨਾ ਝੱਲਣੀ ਪਵੇ।
-ਬਾਕਸ-
-ਮਾਰਕੀਟ ਕਮੇਟੀ ਨੇ ਕਿਸਾਨਾਂ ਲਈ ਪੁਖਤਾ ਪ੍ਰਬੰਧ ਕੀਤੇ-ਸਕੱਤਰ
56) ਸਕੱਤਰ ਗੁਰਦੀਪ ਸਿੰਘ ਖੰਗੂੜਾ।
ਮਾਰਕੀਟ ਕਮੇਟੀ ਦੇ ਸਕੱਤਰ ਗੁਰਦੀਪ ਸਿੰਘ ਖੰਗੂੜਾ ਨੇ ਦੱਸਿਆ ਕਿ ਮੰਡੀ ਵਿੱਚ ਕਿਸਾਨਾਂ ਦੀ ਸਹੂਲਤ ਲਈ ਮਾਰਕੀਟ ਕਮੇਟੀ ਵੱਲੋਂ ਪੀਣ ਵਾਲੇ ਪਾਣੀ, ਪਖਾਨਿਆਂ ਅਤੇ ਸਫ਼ਾਈ ਸਮੇਤ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਫਸਲ ਦੀ ਆਮਦ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੰਡੀ ਦੀ ਸਫ਼ਾਈ ਕਰਵਾ ਕੇ ਕਿਸਾਨਾਂ ਨੂੰ ਸਾਫ਼-ਸੁਥਰੀ ਜਗ੍ਹਾ ਮੁਹੱਈਆ ਕਰਵਾਈ ਗਈ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਮੰਡੀ ਵਿੱਚ ਜਿਹੜਾ ਫੂਸ ਜਾਂ ਪਰਾਲੀ ਆਦਿ ਦਿਖਾਈ ਦਿੰਦਾ ਹੈ, ਉਹ ਕਿਸੇ ਬਾਹਰੋਂ ਆਏ ਕੂੜੇ ਦੇ ਢੇਰ ਨਹੀਂ ਹਨ, ਸਗੋਂ ਕਿਸਾਨਾਂ ਵੱਲੋਂ ਮੰਡੀ ਵਿੱਚ ਲਿਆਂਦੀ ਗਈ ਫਸਲ ਵਿੱਚੋਂ ਨਿਕਲਣ ਵਾਲਾ ਫੂਸ ਹੈ। ਕਿਸਾਨ ਆਪਣੀ ਫਸਲ ਵਿੱਚੋਂ ਨਿਕਲਣ ਵਾਲੇ ਇਸ ਫੂਸ ਨੂੰ ਆਪਣੇ ਪੱਧਰ ’ਤੇ ਵੇਚਦੇ ਹਨ ਅਤੇ ਇਸ ਦੀ ਸਫ਼ਾਈ ਵੀ ਸਬੰਧਤ ਕਿਸਾਨ ਵੱਲੋਂ ਹੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਵੱਲੋਂ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਉਣ ਦੇਣ ਲਈ ਲੁੜੀਂਦੇ ਪ੍ਰਬੰਧ ਕੀਤੇ ਹੋਏ ਹਨ ਅਤੇ ਮੰਡੀ ਵਿੱਚ ਸਫ਼ਾਈ ਸਮੇਤ ਹੋਰ ਸਹੂਲਤਾਂ ਵੱਲ ਵੀ ਲਗਾਤਾਰ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸਹੂਲਤ ਤੇ ਫਸਲ ਦੀ ਸੁਚੱਜੀ ਖਰੀਦ ਨੂੰ ਲੈ ਕੇ ਮਾਰਕੀਟ ਕਮੇਟੀ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।